Panjab University Election: SOI ਤੇ ABVP ਦੇ ਅੰਕਿਤ ਬਣੇ ਪ੍ਰਧਾਨ; CYSS ਦੂਜੇ ਤੇ NSUI ਤੀਜੇ ਨੰਬਰ ‘ਤੇ ਰਹੀ

PU Election News: ਪੰਜਾਬ ਯੂਨੀਵਰਸਿਟੀ ਵਿੱਚ ਪ੍ਰਧਾਨ ਅਹੁਦੇ ਲਈ ਹੋਈ ਚੋਣ ਵਿੱਚ ਏਬੀਵੀਪੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

By  Amritpal Singh August 31st 2026 07:07 PM -- Updated: August 31st 2026 07:18 PM

PU Election News: ਪੰਜਾਬ ਯੂਨੀਵਰਸਿਟੀ (PU) ਚੰਡੀਗੜ੍ਹ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਦੇ ਉਮੀਦਵਾਰ ਅੰਕਿਤ ਬਿਢਾਨ ਨੇ ਪ੍ਰਧਾਨਗੀ ਦੇ ਅਹੁਦੇ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਅੰਕਿਤ ਬਿਢਾਨ ਨੂੰ ਇਨ੍ਹਾਂ ਚੋਣਾਂ ਵਿੱਚ ਕੁੱਲ 2,879 ਵੋਟਾਂ ਹਾਸਲ ਹੋਈਆਂ। ਉਹ ਮੂਲ ਰੂਪ ਵਿੱਚ ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਜੀਂਦ ਤੋਂ ਗ੍ਰੈਜੂਏਸ਼ਨ ਮੁਕੰਮਲ ਕਰਨ ਉਪਰੰਤ ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਤੋਂ ਲਾਅ ਦੀ ਪੜ੍ਹਾਈ ਕੀਤੀ ਹੈ। ਮੌਜੂਦਾ ਸਮੇਂ ਵਿੱਚ ਉਹ ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਦ ਸਟੱਡੀ ਆਫ਼ ਸੋਸ਼ਲ ਇਨਕਲੂਜ਼ਨ ਵਿੱਚ ਰਿਸਰਚ ਸਕਾਲਰ (ਪੀ.ਐੱਚ.ਡੀ.) ਵਜੋਂ ਅਧਿਐਨ ਕਰ ਰਹੇ ਹਨ।


ਸਾਲ 2021 ਤੋਂ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ

ਇਸ ਸ਼ਾਨਦਾਰ ਜਿੱਤ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਅੰਕਿਤ ਬਿਢਾਨ ਨੇ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੀ ਨਿੱਜੀ ਜਿੱਤ ਨਹੀਂ ਹੈ, ਸਗੋਂ ਸਮੁੱਚੀ ‘ਜੈਨ-ਜ਼ੀ’ (ਨੌਜਵਾਨ ਪੀੜ੍ਹੀ) ਦੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਚੋਣ ਨਤੀਜਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਨੌਜਵਾਨ ਪੀੜ੍ਹੀ ਦੇ ਦਿਲਾਂ ਵਿੱਚ ABVP ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਪ੍ਰਤੀ ਅਟੁੱਟ ਵਿਸ਼ਵਾਸ ਹੈ। ਅੰਕਿਤ ਨੇ ਵਿਦਿਆਰਥੀਆਂ ਵੱਲੋਂ ਪ੍ਰਗਟਾਏ ਭਰੋਸੇ ਲਈ ਸਮੂਹ ਸਾਥੀਆਂ ਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਂਪਸ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਉਠਾਉਣਾ ਅਤੇ ਉਨ੍ਹਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣਾ ਹੀ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਜ਼ਿਕਰਯੋਗ ਹੈ ਕਿ ਉਹ ਸਾਲ 2021 ਤੋਂ ਲਗਾਤਾਰ ABVP ਜਥੇਬੰਦੀ ਨਾਲ ਜੁੜੇ ਹੋਏ ਹਨ।

ਸਿਆਸੀ ਸੰਦੇਸ਼ ਅਤੇ SOI ਦਾ ਅਹਿਮ ਸਮਰਥਨ

ਅੰਕਿਤ ਬਿਢਾਨ ਦੇ ਬਿਆਨਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ABVP ਇਸ ਜਿੱਤ ਨੂੰ ਸਿਰਫ਼ ਵਿਦਿਆਰਥੀ ਰਾਜਨੀਤੀ ਤੱਕ ਸੀਮਤ ਨਾ ਰੱਖ ਕੇ ਇੱਕ ਵਿਆਪਕ ਸਿਆਸੀ ਸੁਨੇਹੇ ਵਜੋਂ ਵੇਖ ਰਹੀ ਹੈ। ਦੱਸਣਯੋਗ ਹੈ ਕਿ ਵੋਟਿੰਗ ਤੋਂ ਠੀਕ ਪਹਿਲਾਂ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (SOI) ਨੇ ਵੀ ਅੰਕਿਤ ਬਿਢਾਨ ਨੂੰ ਆਪਣਾ ਰਸਮੀ ਸਮਰਥਨ ਦੇਣ ਦਾ ਐਲਾਨ ਕੀਤਾ ਸੀ, ਜਿਸ ਨੇ ਉਨ੍ਹਾਂ ਦੀ ਜਿੱਤ ਦੀ ਰਾਹ ਹੋਰ ਪੱਧਰੀ ਕੀਤੀ।


ਲਗਾਤਾਰ ਦੂਜੇ ਸਾਲ ਪੰਜਾਬ ਯੂਨੀਵਰਸਿਟੀ ‘ਚ ABVP ਦਾ ਕਬਜ਼ਾ

ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ABVP ਦਾ ਉਮੀਦਵਾਰ ਪ੍ਰਧਾਨਗੀ ਦੇ ਅਹੁਦੇ ‘ਤੇ ਕਾਬਜ਼ ਹੋਇਆ ਹੈ। ਪਿਛਲੇ ਵਰ੍ਹੇ ਹੋਈਆਂ ਵਿਦਿਆਰਥੀ ਚੋਣਾਂ ਵਿੱਚ ABVP ਦੇ ਉਮੀਦਵਾਰ ਗੌਰਵ ਵੀਰ ਸੋਹਲ ਨੇ ਪ੍ਰਧਾਨਗੀ ਜਿੱਤ ਕੇ ਯੂਨੀਵਰਸਿਟੀ ਵਿੱਚ ਜਥੇਬੰਦੀ ਦਾ ਪਹਿਲਾ ਇਤਿਹਾਸਕ ਖ਼ਾਤਾ ਖੋਲ੍ਹਿਆ ਸੀ।

Related Post