NHM ਮੁਲਾਜ਼ਮਾਂ ਦੀ ਹੜਤਾਲ ਹੋਵੇਗੀ ਹੋਰ ਤਿੱਖੀ; 24 ਤੋਂ 28 ਅਗਸਤ ਤੱਕ ਸਰਕਾਰ ਖ਼ਿਲਾਫ਼ ਵੱਡਾ ਸੰਘਰਸ਼ ਕਰਨ ਦਾ ਐਲਾਨ

ਇਸ ਸਬੰਧੀ ਯੂਨੀਅਨ ਵੱਲੋਂ ਜਾਰੀ ਪੱਤਰ ਵਿੱਚ 24 ਅਗਸਤ ਤੋਂ 28 ਅਗਸਤ 2026 ਤੱਕ ਵੱਖ-ਵੱਖ ਪੜਾਵਾਂ ਵਿੱਚ ਸੰਘਰਸ਼ ਦੀ ਰੂਪ-ਰੇਖਾ ਜਾਰੀ ਕੀਤੀ ਗਈ ਹੈ।

By  Aarti August 24th 2026 03:50 PM

NHM employees strike News : ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਇੰਪਲੋਈਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਸੂ ਬਾ ਪ੍ਰਧਾਨ ਸੰਦੀਪ ਕੌਰ ਨੇ  ਸਪੱਸ਼ਟ ਕੀਤਾ ਹੈ ਕਿ ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਠੋਸ ਅਤੇ ਤਸੱਲੀਬਖ਼ਸ਼ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵਿਆਪਕ ਅਤੇ ਤਿੱਖਾ ਰੂਪ ਦਿੱਤਾ ਜਾਵੇਗਾ। ਇਸ ਸਬੰਧੀ ਯੂਨੀਅਨ ਵੱਲੋਂ ਜਾਰੀ ਪੱਤਰ ਵਿੱਚ 24 ਅਗਸਤ ਤੋਂ 28 ਅਗਸਤ 2026 ਤੱਕ ਵੱਖ-ਵੱਖ ਪੜਾਵਾਂ ਵਿੱਚ ਸੰਘਰਸ਼ ਦੀ ਰੂਪ-ਰੇਖਾ ਜਾਰੀ ਕੀਤੀ ਗਈ ਹੈ।

ਸੰਘਰਸ਼ ਦੀ ਰੂਪ-ਰੇਖਾ ਜਾਰੀ ਕੀਤੀ

ਯੂਨੀਅਨ ਨੇ ਕਿਹਾ ਕਿ ਪੰਜਾਬ ਦੇ ਸਮੂਹ ਐਨ.ਐਚ.ਐਮ. ਮੁਲਾਜ਼ਮ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਚੱਲ ਰਹੇ ਹਨ ਅਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਨਾਲ 24 ਅਗਸਤ 2026 ਨੂੰ ਇੱਕ ਪੈਨਲ ਮੀਟਿੰਗ ਤੈਅ ਕੀਤੀ ਗਈ ਸੀ, ਜਿਸ ਦੌਰਾਨ ਯੂਨੀਅਨ ਨੂੰ ਉਮੀਦ ਸੀ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਗੰਭੀਰਤਾ ਨਾਲ ਹੱਲ ਕੱਢਿਆ ਜਾਵੇਗਾ। ਪਰ ਯੂਨੀਅਨ ਅਨੁਸਾਰ ਸਰਕਾਰ ਵੱਲੋਂ ਇਹ ਮੀਟਿੰਗ 24 ਅਗਸਤ ਦੀ ਬਜਾਏ ਹੁਣ 28 ਅਗਸਤ 2026 ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਸੰਘਰਸ਼ ਕਰ ਰਹੇ ਮੁਲਾਜ਼ਮਾਂ ਵਿੱਚ ਹੋਰ ਵਧਿਆ ਰੋਸ 

ਯੂਨੀਅਨ ਨੇ ਸਰਕਾਰ ਦੇ ਇਸ ਫੈਸਲੇ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਮੀਟਿੰਗ ਨੂੰ ਮੁਲਤਵੀ ਕਰਨ ਨਾਲ ਪਹਿਲਾਂ ਤੋਂ ਹੀ ਸੰਘਰਸ਼ ਕਰ ਰਹੇ ਮੁਲਾਜ਼ਮਾਂ ਵਿੱਚ ਰੋਸ ਹੋਰ ਵਧਿਆ ਹੈ। ਪੱਤਰ ਅਨੁਸਾਰ ਪਿਛਲੇ ਦਿਨੀਂ ਪੰਜਾਬ ਦੇ ਪ੍ਰਮੁੱਖ ਸਿਹਤ ਸਕੱਤਰ ਨਾਲ ਹੋਈ ਮੀਟਿੰਗ ਦੌਰਾਨ ਐਨ.ਐਚ.ਐਮ. ਮੁਲਾਜ਼ਮਾਂ ਦੀਆਂ ਮੰਗਾਂ ’ਤੇ ਚਰਚਾ ਹੋਈ ਸੀ ਅਤੇ ਉਸ ਸਮੇਂ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਮਸਲੇ ਦੇ ਹੱਲ ਲਈ ਮੁੜ ਮੀਟਿੰਗ ਕੀਤੀ ਜਾਵੇਗੀ। ਇਸੇ ਭਰੋਸੇ ਦੇ ਆਧਾਰ ’ਤੇ ਯੂਨੀਅਨ ਨੇ ਅਗਲੀ ਮੀਟਿੰਗ ਦੀ ਉਡੀਕ ਕੀਤੀ, ਪਰ ਮੀਟਿੰਗ ਮੁਲਤਵੀ ਹੋਣ ਕਾਰਨ ਮੁਲਾਜ਼ਮਾਂ ਵਿੱਚ ਬੇਚੈਨੀ ਪੈਦਾ ਹੋਈ ਹੈ।

ਸਰਕਾਰ ਦੀ ਕਾਰਗੁਜ਼ਾਰੀ ’ਤੇ ਵੀ ਚੁੱਕੇ ਸਵਾਲ

ਯੂਨੀਅਨ ਨੇ ਕਿਹਾ ਕਿ ਐਨ.ਐਚ.ਐਮ. ਮੁਲਾਜ਼ਮ ਸਿਹਤ ਵਿਭਾਗ ਦੀ ਜ਼ਮੀਨੀ ਪੱਧਰ ’ਤੇ ਸਿਹਤ ਸੇਵਾਵਾਂ ਨੂੰ ਸੁਚਾਰੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹ ਦੂਰ-ਦਰਾਜ਼ ਅਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ, ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਲੋਕ-ਭਲਾਈ ਨਾਲ ਜੁੜੇ ਅਨੇਕਾਂ ਮਹੱਤਵਪੂਰਨ ਕੰਮਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀਆਂ ਸੇਵਾ-ਸਬੰਧੀ ਅਤੇ ਰੋਜ਼ਗਾਰ ਸਬੰਧੀ ਮੰਗਾਂ ਦਾ ਲੰਬੇ ਸਮੇਂ ਤੋਂ ਸਥਾਈ ਹੱਲ ਨਾ ਹੋਣਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ।

ਯੂਨੀਅਨ ਆਗੂਆ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਵੱਲੋਂ ਮੀਟਿੰਗ ਨੂੰ 28 ਅਗਸਤ ਤੱਕ ਅੱਗੇ ਪਾਉਣ ਦੇ ਫੈਸਲੇ ਦੇ ਮੱਦੇਨਜ਼ਰ ਹੁਣ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਪੰਜਾਬ ਬੰਦ ਦਾ ਸੰਕੇਤਕ ਰੂਪ ਵਿੱਚ ਸਮਰਥਨ ਕੀਤਾ

ਇਸ ਮੌਕੇ ਯੂਨੀਅਨ ਵੱਲੋਂ ਪੰਜਾਬ ਬੰਦ ਦਾ ਸੰਕੇਤਕ ਰੂਪ ਵਿੱਚ ਸਮਰਥਨ ਕੀਤਾ ਜਾਵੇਗਾ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੱਲ ਰਹੇ ਰੋਸ ਪ੍ਰਦਰਸ਼ਨਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।  ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮੀਟਿੰਗ ਨੂੰ ਮੁੜ ਅੱਗੇ ਨਾ ਪਾਇਆ ਜਾਵੇ ਅਤੇ ਮੀਟਿੰਗ ਦੌਰਾਨ ਸਿਰਫ਼ ਭਰੋਸਿਆਂ ਦੀ ਬਜਾਏ ਮੰਗਾਂ ਦੇ ਹੱਲ ਲਈ ਠੋਸ ਅਤੇ ਲਿਖਤੀ ਫੈਸਲੇ ਕੀਤੇ ਜਾਣ।

'ਮੰਗਾਂ ’ਤੇ ਫੈਸਲੇ ਨਾ ਹੋਣ ਕਾਰਨ ਮੁਲਾਜ਼ਮਾਂ ਵਿੱਚ ਵਿਆਪਕ ਰੋਸ'

ਐਨ.ਐਚ.ਐਮ. ਇੰਪਲੋਈਜ਼ ਯੂਨੀਅਨ ਪੰਜਾਬ ਨੇ ਸਪੱਸ਼ਟ ਕੀਤਾ ਹੈ ਕਿ ਮੁਲਾਜ਼ਮ ਲੰਬੇ ਸਮੇਂ ਤੋਂ ਸਰਕਾਰ ਦੇ ਭਰੋਸਿਆਂ ’ਤੇ ਵਿਸ਼ਵਾਸ ਕਰਦੇ ਹੋਏ ਆਪਣੇ ਕੰਮਕਾਜ ਨੂੰ ਜਾਰੀ ਰੱਖਦੇ ਆ ਰਹੇ ਹਨ, ਪਰ ਵਾਰ-ਵਾਰ ਮੀਟਿੰਗਾਂ ਟਲਣ ਅਤੇ ਮੰਗਾਂ ’ਤੇ ਠੋਸ ਫੈਸਲੇ ਨਾ ਹੋਣ ਕਾਰਨ ਹੁਣ ਮੁਲਾਜ਼ਮਾਂ ਵਿੱਚ ਵਿਆਪਕ ਰੋਸ ਹੈ। ਯੂਨੀਅਨ ਦਾ ਕਹਿਣਾ ਹੈ ਕਿ ਐਨ.ਐਚ.ਐਮ. ਤਹਿਤ ਕੰਮ ਕਰ ਰਹੇ ਹਜ਼ਾਰਾਂ ਮੁਲਾਜ਼ਮਾਂ ਦੇ ਭਵਿੱਖ ਅਤੇ ਸੇਵਾ ਸੁਰੱਖਿਆ ਨਾਲ ਜੁੜੇ ਮਸਲਿਆਂ ਨੂੰ ਹੁਣ ਹੋਰ ਲੰਬੇ ਸਮੇਂ ਤੱਕ ਅਣਡਿੱਠਾ ਨਹੀਂ ਕੀਤਾ ਜਾ ਸਕਦਾ। 

ਯੂਨੀਅਨ ਦੀ ਪੰਜਾਬ ਸਰਕਾਰ ਨੂੰ ਅਪੀਲ 

ਯੂਨੀਅਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੁਲਾਜ਼ਮਾਂ ਦੇ ਸੰਘਰਸ਼ ਨੂੰ ਟਕਰਾਅ ਦਾ ਰੂਪ ਦੇਣ ਦੀ ਬਜਾਏ ਸਾਰਥਕ ਗੱਲਬਾਤ ਰਾਹੀਂ ਮਸਲਾ ਹੱਲ ਕੀਤਾ ਜਾਵੇ। ਸਰਕਾਰ ਵੱਲੋਂ ਜੇਕਰ 28 ਅਗਸਤ ਦੀ ਮੀਟਿੰਗ ਵਿੱਚ ਮੰਗਾਂ ’ਤੇ ਸਕਾਰਾਤਮਕ, ਨਿਆਂਸੰਗਤ ਅਤੇ ਤਸੱਲੀਬਖ਼ਸ਼ ਫੈਸਲਾ ਲਿਆ ਜਾਂਦਾ ਹੈ ਤਾਂ ਸੰਘਰਸ਼ ਨੂੰ ਖਤਮ ਕਰਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਪਰ ਜੇਕਰ ਮੁੜ ਸਿਰਫ਼ ਸਮਾਂ ਲੈਣ, ਮੀਟਿੰਗਾਂ ਨੂੰ ਟਾਲਣ ਜਾਂ ਬੇਅਰਥ ਭਰੋਸਿਆਂ ਨਾਲ ਮਾਮਲਾ ਲਟਕਾਇਆ ਗਿਆ ਤਾਂ ਐਨ.ਐਚ.ਐਮ. ਮੁਲਾਜ਼ਮ ਸੰਘਰਸ਼ ਨੂੰ ਹੋਰ ਵਿਆਪਕ ਅਤੇ ਤਿੱਖਾ ਕਰਨ ਲਈ ਮਜਬੂਰ ਹੋਣਗੇ।

ਯੂਨੀਅਨ ਨੇ ਸਮੂਹ ਐਨ.ਐਚ.ਐਮ. ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਕਜੁੱਟ ਹੋ ਕੇ ਸੰਘਰਸ਼ ਦੇ ਹਰੇਕ ਪੜਾਅ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸਾਂਝੀ ਆਵਾਜ਼ ਬੁਲੰਦ ਕਰਨ।

ਇਹ ਵੀ ਪੜ੍ਹੋ  : Punjab Maha Bandh 27 August : ਪੰਜਾਬ 'ਮਹਾ-ਬੰਦ' ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਕੀਤੀ ਗਈ ਮੀਟਿੰਗ, ਜਾਣੋ ਕੀ ਹਨ ਇਨ੍ਹਾਂ ਦੀਆਂ ਮੰਗਾਂ

Related Post