ਪਾਕਿਸਤਾਨ ਦੀ ਨਾਪਾਕ ਹਰਕਤ, ਡਰੋਨ ਰਾਹੀਂ ਭੇਜਿਆ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ

By  Ravinder Singh December 3rd 2022 09:19 AM -- Updated: December 3rd 2022 09:36 AM

ਅੰਮ੍ਰਿਤਸਰ : ਪੰਜਾਬ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਦੀ ਟੀਮ ਨੇ ਦੋ ਦਿਨਾਂ ਬਾਅਦ ਮੁੜ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਹਥਿਆਰ ਇਕ ਵਾਰ ਫਿਰ ਫਿਰੋਜ਼ਪੁਰ ਬਾਰਡਰ ਤੋਂ ਹੀ ਬਰਾਮਦ ਹੋਏ ਹਨ। ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਸਰਹੱਦ ਵੱਲ ਭੇਜੇ ਗਏ ਸਨ।


ਸੀ.ਆਈ.ਅੰਮ੍ਰਿਤਸਰ ਦੀ ਟੀਮ ਨੂੰ ਸਰਹੱਦ ਪਾਰ ਤੋਂ ਹਥਿਆਰਾਂ ਦੀ ਖੇਪ ਪਹੁੰਚਾਏ ਜਾਣ ਦੀ ਸੂਚਨਾ ਮਿਲੀ ਸੀ। ਇਨਪੁਟਸ ਦੀ ਪੁਸ਼ਟੀ ਹੋਣ ਮਗਰੋਂ ਏਆਈਜੀ ਸੀਆਈ ਅੰਮ੍ਰਿਤਸਰ ਅਮਰਜੀਤ ਸਿੰਘ ਬਾਜਵਾ ਦੀ ਨਿਗਰਾਨੀ ਹੇਠ ਇਕ ਟੀਮ ਫਿਰੋਜ਼ਪੁਰ ਲਈ ਰਵਾਨਾ ਕੀਤੀ ਗਈ। ਸੀਆਈ ਦੀ ਟੀਮ ਨੇ ਫਿਰੋਜ਼ਪੁਰ ਪਹੁੰਚ ਕੇ ਬੀਐਸਐਫ ਨਾਲ ਸੰਪਰਕ ਕੀਤਾ। ਜਿਨ੍ਹਾਂ ਨੇ ਨਿਰਧਾਰਿਤ ਸੂਚਨਾ ਦੇ ਨਾਲ ਥਾਂ-ਥਾਂ ਦੀ ਤਲਾਸ਼ੀ ਲਈ ਤੇ ਹਥਿਆਰਾਂ ਦੀ ਖੇਪ ਨੂੰ ਲੱਭ ਕੇ ਆਪਣੇ ਕਬਜ਼ੇ ਵਿਚ ਲੈ ਲਿਆ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਮਿਲਿਆ ਜ਼ੀਕਾ ਵਾਇਰਸ ਦਾ ਪਹਿਲਾ ਮਰੀਜ਼, ਹਾਲਤ ਸਥਿਰ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਹਥਿਆਰਾਂ ਦੀ ਖੇਪ ਵਿੱਚ 5 ਏਕੇ 47 ਤੇ 5 ਪਿਸਤੌਲ ਬਰਾਮਦ ਕੀਤੇ ਹਨ। ਇੰਨਾ ਹੀ ਨਹੀਂ ਏ.ਕੇ.47 ਦੇ 5 ਮੈਗਜ਼ੀਨ ਅਤੇ ਪਿਸਤੌਲ ਦੇ 10 ਮੈਗਜ਼ੀਨ ਵੀ ਬਰਾਮਦ ਹੋਏ ਹਨ। ਜਿਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ ਸੀਆਈ ਅੰਮ੍ਰਿਤਸਰ ਦੀ ਟੀਮ ਦੇ ਇਨਪੁਟ ਦੇ ਆਧਾਰ 'ਤੇ ਦੋ ਦਿਨ ਪਹਿਲਾਂ 30 ਨਵੰਬਰ ਨੂੰ ਪੰਜਾਬ ਪੁਲਿਸ ਨੇ ਫਿਰੋਜ਼ਪੁਰ ਬਾਰਡਰ ਤੋਂ ਹਥਿਆਰਾਂ ਦਾ ਜਖ਼ੀਰਾ ਬਰਾਮਦ ਕੀਤਾ ਸੀ। ਇਸ ਵਿੱਚ 5 ਏਕੇ 47 ਅਤੇ 5 ਪਿਸਤੌਲ ਵੀ ਬਰਾਮਦ ਹੋਏ ਹਨ।

Related Post