ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦੀ ਹਮਾਇਤ ਕਰਨ ਲਈ ਆਸਕਰ ਜੇਤੂ ਅਦਾਕਾਰਾ ਈਰਾਨ 'ਚ ਗ੍ਰਿਫ਼ਤਾਰ

By  Ravinder Singh December 18th 2022 05:31 PM -- Updated: December 18th 2022 05:32 PM

ਈਰਾਨ : ਦੇਸ਼ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਨੂੰ ਇਰਾਨੀ 'ਚ ਹਿਜਾਬ ਖਿਲਾਫ਼ ਹੋ ਰਹੇ ਵਿਰੋਧ ਨੂੰ ਲੈ ਕੇ ਝੂਠ ਫੈਲਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਈਰਾਨੀ ਮੀਡੀਆ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। 38 ਸਾਲਾ ਤਰਨੇਹ ਅਲੀਦੋਸਤੀ ਨੂੰ "ਝੂਠੀ ਤੇ ਅਫਵਾਹ ਵਾਲੀ ਸਮੱਗਰੀ ਪ੍ਰਕਾਸ਼ਿਤ ਕਰਨ ਤੇ  ਭੜਕਾਉਣ" ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਜਿਸ ਅਭਿਨੇਤਰੀ ਦੇ ਖਿਲਾਫ਼ ਇਹ ਕਾਰਵਾਈ ਕੀਤੀ ਗਈ ਸੀ, ਉਹ ਆਸਕਰ ਜੇਤੂ 2016 ਫਿਲਮ "ਦਿ ਸੇਲਜ਼ਮੈਨ" 'ਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ।


ਅਲੀਦੋਸਤੀ ਦੀ ਸਭ ਤੋਂ ਤਾਜ਼ਾ ਸੋਸ਼ਲ ਮੀਡੀਆ ਪੋਸਟ 8 ਦਸੰਬਰ ਨੂੰ ਸੀ, ਉਸੇ ਦਿਨ 23 ਸਾਲਾ ਮੋਹਸੇਨ ਸ਼ੇਖਰੀ ਨੂੰ ਪ੍ਰਦਰਸ਼ਨਾਂ ਦੇ ਕਾਰਨ ਅਧਿਕਾਰੀਆਂ ਵੱਲੋਂ ਫਾਂਸੀ ਦੇ ਦਿੱਤੀ ਗਈ ਸੀ। ਅਲੀਦੋਸਤੀ ਨੇ ਇੰਸਟਾ 'ਤੇ ਸ਼ੇਅਰ ਕੀਤੀ ਇਕ ਫੋਟੋ 'ਚ ਲਿਖਿਆ, ''ਤੁਹਾਡੀ ਚੁੱਪ ਦਾ ਮਤਲਬ ਜ਼ੁਲਮ ਤੇ ਜ਼ਾਲਮ ਦਾ ਸਮਰਥਨ ਹੈ।'' ਹਰ ਅੰਤਰਰਾਸ਼ਟਰੀ ਸੰਸਥਾ ਜੋ ਇਸ ਖ਼ੂਨ-ਖ਼ਰਾਬੇ ਨੂੰ ਦੇਖ ਰਹੀ ਹੈ ਤੇ ਕਾਰਵਾਈ ਨਹੀਂ ਕਰ ਰਹੀ ਹੈ।'' ਅਲੀਦੋਸਤੀ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ, ਉਹ ਮਨੁੱਖਤਾ 'ਤੇ ਧੱਬਾ ਹੈ।

ਹਾਲ ਹੀ 'ਚ ਉਸਨੇ ਫਿਲਮ "ਲੀਲਾਜ਼ ਬ੍ਰਦਰਜ਼" 'ਚ ਅਦਾਕਾਰੀ ਕੀਤੀ, ਜੋ ਇਸ ਸਾਲ ਦੇ ਕਾਨਸ ਫਿਲਮ ਫੈਸਟੀਵਲ ਵਿੱਚ ਦਿਖਾਈ ਗਈ ਸੀ। 16 ਸਤੰਬਰ ਨੂੰ ਦੇਸ਼ ਦੇ ਪਹਿਰਾਵੇ ਦੇ ਜ਼ਾਬਤੇ ਦੀ ਕਥਿਤ ਤੌਰ 'ਤੇ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਕੁਰਦ ਮੂਲ ਦੇ 22 ਸਾਲਾ ਈਰਾਨੀ, ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਵਿਰੋਧ ਪ੍ਰਦਰਸ਼ਨਾਂ ਨੇ ਇਸਲਾਮਿਕ ਦੇਸ਼ ਨੂੰ ਹਿਲਾ ਦਿੱਤਾ ਹੈ। ਅਲੀਦੋਸਤੀ ਨੇ ਅਮੀਨੀ ਦੀ ਮੌਤ ਤੋਂ ਬਾਅਦ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ, ਜਿਸ ਵਿਚ ਲਿਖਿਆ "ਇਸ ਜੇਲ੍ਹ ਨੂੰ ਲਾਹਨਤ।"

ਇਹ ਵੀ ਪੜ੍ਹੋ : ਕੱਚੇ ਮੁਲਾਜ਼ਮਾਂ ਦੀ ਆਵਾਜ਼ ਬਣਿਆ ਸ਼੍ਰੋਮਣੀ ਅਕਾਲੀ ਦਲ, ਪਾਈਆਂ ਸਰਕਾਰ ਨੂੰ ਲਾਹਣਤਾਂ

9 ਨਵੰਬਰ ਨੂੰ ਉਸਨੇ ਬਿਨਾਂ ਸਿਰ ਦੇ ਸਕਾਰਫ਼ ਦੇ ਆਪਣੀ ਇੱਕ ਫੋਟੋ ਪੋਸਟ ਕੀਤੀ, ਜਿਸ ਵਿੱਚ "ਔਰਤਾਂ, ਜੀਵਨ, ਆਜ਼ਾਦੀ" ਸ਼ਬਦਾਂ ਦੇ ਨਾਲ ਇਕ ਕਾਗਜ਼ ਦਾ ਟੁਕੜਾ ਫੜਿਆ ਹੋਇਆ ਸੀ, ਜੋ ਵਿਰੋਧ ਦਾ ਮੁੱਖ ਨਾਅਰਾ ਸੀ। ਸ਼ੇਖਰੀ ਦੀ ਫਾਂਸੀ ਤੋਂ ਥੋੜ੍ਹੀ ਦੇਰ ਬਾਅਦ ਈਰਾਨ ਵਿਚ 12 ਦਸੰਬਰ ਨੂੰ ਪ੍ਰਦਰਸ਼ਨਕਾਰੀ ਮਾਜਿਦਰੇਜ਼ਾ ਰਹਿਨਾਵਰਦ ਨੂੰ ਜਨਤਕ ਤੌਰ 'ਤੇ ਫਾਂਸੀ ਦੇ ਦਿੱਤੀ ਗਈ। ਅਸ਼ਾਂਤੀ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤੇ ਗਏ 9 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਈਰਾਨ ਦੀ ਨਿਆਂਪਾਲਿਕਾ ਨੇ ਮੰਗਲਵਾਰ ਨੂੰ ਕਿਹਾ ਕਿ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਤੇ 400 ਨੂੰ ਅਸ਼ਾਂਤੀ 'ਚ ਸ਼ਾਮਲ ਹੋਣ ਲਈ 10 ਸਾਲ ਤੱਕ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ।

Related Post