PM Modi To Skip UN Session : ਪੀਐਮ ਮੋਦੀ ਅਮਰੀਕਾ ’ਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਸੈਸ਼ਨ ’ਚ ਨਹੀਂ ਲੈਣਗੇ ਹਿੱਸਾ
ਸੰਯੁਕਤ ਰਾਸ਼ਟਰ ਮਹਾਸਭਾ ਦਾ 80ਵਾਂ ਸੈਸ਼ਨ 9 ਸਤੰਬਰ ਨੂੰ ਸ਼ੁਰੂ ਹੋਵੇਗਾ। ਉੱਚ-ਪੱਧਰੀ ਆਮ ਬਹਿਸ 23-29 ਸਤੰਬਰ ਤੱਕ ਚੱਲੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਤੰਬਰ ਵਿੱਚ ਨਾ ਤਾਂ ਅਮਰੀਕਾ ਜਾਣਗੇ ਅਤੇ ਨਾ ਹੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਉੱਚ-ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਇਹ ਸੰਭਾਵਨਾ ਹੈ ਕਿ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਭਾਰਤ ਵੱਲੋਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰ ਸਕਦੇ ਹਨ।
ਦੱਸ ਦਈਏ ਕਿ ਪਹਿਲਾਂ ਮੀਡੀਆ ਰਿਪੋਰਟਾਂ ਆਈਆਂ ਸਨ ਕਿ ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਵਿੱਚ ਸ਼ਾਮਲ ਹੋਣਗੇ ਅਤੇ ਉੱਥੇ ਆਪਣੇ ਵਿਚਾਰ ਪੇਸ਼ ਕਰਨਗੇ। ਪਰ ਹੁਣ ਇਹ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਮੋਦੀ ਉੱਥੇ ਨਹੀਂ ਜਾ ਰਹੇ ਹਨ। ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ ਜਦੋਂ ਟਰੰਪ ਦੇ ਟੈਰਿਫ ਬੰਬ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਕੁੜੱਤਣ ਪੈਦਾ ਕਰ ਦਿੱਤੀ ਹੈ।
ਇਹ ਸੰਯੁਕਤ ਰਾਸ਼ਟਰ ਲਈ ਇੱਕ ਮੀਲ ਪੱਥਰ ਮੀਟਿੰਗ ਹੋਵੇਗੀ ਕਿਉਂਕਿ ਸੰਯੁਕਤ ਰਾਸ਼ਟਰ ਇਸ ਸਾਲ 80 ਸਾਲ ਦਾ ਹੋ ਰਿਹਾ ਹੈ। ਜਨਰਲ ਅਸੈਂਬਲੀ ਦਾ ਥੀਮ "ਬੈਟਰ ਟੂਗੇਦਰ: 80 ਸਾਲ ਅਤੇ ਹੋਰ ਸ਼ਾਂਤੀ, ਵਿਕਾਸ ਅਤੇ ਮਨੁੱਖੀ ਅਧਿਕਾਰਾਂ ਲਈ" ਹੈ। ਸੰਯੁਕਤ ਰਾਸ਼ਟਰ ਮਹਾਸਭਾ ਦਾ 80ਵਾਂ ਸੈਸ਼ਨ 9 ਸਤੰਬਰ ਨੂੰ ਸ਼ੁਰੂ ਹੋਵੇਗਾ।
ਇਹ ਉੱਚ-ਪੱਧਰੀ ਆਮ ਬਹਿਸ 23-29 ਸਤੰਬਰ ਤੱਕ ਚੱਲੇਗੀ, ਜਿਸ ਵਿੱਚ ਬ੍ਰਾਜ਼ੀਲ ਸੈਸ਼ਨ ਦਾ ਰਵਾਇਤੀ ਪਹਿਲਾ ਬੁਲਾਰਾ ਹੋਵੇਗਾ, ਉਸ ਤੋਂ ਬਾਅਦ ਅਮਰੀਕਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 23 ਸਤੰਬਰ ਨੂੰ ਵੱਕਾਰੀ ਯੂਐਨਜੀਏ ਪੋਡੀਅਮ ਤੋਂ ਵਿਸ਼ਵ ਨੇਤਾਵਾਂ ਨੂੰ ਸੰਬੋਧਨ ਕਰਨਗੇ, ਜੋ ਕਿ ਵ੍ਹਾਈਟ ਹਾਊਸ ਵਿੱਚ ਆਪਣੇ ਦੂਜੇ ਕਾਰਜਕਾਲ ਵਿੱਚ ਸੰਯੁਕਤ ਰਾਸ਼ਟਰ ਸੈਸ਼ਨ ਨੂੰ ਉਨ੍ਹਾਂ ਦਾ ਪਹਿਲਾ ਸੰਬੋਧਨ ਹੋਵੇਗਾ।
ਇਹ ਪਹਿਲਾਂ ਹੀ ਸਪੱਸ਼ਟ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਸ਼ੀ ਜਿਨਪਿੰਗ ਇਸ ਉੱਚ-ਪੱਧਰੀ ਸੈਸ਼ਨ ਵਿੱਚ ਹਿੱਸਾ ਨਹੀਂ ਲੈਣਗੇ।
ਇਹ ਵੀ ਪੜ੍ਹੋ : Punjab Floods : AAP ਸੁਪਰੀਮੋ ਦੇ ਦੌਰੇ ਨੇ ਕਈ ਘੰਟੇ ਸੁੱਕਣੇ ਪਾਏ ਸਮਾਜ ਸੇਵੀ, VIP ਕਲਚਰ ਕਾਰਨ ਰਾਹਤ ਸਮੱਗਰੀ ਪਹੁੰਚਾਉਣ ਲਈ ਹੋਏ ਖੱਜਲ