Rupnagar ’ਚ 171 ਸਟੋਨ ਕਰਸ਼ਰ ’ਚੋ ਸਿਰਫ਼ 10 ’ਚ ਹੋ ਰਹੀ ਨਿਯਮਾਂ ਦੀ ਪਾਲਣਾ; ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ’ਚ ਖੁਲਾਸਾ

ਐਨਜੀਟੀ ਨੇ ਕਿਹਾ ਕਿ ਗੈਰ-ਪਾਲਣਾ ਜਾਂ ਅੰਸ਼ਿਕ ਪਾਲਣਾ ਵਾਲੇ ਸਟੋਨ ਕਰਸ਼ਰਾਂ ਦੀ ਮੁੜ ਜਾਂਚ ਕਰਕੇ ਵਾਤਾਵਰਣਕ ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ ਢੁਕਵੀਂ ਕਾਰਵਾਈ ਕੀਤੀ ਜਾਵੇ।

By  Aarti August 12th 2026 10:14 AM

ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਰੂਪਨਗਰ ਜ਼ਿਲ੍ਹੇ ਵਿੱਚ ਸਟੋਨ ਕਰਸ਼ਰਾਂ ਦੀ ਵਾਤਾਵਰਣਕ ਪਾਲਣਾ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਦੀ ਰਿਪੋਰਟ ਦਾ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।

ਪੀਪੀਸੀਬੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ 

ਪੀਪੀਸੀਬੀ ਵੱਲੋਂ ਪੇਸ਼ ਕੀਤੀ ਰਿਪੋਰਟ ਮੁਤਾਬਕ ਰੂਪਨਗਰ ਜ਼ਿਲ੍ਹੇ ਵਿੱਚ ਕੁੱਲ 171 ਸਟੋਨ ਕਰਸ਼ਰ ਹਨ, ਜਿਨ੍ਹਾਂ ਵਿੱਚੋਂ 153 ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸਿਰਫ਼ 10 ਸਟੋਨ ਕਰਸ਼ਰ ਨਿਯਮਾਂ ਅਨੁਸਾਰ ਪਾਲਣਾ ਕਰਦੇ ਪਾਏ ਗਏ, ਜਦਕਿ 71 ਗੈਰ-ਪਾਲਣਾ ਵਾਲੇ ਅਤੇ 55 ਅੰਸ਼ਿਕ ਤੌਰ ’ਤੇ ਪਾਲਣਾ ਕਰਨ ਵਾਲੇ ਮਿਲੇ।

ਮੁੜ ਕੀਤੀ ਜਾਵੇਗੀ ਜਾਂਚ

ਐਨਜੀਟੀ ਨੇ ਕਿਹਾ ਕਿ ਗੈਰ-ਪਾਲਣਾ ਜਾਂ ਅੰਸ਼ਿਕ ਪਾਲਣਾ ਵਾਲੇ ਸਟੋਨ ਕਰਸ਼ਰਾਂ ਦੀ ਮੁੜ ਜਾਂਚ ਕਰਕੇ ਵਾਤਾਵਰਣਕ ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ ਢੁਕਵੀਂ ਕਾਰਵਾਈ ਕੀਤੀ ਜਾਵੇ। ਪੀਪੀਸੀਬੀ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ 4 ਸਟੋਨ ਕਰਸ਼ਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਵਾਤਾਵਰਣ ਮੁਆਵਜ਼ਾ ਵੀ ਲਗਾਇਆ ਗਿਆ ਹੈ।

ਕੁੱਲ 171 ਵਿੱਚੋਂ 18 ਸਟੋਨ ਕਰਸ਼ਰਾਂ ਦੀ ਅਜੇ ਜਾਂਚ ਹੋਣੀ ਬਾਕੀ 

ਟ੍ਰਿਬਿਊਨਲ ਨੇ ਇਹ ਵੀ ਨੋਟ ਕੀਤਾ ਕਿ ਕੁੱਲ 171 ਵਿੱਚੋਂ 18 ਸਟੋਨ ਕਰਸ਼ਰਾਂ ਦੀ ਅਜੇ ਜਾਂਚ ਹੋਣੀ ਬਾਕੀ ਹੈ। PPCB ਨੂੰ ਇੱਕ ਹਫ਼ਤੇ ਦੇ ਅੰਦਰ ਵਿਆਪਕ ਰਿਪੋਰਟ ਦਾਖ਼ਲ ਕਰਨ ਲਈ ਸਮਾਂ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ, ਅਰਜ਼ੀਕਰਤਾ ਵੱਲੋਂ ਰੂਪਨਗਰ ਜ਼ਿਲ੍ਹੇ ਵਿੱਚ ਜਾਰੀ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਵੇਰਵੇ ਟ੍ਰਿਬਿਊਨਲ ਦੇ ਰਿਕਾਰਡ ’ਤੇ ਰੱਖੇ ਗਏ। ਐਨਜੀਟੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਦੌਰਾਨ ਰੂਪਨਗਰ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਮਾਈਨਿੰਗ ਨਾ ਹੋਣ ਦਿੱਤੀ ਜਾਵੇ। ਮਾਮਲੇ ਦੀ ਅਗਲੀ ਸੁਣਵਾਈ 9 ਸਤੰਬਰ 2026 ਨੂੰ ਹੋਵੇਗੀ।

ਇਹ ਵੀ ਪੜ੍ਹੋ  : Punjab Weather 12th August : ਪੰਜਾਬ ਦੇ ਲੋਕ ਹੋ ਜਾਣ ਸਾਵਧਾਨ ! IMD ਨੇ ਜਾਰੀ ਕੀਤੀ ਭਾਰੀ ਮੀਂਹ ਪੈਣ ਦੀ ਚਿਤਾਵਨੀ

Related Post