Sarabjit Kaur India Return : ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਦੀ ਭਾਰਤ ਵਾਪਸੀ ਟਲੀ, ਪਾਕਿਸਤਾਨ ਨੇ ਵੀਜ਼ਾ ਸਮਾਂ ਹੱਦ ਵਧਾਉਣ ਦੀ ਪ੍ਰਕਿਰਿਆ ਅਰੰਭੀ

Sarabjit Kaur Return India : ਪਾਕਿਸਤਾਨੀ ਨੇ ਉਸਨੂੰ ਭਾਰਤ ਭੇਜਣ ਦੀ ਬਜਾਏ ਉਸਦੇ ਵੀਜ਼ੇ ਨੂੰ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਗ੍ਰਹਿ ਰਾਜ ਮੰਤਰੀ ਮੁਹੰਮਦ ਤਲਾਲ ਚੌਧਰੀ ਨੇ ਸਰਬਜੀਤ ਦੀ ਵੀਜ਼ਾ ਵਧਾਉਣ ਅਤੇ ਉਸਦੇ ਦੇਸ਼ ਨਿਕਾਲੇ 'ਤੇ ਰੋਕ ਲਗਾਉਣ ਦੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ।

By  KRISHAN KUMAR SHARMA January 13th 2026 11:06 AM -- Updated: January 13th 2026 11:08 AM

Sarabjit Kaur Case : ਪਾਕਿਸਤਾਨ 'ਚ ਨਿਕਾਹ ਕਰਵਾਉਣ ਵਾਲੀ ਪੰਜਾਬੀ ਮਹਿਲਾ ਸਰਬਜੀਤ ਕੌਰ ਦੀ ਅਜੇ ਭਾਰਤ ਵਾਪਸੀ ਨਹੀਂ ਹੋਵੇਗੀ। ਪਾਕਿਸਤਾਨ ਸਰਕਾਰ ਨੇ ਸਰਬਜੀਤ ਕੌਰ ਦੀ ਵੀਜ਼ਾ ਸਮਾਂ ਹੱਦ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਸਰਬਜੀਤ ਕੌਰ ਨੂੰ ਇੱਕ ਪਾਕਿਸਤਾਨੀ ਸ਼ੈਲਟਰ ਹੋਮ (ਦਾਰੁਲ ਅਮਾਨ) 'ਚ ਭੇਜ ਦਿੱਤਾ ਗਿਆ ਹੈ। ਉਹ ਇਸ ਸਮੇਂ ਦੌਰਾਨ ਪੁਲਿਸ ਸੁਰੱਖਿਆ ਹੇਠ ਰਹੇਗੀ।

ਪਾਕਿਸਤਾਨੀ ਸਰਕਾਰ ਨੇ ਉਸਨੂੰ ਭਾਰਤ ਭੇਜਣ ਦੀ ਬਜਾਏ ਉਸਦੇ ਵੀਜ਼ੇ ਨੂੰ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਮੁਹੰਮਦ ਤਲਾਲ ਚੌਧਰੀ ਨੇ ਸਰਬਜੀਤ ਦੀ ਵੀਜ਼ਾ ਵਧਾਉਣ ਅਤੇ ਉਸਦੇ ਦੇਸ਼ ਨਿਕਾਲੇ 'ਤੇ ਰੋਕ ਲਗਾਉਣ ਦੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਲਾਹੌਰ ਦੀ ਇੱਕ ਅਦਾਲਤ ਵਿੱਚ ਕੇਸ ਲੰਬਿਤ ਹੋਣ ਕਾਰਨ ਉਸਦੀ ਭਾਰਤ ਤੁਰੰਤ ਵਾਪਸੀ 'ਤੇ ਰੋਕ ਹੈ।

4 ਨਵੰਬਰ ਨੂੰ ਸਿੱਖ ਜਥੇ 'ਚ ਪਾਕਿਸਤਾਨ ਗਈ ਸੀ ਸਰਬਜੀਤ ਕੌਰ

ਦੱਸ ਦੇਈਏ ਕਿ ਸਰਬਜੀਤ ਕੌਰ ਕਪੂਰਥਲਾ ਦੀ ਰਹਿਣ ਵਾਲੀ ਹੈ। ਸਰਬਜੀਤ ਕੌਰ 4 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ। ਓਥੇ ਜਾ ਕੇ ਉਸਨੇ ਪਾਕਿਸਤਾਨੀ ਨੌਜਵਾਨ ਨਾਸਿਰ ਹੁਸੈਨ ਨਾਲ ਨਿਕਾਹ ਕਰਵਾਇਆ ਸੀ ਅਤੇ ਨਿਕਾਹ ਤੋਂ ਬਾਅਦ ਉਸਨੇ ਆਪਣੇ ਨਾਮ ਨੂਰ ਹੁਸੈਨ ਰੱਖ ਲਿਆ ਸੀ। ਸਰਬਜੀਤ ਕੌਰ ਦਾ ਤੀਰਥ ਯਾਤਰੀ ਵੀਜ਼ਾ 'ਸਿੰਗਲ ਐਂਟਰੀ' ਸੀ ਅਤੇ ਉਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਸਾਲ 2016 ਤੋਂ ਟਿਕਟੋਕ ਰਾਹੀਂ ਇੱਕ-ਦੂਜੇ ਦੇ ਸੰਪਰਕ ਵਿੱਚ ਸਨ। ਸਰਬਜੀਤ ਕੌਰ ਨੇ ਪਹਿਲਾਂ ਵੀ ਕਈ ਵਾਰ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਨੂੰਨੀ ਕਾਰਨਾਂ ਕਰਕੇ ਅਰਜ਼ੀਆਂ ਰੱਦ ਹੋ ਗਈਆਂ ਸਨ।

ਭਾਰਤ 'ਚ 10 ਵੱਧ ਕੇਸਾਂ 'ਚ ਸ਼ਾਮਲ ਹੈ ਸਰਬਜੀਤ ਕੌਰ

ਸਰਬਜੀਤ ਕੌਰ ਪੰਜਾਬ, ਭਾਰਤ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ ਹੈ। ਇਹ ਪਿੰਡ ਟਿੱਬਾ ਡਾਕਘਰ ਦਾ ਹਿੱਸਾ ਹੈ ਅਤੇ ਤਲਵੰਡੀ ਚੌਧਰੀਆਂ ਪੁਲਿਸ ਸਟੇਸ਼ਨ ਅਧੀਨ ਆਉਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਔਰਤ ਆਪਣੇ ਪਤੀ ਤੋਂ ਤਲਾਕਸ਼ੁਦਾ ਹੈ। ਉਸ ਦੇ ਦੋ ਪੁੱਤਰ ਹਨ। ਸੁਲਤਾਨਪੁਰ ਲੋਧੀ ਵਿੱਚ ਉਸ ਵਿਰੁੱਧ 10 ਤੋਂ ਵੱਧ ਮਾਮਲੇ ਦਰਜ ਹਨ, ਜਿਸ ਵਿੱਚ ਇੱਕ ਵੇਸਵਾਗਮਨੀ ਦਾ ਮਾਮਲਾ ਵੀ ਸ਼ਾਮਲ ਹੈ। ਸਰਬਜੀਤ ਪਿੰਡ ਅਮਾਨੀਪੁਰ ਵਿੱਚ ਇੱਕ ਆਲੀਸ਼ਾਨ ਹਵੇਲੀ ਦੀ ਮਾਲਕ ਸੀ। ਉਹ ਲੋਕਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੀ ਸੀ। ਉਸਦੇ ਵਿਵਾਦਾਂ ਕਾਰਨ, ਲੋਕ ਅਕਸਰ ਉਸਦੇ ਘਰ ਨਹੀਂ ਆਉਂਦੇ ਸਨ।

Related Post