ਹਿਮਾਚਲ: ਟੈਕਸ ਲਗਾਉਣ ਤੋਂ ਬਾਹਰੀ ਸੂਬਿਆਂ ਦੇ ਆਪਰੇਟਰ ਨਾਰਾਜ਼; ਗੁਜਰਾਤ-ਕੋਲਕਾਤਾ ਤੋਂ ਬਾਅਦ ਚੰਡੀਗੜ੍ਹ-ਪੰਜਾਬ ਨੇ ਵੀ ਕੀਤਾ ਬਾਈਕਾਟ

ਹਿਮਾਚਲ ਦੇ ਪਹਾੜਾਂ ਦੀ ਯਾਤਰਾ ਮਹਿੰਗੀ ਹੋ ਗਈ ਹੈ। ਦਰਅਸਲ ਆਮਦਨ ਵਧਾਉਣ ਲਈ ਸਰਕਾਰ ਨੇ ਬਾਹਰਲੇ ਰਾਜਾਂ ਦੀਆਂ ਟੈਕਸੀਆਂ, ਟੈਂਪੋ ਅਤੇ ਟੂਰਿਸਟ ਬੱਸਾਂ 'ਤੇ ਭਾਰੀ ਟੈਕਸ ਲਗਾ ਦਿੱਤਾ ਹੈ।

By  Shameela Khan October 9th 2023 01:39 PM -- Updated: October 9th 2023 02:03 PM

ਹਿਮਾਚਲ:  ਹਿਮਾਚਲ ਦੇ ਪਹਾੜਾਂ ਦੀ ਯਾਤਰਾ ਮਹਿੰਗੀ ਹੋ ਗਈ ਹੈ। ਦਰਅਸਲ ਆਮਦਨ ਵਧਾਉਣ ਲਈ ਸਰਕਾਰ ਨੇ ਬਾਹਰਲੇ ਰਾਜਾਂ ਦੀਆਂ ਟੈਕਸੀਆਂ, ਟੈਂਪੋ ਅਤੇ ਟੂਰਿਸਟ ਬੱਸਾਂ 'ਤੇ ਭਾਰੀ ਟੈਕਸ ਲਗਾ ਦਿੱਤਾ ਹੈ। ਇਸ ਤੋਂ ਨਾਰਾਜ਼ ਹੋ ਕੇ ਗੁਜਰਾਤ ਅਤੇ ਕੋਲਕਾਤਾ ਦੇ ਟਰੈਵਲ ਏਜੰਟਾਂ ਨੇ ਪਹਿਲਾਂ ਹੀ ਹਿਮਾਚਲ ਦਾ ਬਾਈਕਾਟ ਕਰ ਦਿੱਤਾ ਹੈ। ਹੁਣ ਚੰਡੀਗੜ੍ਹ-ਪੰਜਾਬ ਦੇ ਟੈਕਸੀ ਚਾਲਕਾਂ ਨੇ ਵੀ ਹਿਮਾਚਲ ਦਾ ਬਾਈਕਾਟ ਕਰਨ ਅਤੇ ਸਰਹੱਦ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ।

ਇਨ੍ਹੀਂ ਦਿਨੀਂ ਚੰਡੀਗੜ੍ਹ-ਪੰਜਾਬ ਤੋਂ ਕੁਝ ਹੀ ਟੈਕਸੀਆਂ ਹਿਮਾਚਲ ਆ ਰਹੀਆਂ ਹਨ। ਇਸ ਦਾ ਅਸਰ ਸੂਬੇ ਦੇ ਸੈਰ ਸਪਾਟਾ ਸਨਅਤ 'ਤੇ ਸਾਫ਼ ਨਜ਼ਰ ਆ ਰਿਹਾ ਹੈ। ਵੱਖ-ਵੱਖ ਰਾਜਾਂ ਦੇ ਸੈਲਾਨੀਆਂ ਦੀ ਅਗਾਊਂ ਬੁਕਿੰਗ ਰੱਦ ਹੋ ਰਹੀ ਹੈ। ਟਰਾਂਸਪੋਰਟਰਾਂ ਦੇ ਨਾਲ-ਨਾਲ ਟਰੈਵਲ ਏਜੰਸੀਆਂ ਵੀ ਸੈਲਾਨੀਆਂ ਨੂੰ ਹਿਮਾਚਲ ਲਈ ਟੂਰ ਨਹੀਂ ਬਣਾ ਰਹੀਆਂ ਹਨ।



ਆਜ਼ਾਦ ਟੈਕਸੀ ਯੂਨੀਅਨ ਚੰਡੀਗੜ੍ਹ-ਪੰਜਾਬ ਦੇ ਪ੍ਰਧਾਨ ਸ਼ਰਨਜੀਤ ਕਲਸੀ ਨੇ ਕਿਹਾ ਕਿ ਯੂਨੀਅਨ ਨੇ ਹਿਮਾਚਲ ਲਈ ਬੁਕਿੰਗ ਲੈਣੀ ਬੰਦ ਕਰ ਦਿੱਤੀ ਹੈ ਅਤੇ ਐਡਵਾਂਸ ਬੁਕਿੰਗ ਰੱਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਟੈਕਸੀ, ਟੈਂਪੂ ਅਤੇ ਬੱਸ ਅਪਰੇਟਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਇਸ ਤੋਂ ਬਾਅਦ ਵੀ ਜੇਕਰ ਹਿਮਾਚਲ ਸਰਕਾਰ ਨੇ ਆਲ ਇੰਡੀਆ ਟੂਰਿਸਟ ਪਰਮਿਟ ਵਾਲੇ ਵਾਹਨਾਂ 'ਤੇ ਲਗਾਇਆ ਟੈਕਸ ਖਤਮ ਨਾ ਕੀਤਾ ਤਾਂ 15 ਅਕਤੂਬਰ ਤੱਕ ਬਾਰਡਰ ਬੰਦ ਕਰਨ ਲਈ ਮਜਬੂਰ ਹੋਣਗੇ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ-ਪੰਜਾਬ ਦੇ ਟੈਕਸੀ ਚਾਲਕ ਸਰਹੱਦ ਨੂੰ ਸੀਲ ਕਰਨ ਦੀ ਤਿਆਰੀ ਕਰ ਰਹੇ ਸਨ। ਇਸ ਮਗਰੋਂ ਡੀਸੀ ਸੋਲਨ ਦੇ ਭਰੋਸੇ ’ਤੇ ਉਨ੍ਹਾਂ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ।

ਪੰਜਾਬ ਤੋਂ ਇਲਾਵਾ ਗੁਜਰਾਤ, ਮਹਾਰਾਸ਼ਟਰ ਅਤੇ ਕੋਲਕਾਤਾ ਦੇ ਜ਼ਿਆਦਾਤਰ ਟੂਰ ਅਤੇ ਟਰੈਵਲ ਏਜੰਟ ਹਿਮਾਚਲ ਲਈ ਬੁਕਿੰਗ ਨਹੀਂ ਲੈ ਰਹੇ ਹਨ। ਸੂਬਾ ਸਰਕਾਰ ਵੱਲੋਂ ਕਮਾਈ ਵਧਾਉਣ ਲਈ ਲਗਾਏ ਗਏ ਵਾਧੂ ਟੈਕਸ ਕਾਰਨ ਸੈਲਾਨੀਆਂ ਲਈ ਪਹਾੜਾਂ ਦੀ ਸੈਰ ਕਰਨੀ ਮਹਿੰਗੀ ਹੋ ਗਈ ਹੈ। ਇਸ ਨਾਲ ਹਿਮਾਚਲ ਦੀ ਸੈਰ ਸਪਾਟਾ ਸਨਅਤ ਪ੍ਰਭਾਵਿਤ ਹੋ ਰਹੀ ਹੈ।

Related Post