PTC News
Search
🔍 Search

Parvinder Singh Jhota ਦੇ ਪਰਿਵਾਰ ਅੱਗੇ ਕਿਵੇਂ ਝੁਕੀ ਮਾਨ ਸਰਕਾਰ ? ਕਤਲ ਵਾਲੇ ਦਿਨ ਤੋਂ CBI ਜਾਂਚ ਦੇ ਮਨਜੂਰ ਹੋਣ ਤੱਕ ਪੜ੍ਹੋ 8 ਦਿਨਾਂ ਦੀ ਪੂਰੀ ਕਹਾਣੀ

CBI Investigation Parvinder Singh Jhota Murder : ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਹੁਣ ਸੀਬੀਆਈ ਜਾਂਚ ਹੋਵੇਗੀ। ਪਰ ਸਵਾਲ ਇਹ ਹੈ ਕਿ ਇਸ ਮਾਮਲੇ ਨੂੰ 'ਨਿੱਜੀ ਦੁਸ਼ਮਣੀ' ਲਈ ਕਤਲ ਦੱਸ ਰਹੀ 'ਆਪ' ਸਰਕਾਰ ਅਚਾਨਕ ਕਿਵੇਂ ਸੀਬੀਆਈ ਫੈਸਲੇ ਲਈ ਮੰਨ ਗਈ। ਆਓ ਜਾਣਦੇ ਹਾਂ ਪੂਰੀ ਕਹਾਣੀ....

By  KRISHAN KUMAR SHARMA October 20th 2026 12:49 PM -- Updated: October 20th 2026 01:40 PM

CBI Investigation Parvinder Singh Jhota Murder : ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਹੁਣ ਸੈਂਟਰਲ ਬਿਊਰੋ ਆਫ਼ ਇੰਡੀਆ (CBI) ਜਾਂਚ ਕਰੇਗੀ। ਪੰਜਾਬ ਦੀ ਆਮ ਆਦਮੀ ਪਾਰਟੀ (AAP) ਦੇ ਇਸ ਫੈਸਲੇ ਨੇ ਸਿਆਸਤ ਨੂੰ ਹੋਰ ਭਖਾ ਦਿੱਤਾ ਹੈ, ਕਿਉਂਕਿ ਇਹ ਫੈਸਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ (Amit Shah Punjab Visit) ਤੋਂ ਐਨ ਪਹਿਲਾਂ ਆਇਆ ਹੈ, ਜਿਸ ਦੌਰਾਨ ਉਹ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਜਾ ਰਹੇ ਹਨ।

ਦੂਜੇ ਪਾਸੇ, ਸੀਬੀਆਈ ਜਾਂਚ ਦੀ ਮੰਗ ਮਨਜੂਰੀ ਕਰਨ ਦੇ ਫੈਸਲੇ 'ਤੇ ਵੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਸਮੇਤ ਮੁੱਖ ਵਿਰੋਧੀ ਧਿਰਾਂ ਨੇ ਤਿੱਖਾ ਤੰਜ ਕੱਸਦਿਆਂ ਇਸ ਨੂੰ ਆਮ ਆਦਮੀ ਪਾਰਟੀ ਵੱਲੋਂ ਆਪਣੀਆਂ ਨਾਕਾਮੀਆਂ ਛੁਪਾਉਣ ਦੀ ਰਣਨੀਤੀ ਦੱਸਿਆ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅੱਜ ਪੰਜਾਬੀਆਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਭਰੋਸਾ ਉੱਠ ਚੁੱਕਿਆ ਹੈ, ਤਾਂ ਹੀ ਝੋਟੇ ਦੇ ਪਰਿਵਾਰ ਅਤੇ ਸਮੁੱਚੇ ਪੰਜਾਬ ਨੇ CBI ਜਾਂਚ ਦੀ ਮੰਗ ਕੀਤੀ ਹੈ।

ਉਧਰ, ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਜਿਥੇ ਇਸ ਨੂੰ ਆਮ ਆਦਮੀ ਪਾਰਟੀ ਦੇ ਹਿਟਲਰੀ ਹੰਕਾਰ ਨੂੰ ਲੋਕ ਰੋਹ ਅੱਗੇ ਝੁਕਣਾ ਦੱਸਿਆ ਹੈ। ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਜੇਕਰ ਸੱਚਮੁੱਚ ਪਰਵਿੰਦਰ ਝੋਟੇ ਦੇ ਪਰਿਵਾਰ ਨਾਲ ਹਨ ਤਾਂ ਪਹਿਲਾਂ ਖੁਦ ਕੁਰਸੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

ਹਾਲਾਂਕਿ, ਸਵਾਲ ਇਹ ਹੈ ਕਿ ਇਸ ਮਾਮਲੇ ਨੂੰ 'ਨਿੱਜੀ ਦੁਸ਼ਮਣੀ' ਲਈ ਕਤਲ ਦੱਸ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਅਚਾਨਕ ਕਿਵੇਂ ਸੀਬੀਆਈ ਫੈਸਲੇ ਲਈ ਮੰਨ ਗਈ। ਆਓ ਜਾਣਦੇ ਹਾਂ ਪੂਰੀ ਕਹਾਣੀ....

13 ਤਰੀਕ ਨੂੰ ਪਰਵਿੰਦਰ ਸਿੰਘ ਝੋਟਾ ਦਾ ਕਤਲ : ਪਰਵਿੰਦਰ ਸਿੰਘ ਝੋਟਾ ਦਾ 13 ਅਕਤੂਬਰ ਨੂੰ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਅਸ਼ਵਨੀ ਮੈਡੀਕਲ ਹਾਲ 'ਤੇ ਨਸ਼ੇ ਦਾ ਵਿਰੋਧ ਕਰ ਰਿਹਾ ਸੀ। ਅਸ਼ਵਨੀ ਕੁਮਾਰ ਨੇ ਉਸ ਦੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸਤੋਂ ਬਾਅਦ ਅਸ਼ਵਨੀ ਕੁਮਾਰ ਫਰਾਰ ਹੋ ਗਿਆ ਸੀ। ਪੰਜਾਬ ਭਰ 'ਚ ਇਸ ਕਤਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਗੁੱਸੇ ਅਤੇ ਰੋਹ ਦੀ ਲਹਿਰ ਪੈਦਾ ਹੋ ਗਈ।

ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕੀਤਾ ਸੀ 'ਨਿੱਜੀ ਦੁਸ਼ਮਣੀ' ਲਈ ਕਤਲ ਦਾ ਦਾਅਵਾ 

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਘਟਨਾ ਦੇ ਪਿੱਛੇ ਕਿਸੇ ਕਾਨੂੰਨ ਵਿਵਸਥਾ ਦੀ ਖਰਾਬੀ ਤੋਂ ਇਨਕਾਰ ਕਰਦਿਆਂ ਇਸ ਨੂੰ ਦੁਕਾਨਦਾਰ ਨਾਲ ਚੱਲ ਰਹੀ ਪੁਰਾਣੀ ਲੜਾਈ ਦਾ ਹਿੱਸਾ ਦੱਸਿਆ ਸੀ। ਚੀਮਾ ਨੇ ਕਿਹਾ ਸੀ, "ਜਿਹੜਾ ਪਰਵਿੰਦਰ ਸਿੰਘ ਜੀ ਦਾ ਕਤਲ ਹੋਇਆ ਹੈ, ਸਭ ਤੋਂ ਪਹਿਲਾਂ ਮੈਂ ਉਸ ਦੀ ਨਿੰਦਾ ਕਰਦਾ ਹਾਂ। ਉਨ੍ਹਾਂ ਦੀ ਇੱਕ ਦੁਕਾਨਦਾਰ ਨਾਲ ਪੁਰਾਣੀ ਆਪਸੀ ਲੜਾਈ ਚੱਲ ਰਹੀ ਸੀ। ਦੋ-ਤਿੰਨ ਸਾਲ ਪਹਿਲਾਂ ਵੀ ਕੋਈ ਲੜਾਈ ਹੋਈ ਸੀ, ਸੋ ਇਹ ਉਸੇ ਆਪਸੀ ਲੜਾਈ ਦਾ ਸਿੱਟਾ ਨਿਕਲਿਆ ਹੈ।"

ਉਨ੍ਹਾਂ ਅੱਗੇ ਕਿਹਾ, "ਦੇਖੋ, ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਹੈ। ਜੇਕਰ ਕਿਸੇ ਦੀ ਕਿਸੇ ਨਾਲ ਨਿਜੀ ਖੁੰਧਕ ਹੈ ਜਾਂ ਪੁਰਾਣੇ ਸਮੇਂ ਤੋਂ ਚੱਲ ਰਿਹਾ ਕਲੇਸ਼ ਹੈ, ਮੈਂ ਸਮਝਦਾ ਹਾਂ ਕਿ ਇਹ ਉਸ ਦਾ ਹੀ ਨਤੀਜਾ ਹੈ। ਪਰ ਫਿਰ ਵੀ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ।"

14 ਅਕਤੂਬਰ ਨੂੰ FIR ਦਰਜ, ਮੁੱਖ ਮੁਲਜ਼ਮ ਗ੍ਰਿਫ਼ਤਾਰ : ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਦੇ ਬਿਆਨਾਂ ’ਤੇ ਮਾਨਸਾ ਪੁਲਿਸ ਦੇ ਸਿਟੀ-2 ਥਾਣੇ ਵਿੱਚ FIR ਦਰਜ ਕੀਤੀ ਗਈ, ਜਿਸ ਵਿੱਚ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਤੋਂ ਇਲਾਵਾ ਉਸ ਦੇ ਦੋ ਸਾਥੀਆਂ ਅਤੇ ਇੱਕ ਹੋਰ ਵਿਅਕਤੀ ਦਾ ਜ਼ਿਕਰ ਕੀਤਾ ਗਿਆ। ਪੁਲਿਸ ਨੇ ਅਸ਼ਵਨੀ ਕੁਮਾਰ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਕਾਬੂ ਕੀਤਾ। ਉਸ ਕੋਲੋਂ ਕਥਿਤ ਤੌਰ ’ਤੇ ਵਾਰਦਾਤ ਵਿੱਚ ਵਰਤੀ ਪਿਸਤੌਲ ਵੀ ਬਰਾਮਦ ਹੋਈ।

ਉਧਰ, ਮਾਨਸਾ ਵਿੱਚ ਬਾਜ਼ਾਰ ਅਤੇ ਹੋਰ ਸੰਸਥਾਵਾਂ ਬੰਦ ਰਹੀਆਂ ਅਤੇ ਧਰਨਾ ਜਾਰੀ ਰਿਹਾ। ਪੰਜਾਬ ਸਰਕਾਰ ਨੇ DGP ਗੌਰਵ ਯਾਦਵ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ।

ਐਕਸ਼ਨ ਕਮੇਟੀ ਦਾ ਗਠਨ, ਮੁੱਖ ਮੰਤਰੀ ਦੇ ਅਸਤੀਫੇ ਸਮੇਤ ਰੱਖੀਆਂ ਮੰਗਾਂ

ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਪਿਤਾ ਅਤੇ ਐਕਸ਼ਨ ਕਮੇਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁੱਖ ਸਕੱਤਰ ਦਾ ਅਸਤੀਫਾ ਮੰਗਿਆ ਗਿਆ। ਨਾਲ ਹੀ ਸਾਰੇ ਮੁਲਜ਼ਮਾਂ ਖਿਲਾਫ਼ ਬਾਏ ਨੇਮ ਪਰਚਾ ਦਰਜ ਕਰਨ ਅਤੇ ਸੀਬੀਆਈ ਜਾਂਚ ਕਰਵਾਉਣ ਮੰਗ ਰੱਖੀ ਗਈ।

15 ਅਕਤੂਬਰ ਨੂੰ ਪੰਜਾਬ ਬੰਦ : ਪਰਵਿੰਦਰ ਸਿੰਘ ਦੇ ਇਨਸਾਫ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਨੂੰ ਪੰਜਾਬ ਭਰ 'ਚ ਭਰਵਾਂ ਹੁੰਗਾਰਾ ਮਿਲਿਆ। ਲੋਕਾਂ ਦੇ ਰੋਹ ਅੱਗੇ ਝੁਕਦਿਆਂ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਮਾਨਸਾ ਸਿਟੀ-2 ਦੀ SHO ਬੀਅੰਤ ਕੌਰ ਨੂੰ ਮੁਅੱਤਲ ਕੀਤਾ ਗਿਆ। ਨਾਲ ਹੀ, ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਰਾਣੀ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ, ਕਿਉਂਕਿ ਪੁਲਿਸ ਮੁਤਾਬਕ ਮੈਡੀਕਲ ਸਟੋਰ ਦਾ ਲਾਇਸੈਂਸ ਨੀਲਮ ਰਾਣੀ ਦੇ ਨਾਮ ’ਤੇ ਸੀ। ਹਾਲਾਂਕਿ ਇਸ ਦੇ ਬਾਵਜੂਦ, ਪਰਿਵਾਰ ਨੇ ਇਨਸਾਫ਼ ਮਿਲਣ ਤੱਕ ਅੰਤਿਮ ਸੰਸਕਾਰ ਨਾ ਕਰਨ ਦਾ ਫ਼ੈਸਲਾ ਜਾਰੀ ਰੱਖਿਆ।

ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਬਠਿੰਡਾ ਰੇਂਜ ਦੇ ਡੀ.ਆਈ.ਜੀ. ਹਰਜੀਤ ਸਿੰਘ ਨੇ ਨਿੱਜੀ ਦੁਸ਼ਮਣੀ ਲਈ ਕਤਲ ਕੀਤੇ ਜਾਣ ਦੀ ਗੱਲ 'ਤੇ ਮੁਆਫ਼ੀ ਮੰਗੀ।

16 ਅਕਤੂਬਰ : ਪੰਜਾਬ ਪੁਲਿਸ ਨੇ ਪੰਜਾਬ ਬੰਦ ਦੌਰਾਨ ਹੋਈ ਹਿੰਸਾ ਅਤੇ ਭੜਕਾਊ ਭਾਸ਼ਣਾਂ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦੋ ਹੋਰ FIR ਦਰਜ ਕੀਤੀਆਂ ਗਈਆਂ। ਦੂਜੇ ਪਾਸੇ, ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਨੇ CBI ਜਾਂਚ ਦੀ ਮੰਗ ਪੂਰੀ ਹੋਣ ਤੱਕ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਤੋਂ ਇਨਕਾਰ ਕੀਤਾ।

ਕੇਂਦਰ ਨੇ ਮੁੱਖ ਸਕੱਤਰ ਤੋਂ ਤਲਬ ਕੀਤੀ ਰਿਪੋਰਟ

ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਝੋਟਾ ਕਤਲ ਮਾਮਲੇ ਵਿੱਚ ਹੁਣ ਤੱਕ ਕੀਤੀ ਕਾਰਵਾਈ ਅਤੇ ਘਟਨਾ ਨਾਲ ਜੁੜੀ ਵਿਸਥਾਰਤ ਰਿਪੋਰਟ ਮੰਗੀ। ਨਾਲ ਹੀ, ਪੰਜਾਬ ਵਿੱਚ ਨਸ਼ਿਆਂ ਨਾਲ ਜੁੜੀਆਂ ਹੋਰ ਘਟਨਾਵਾਂ ਗੁਰਦਾਸਪੁਰ ਦੇ ਬਿਕਰਮਜੀਤ ਸਿੰਘ ਮਾਮਲੇ ਅਤੇ ਸੰਗਰੂਰ ਦੇ ਗੁਲਜ਼ਾਰ ਸਿੰਘ ਮਾਮਲੇ ਬਾਰੇ ਵੀ ਰਿਪੋਰਟ ਮੰਗੀ ਸੀ।

17 ਅਕਤੂਬਰ : ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਐਲਾਨ ਕੀਤਾ ਕਿ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਜਦੋਂ ਅਖੀਰ ਮਾਨਸਾ ਦੇ AAP ਵਿਧਾਇਕ ਵਿਜੈ ਸਿੰਗਲਾ ਜ਼ਖ਼ਮੀਆਂ ਦਾ ਹਾਲ ਜਾਣਨ ਸਿਵਲ ਹਸਪਤਾਲ ਪਹੁੰਚੇ ਤਾਂ ਉਥੇ ਲੋਕਾਂ ਨੇ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ। 

ਇਸ ਦੌਰਾਨ ਮੀਟਿੰਗ ਵਿੱਚ ਐਕਸ਼ਨ ਕਮੇਟੀ ਨੇ 19 ਅਕਤੂਬਰ ਨੂੰ AAP ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ।

18 ਅਕਤੂਬਰ ਨੂੰ ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਵੱਲੋਂ ਇਨਸਾਫ਼ ਲਈ ਲਾਏ ਧਰਨੇ ਨੂੰ ਸਮਾਜ ਦੇ ਵੱਖ ਵੱਖ ਵਰਗਾਂ ਨੇ ਸਮਰਥਨ ਦਿੱਤਾ। ਕਿਸਾਨ ਜਥੇਬੰਦੀਆਂ ਤੋਂ ਲੈ ਕੇ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਗਾਇਕਾਂ ਅਤੇ ਅਦਾਕਾਰਾਂ ਨੇ ਵੀ ਹਾਅ ਦਾ ਨਾਅਰਾ ਮਾਰਿਆ। 19 ਅਕਤੂਬਰ ਨੂੰ ਆਪ ਵਿਧਾਇਕਾਂ ਦੇ ਘਿਰਾਓ ਨੂੰ ਲੈ ਕੇ ਐਕਸ਼ਨ ਕਮੇਟੀ ਵੱਲੋਂ ਚਰਚਾ ਕੀਤੀ ਗਈ ਅਤੇ ਤਿਆਰੀਆਂ ਅਰੰਭੀਆਂ ਗਈਆਂ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ 'ਚ ਤਿੱਖੀ ਦੂਸ਼ਣਬਾਜ਼ੀ ਵੀ ਹੋਈ। 

ਇਸ ਸਾਰੇ ਘਟਨਾਕ੍ਰਮ ਦੌਰਾਨ CBI ਜਾਂਚ ਅਤੇ ਜਵਾਬਦੇਹ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਮੁੱਖ ਮੁੱਦਾ ਬਣੀ ਰਹੀ।

19 ਅਕਤੂਬਰ ਨੂੰ 3 ਮੈਂਬਰੀ IAS ਕਮੇਟੀ ਦਾ ਗਠਨ : ਪੰਜਾਬ ਸਰਕਾਰ ਨੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨਾਲ ਗੱਲਬਾਤ ਲਈ 3 ਮੈਂਬਰੀ ਲੇਡੀ ਆਈਏਐਸ ਕਮੇਟੀ ਦਾ ਗਠਨ ਕੀਤਾ। ਪਰੰਤੂ ਕਮੇਟੀ ਦੀ ਪਹਿਲੀ ਮੀਟਿੰਗ਼ ਹੀ ਬੇਸਿੱਟਾ ਰਹੀ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਆਈਏਐਸ ਕੰਵਲਪ੍ਰੀਤ ਕੌਰ ਬਰਾੜ, ਅਪਨੀਤ ਰਿਆਤ, ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ, ਡੀਆਈਜੀ ਹਰਜੀਤ ਸਿੰਘ ਅਤੇ ਐੱਸਐੱਸਪੀ ਮਾਨਸਾ ਵੈਭਵ ਚੌਧਰੀ ਸਮੇਤ ਹੋਰ ਅਧਿਕਾਰੀ ਸ਼ਾਮਲ ਹੋਏ ਸਨ।

ਲੋਕਾਂ ਵੱਲੋਂ ਮਾਨਸਾ ''ਚ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਗਲਾ ਦੇ ਘਰ ਦੇ ਬਾਹਰ ਲਾਹਨਤੀ ਪੱਤਰ ਚਿਪਕਾਇਆ ਗਿਆ।

20 ਅਕਤੂਬਰ ਨੂੰ ਸੀਬੀਆਈ ਨੂੰ ਸੌਂਪੀ ਜਾਂਚ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਤੋਂ ਐਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੀੜਤ ਪਰਿਵਾਰ ਅੱਗੇ ਝੁਕਦਿਆਂ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਨੂੰ ਮੰਨ ਲਿਆ।

ਇਹ ਵੀ ਪੜ੍ਹੋ...

ਮਾਨਸਾ 'ਚ DC ਦੇ ਗੰਨਮੈਨ ਨੇ ਪਹਿਲਾਂ ਪਰਿਵਾਰ ਨੂੰ ਮਾਰੀਆਂ ਗੋਲੀਆਂ, ਫਿਰ ਕੀਤੀ ਖੁਦ ਕੁਸ਼ੀ

US Electoral Fraud : ਅਮਰੀਕਾ 'ਚ 28 ਗ੍ਰੀਨ ਕਾਰਡ ਧਾਰਕਾਂ ਸਮੇਤ ਦੋ ਭਾਰਤੀ ਨਾਗਰਿਕਾਂ 'ਤੇ ਚੋਣ ਧੋਖਾਧੜੀ ਦਾ ਦੋਸ਼

Related Post