Moga : ਮੋਗਾ ਚ ਜ਼ਹਿਰੀਲੀ ਗੈਸ ਦਾ ਕਹਿਰ, 20 ਫੁੱਟ ਡੂੰਘੇ ਖੂਹ ਤਿੰਨ ਮਜ਼ਦੂਰ ਬੇਹੋਸ਼, ਇੱਕ ਦੀ ਮੌਤ
Moga : ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਿੰਨ ਮਜ਼ਦੂਰ ਕਰੀਬ 20 ਫੁੱਟ ਡੂੰਘੇ ਖੂਹ ਵਿੱਚ ਉਤਰ ਕੇ ਐਲੀਵੇਟਰ ਦੀ ਸਫ਼ਾਈ ਕਰ ਰਹੇ ਸਨ ਅਤੇ ਉੱਥੇ ਮੌਜੂਦ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆ ਕੇ ਬੇਹੋਸ਼ ਹੋ ਗਏ।
Moga : ਮੋਗਾ ਦੇ ਧਰਮਕੋਟ ਅਧੀਨ ਪੈਂਦੇ ਪਿੰਡ ਲੋਹਗੜ੍ਹ ਸਥਿਤ ਜੇਬੀ ਸ਼ੈਲਰ ਵਿੱਚ ਐਲੀਵੇਟਰ ਦੀ ਸਫ਼ਾਈ ਦੌਰਾਨ ਵਾਪਰੇ ਹਾਦਸੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਦੋ ਹੋਰ ਮਜ਼ਦੂਰਾਂ ਦੀ ਜਾਨ ਬਚ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਿੰਨ ਮਜ਼ਦੂਰ ਕਰੀਬ 20 ਫੁੱਟ ਡੂੰਘੇ ਖੂਹ ਵਿੱਚ ਉਤਰ ਕੇ ਐਲੀਵੇਟਰ ਦੀ ਸਫ਼ਾਈ ਕਰ ਰਹੇ ਸਨ ਅਤੇ ਉੱਥੇ ਮੌਜੂਦ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆ ਕੇ ਬੇਹੋਸ਼ ਹੋ ਗਏ।
ਦੋ ਮਜਦੂਰਾਂ ਦੀ ਬਚੀ ਜਾਨ
ਘਟਨਾ ਦੀ ਸੂਚਨਾ ਮਿਲਣ 'ਤੇ 108 ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਕਾਫ਼ੀ ਮੁਸ਼ੱਕਤ ਅਤੇ ਰਾਹਤ ਕਾਰਜਾਂ ਤੋਂ ਬਾਅਦ ਤਿੰਨਾਂ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਗੁਰਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਬਾਕੀ ਦੋ ਮਜ਼ਦੂਰਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ।
ਐਲੀਵੇਟਰ ਦੀ ਸਫਾਈ ਕਰ ਰਹੇ ਸਨ ਮਜਦੂਰ
ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਮਜ਼ਦੂਰ ਜਸਪ੍ਰੀਤ ਸਿੰਘ ਵਾਸੀ ਘੱਲਕਲਾਂ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਸ਼ੈਲਰ ਵਿੱਚ ਐਲੀਵੇਟਰ ਦੀ ਸਫ਼ਾਈ ਕਰਨ ਗਏ ਸਨ। ਸਫ਼ਾਈ ਦੌਰਾਨ ਜਿਵੇਂ ਹੀ ਉਹ ਖੂਹ ਵਿੱਚ ਹੇਠਾਂ ਉਤਰੇ ਤਾਂ ਉੱਥੇ ਮੌਜੂਦ ਜ਼ਹਿਰੀਲੀ ਗੈਸ ਕਾਰਨ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ।
ਪੀੜਤ ਨੇ ਦੱਸਿਆ ਕਿ ਆਸ-ਪਾਸ ਦੇ ਲੋਕਾਂ ਵੱਲੋਂ ਤੁਰੰਤ 108 ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ। ਐਂਬੂਲੈਂਸ ਕਰਮਚਾਰੀਆਂ ਨੇ ਪਹਿਲਾਂ ਆਪਣੇ ਪੱਧਰ 'ਤੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਗੈਸ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾਇਆ ਗਿਆ, ਜਿਸ ਨੇ ਪਾਣੀ ਦਾ ਛਿੜਕਾਅ ਕਰਕੇ ਮਾਹੌਲ ਨੂੰ ਸੁਰੱਖਿਅਤ ਬਣਾਇਆ ਅਤੇ ਤਿੰਨਾਂ ਮਜ਼ਦੂਰਾਂ ਨੂੰ ਬਾਹਰ ਕੱਢਿਆ।
ਇੱਕ ਵਿਅਕਤੀ ਦੀ ਹੋਈ ਮੌਤ
108 ਐਂਬੂਲੈਂਸ ਦੇ ਡਰਾਈਵਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ ਸੀ, ਪਰ ਖੂਹ ਵਿੱਚ ਜ਼ਹਿਰੀਲੀ ਗੈਸ ਹੋਣ ਕਾਰਨ ਰਾਹਤ ਕਾਰਜ ਬਹੁਤ ਮੁਸ਼ਕਿਲ ਸਨ। ਫਾਇਰ ਬ੍ਰਿਗੇਡ ਦੀ ਮਦਦ ਨਾਲ ਤਿੰਨਾਂ ਵਿਅਕਤੀਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਗੁਰਦੀਪ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਸਿਵਲ ਹਸਪਤਾਲ ਦੇ ਡਾਕਟਰ ਏਕਮਜੋਤ ਸਿੰਘ ਨੇ ਦੱਸਿਆ ਕਿ ਦੋ ਮਜ਼ਦੂਰਾਂ ਨੂੰ ਇਲਾਜ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਤੀਜਾ ਵਿਅਕਤੀ ਗੁਰਦੀਪ ਸਿੰਘ ਵਾਸੀ ਘੱਲ ਕਲਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਚੁੱਕਾ ਸੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ।