Bathinda ’ਚ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ-ਸਾਹਮਣੇ, ਅੱਥਰੂ ਗੈਸ ਦੇ ਦਾਗੇ ਗੋਲੇ, ਇੱਟਾਂ-ਰੋੜਿਆਂ ਨਾਲ ਵੀ ਹਮਲਾ
ਦੱਸ ਦਈਏ ਕਿ ਗਿੱਦੜਬਾਹਾ ਦੇ ਪਿੰਡ ਮੱਲਣ ’ਚ ਕਿਸਾਨ ਆਗੂ ਬਿੱਟੂ ਮੱਲਣ ਦੇ ਘਰ ’ਚ ਛਾਪੇਮਾਰੀ ਹੋਈ ਹੈ। ਪਰ ਉਸ ਸਮੇਂ ਉਹ ਘਰ ’ਚ ਮੌਜੂਦ ਨਹੀਂ ਸੀ।
Bathinda farmer Protest : ਬਠਿੰਡਾ ’ਚ ਕਿਸਾਨਾਂ ਦੇ ਧਰਨੇ ਤੋਂ ਪਹਿਲਾਂ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਤੜਕਸਾਰ ਹੀ ਪੁਲਿਲ ਨੇ ਕਈ ਕਿਸਾਨ ਆਗੂਆਂ ਦੇ ਘਰਾਂ ’ਚ ਛਾਪੇਮਾਰੀ ਕੀਤੀ ਹੈ। ਇਨ੍ਹਾਂ ਹੀ ਨਹੀਂ ਕਈ ਕਿਸਾਨ ਆਗੂਆਂ ਨੂੰ ਘਰਾਂ ’ਚ ਹੀ ਨਜ਼ਰਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।
ਦੱਸ ਦਈਏ ਕਿ ਗਿੱਦੜਬਾਹਾ ਦੇ ਪਿੰਡ ਮੱਲਣ ’ਚ ਕਿਸਾਨ ਆਗੂ ਬਿੱਟੂ ਮੱਲਣ ਦੇ ਘਰ ’ਚ ਛਾਪੇਮਾਰੀ ਹੋਈ ਹੈ। ਪਰ ਉਸ ਸਮੇਂ ਉਹ ਘਰ ’ਚ ਮੌਜੂਦ ਨਹੀਂ ਸੀ।
ਮਿਲੀ ਜਾਣਕਾਰੀ ਮੁਤਾਬਿਕ ਬੀਕੇਯੂ ਉਗਰਾਹਾਂ ਵੱਲੋਂ ਬਠਿੰਡਾ ਡੀਸੀ ਦਫਤਰ ਅੱਗੇ ਧਰਨਾ ਦਿੱਤਾ ਜਾਣਾ ਹੈ ਜਿਸ ਦੇ ਚੱਲਦੇ ਪਹਿਲਾਂ ਹੀ 1500 ਤੋਂ ਵੱਧ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਬਠਿੰਡਾ ਸ਼ਹਿਰ ਨੂੰ ਆਉਣ ਵਾਲੇ ਰਸਤਿਆਂ ’ਚ ਵੀ ਵੱਡੀ ਗਿਣਤੀ ’ਚ ਪੁਲਿਸ ਦੀ ਟੀਮ ਤੈਨਾਤ ਕੀਤੀ ਗਈ ਹੈ। ਕਿਸਾਨ ਸਾਥੀਆਂ ਦੀ ਰਿਹਾਈ ਲਈ ਧਰਨੇ ਦੀ ਇਹ ਕਾਲ ਦਿੱਤੀ ਗਈ ਹੈ।
ਪਿੰਡ ਜਿਉਂਦ ’ਚ ਮਾਹੌਲ ਹੋਇਆ ਤਣਾਅਪੂਰਨ
ਬਠਿੰਡਾ ਦੇ ਪਿੰਡ ਜਿਉਂਦ ਵਿਖੇ ਪੁਲਿਸ ਤੇ ਕਿਸਾਨਾਂ ਵਿਚਾਲੇ ਜਬਰਦਸਤ ਟਕਰਾਅ ਹੋ ਗਿਆ ਹੈ। ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਛੱਡੇ ਗਏ ਹਨ। ਇਸ ਦੌਰਾਨ ਕਿਸਾਨਾਂ ਤੇ ਪੁਲਿਸ ਨੇ ਇੱਕ ਦੂਜੇ ’ਤੇ ਪਥਰਾਅ ਵੀ ਕੀਤਾ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਘਰਾਂ ’ਤੇ ਸੁੱਟੇ ਗਏ ਹਨ ਅਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਜਾਰੀ ਹੈ।
ਕਿਸਾਨਾਂ ਨੂੰ ਕੀਤਾ ਗਿਆ ਨਜਰਬੰਦ
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਬਲਾਕ ਨਾਭਾ ਦੇ ਸਕੱਤਰ ਚਮਕੌਰ ਸਿੰਘ ਘਨੂੜਕੀ ਦੇ ਘਰ ਸਵੇਰੇ ਲਗਭਗ ਸਾਢੇ ਚਾਰ ਵਜੇ ਪੁਲਿਸ ਦੇ ਲਗਭਗ ਛੇ ਮੁਲਾਜ਼ਮ ਉਸ ਨੂੰ ਡਿਟੇਨ ਕਰਨ ਲਈ ਪਹੁੰਚੇ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਪਹੁੰਚ ਗਏ। ਕਿਸਾਨਾਂ ਨੇ 6 ਪੁਲਿਸ ਮੁਲਾਜ਼ਮਾਂ ਨੂੰ ਘਰ ਦੇ ਵਿੱਚ ਹੀ ਘੇਰ ਕੇ ਬਿਠਾ ਲਿਆ ਜਿਸ ਤੋਂ ਬਾਅਦ ਐਸਐਚਓ ਨਾਭਾ ਅਤੇ ਚੌਂਕੀ ਇੰਚਾਰਜ ਨਾਭਾ ਪਹੁੰਚੇ ਅਤੇ ਉਹਨਾਂ ਨੇ ਡੀਐਸਪੀ ਨਾਭਾ ਨਾਲ ਗੱਲ ਕਰਵਾਈ ਜਿਸ ਤੋਂ ਬਾਅਦ ਕਿਸਾਨਾਂ ਅਤੇ ਪੁਲਿਸ ਵਿਚਕਾਰ ਕੁਝ ਗੱਲਾਂ ਨੂੰ ਲੈ ਕੇ ਸਹਿਮਤੀ ਬਣ ਗਈ।
ਸਮਾਣਾ ਤੋਂ ਬਠਿੰਡਾ ਡੀਸੀ ਦਫ਼ਤਰ ਵੱਲ ਧਰਨਾ ਦੇਣ ਜਾ ਰਹੇ ਕਿਸਾਨਾਂ ਨੂੰ ਸਮਾਣਾ–ਭਵਾਨੀਗੜ੍ਹ ਰੋਡ ‘ਤੇ ਪਿੰਡ ਗਾਜੇਵਾਸ ਦੇ ਅੱਡੇ ਨੇੜੇ ਪੁਲਿਸ ਵੱਲੋਂ ਰੋਕ ਲਿਆ ਗਿਆ। ਪੁਲਿਸ ਨੇ ਮਿੱਟੀ ਨਾਲ ਭਰੇ ਟਿੱਪਰ ਟਰੱਕ ਸੜਕ ‘ਤੇ ਖੜੇ ਕਰਕੇ ਰਸਤਾ ਬੰਦ ਕਰ ਦਿੱਤਾ ਕਿਸਾਨ, ਜੋ ਕਿ ਉਗਰਾਹਾ ਗਰੁੱਪ ਦੇ ਵਰਕਰ ਸਨ, ਪਹਿਲਾਂ ਪਿੰਡ ਦੇ ਗੁਰਦੁਆਰੇ ਵਿੱਚ ਇਕੱਠੇ ਹੋਏ ਸਨ। ਇਸ ਦੌਰਾਨ ਪੁਲਿਸ ਨਾਲ ਥੋੜ੍ਹੀ ਖਿੱਚੋਂਤਾਣ ਵੀ ਹੋਈ। ਬਾਅਦ ਵਿੱਚ ਜਦੋਂ ਕਿਸਾਨ ਸੜਕ ‘ਤੇ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਣ ਲਈ ਟਿੱਪਰ ਟਰੱਕ ਲਾ ਕੇ ਰਸਤਾ ਬੰਦ ਕਰ ਦਿੱਤਾ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਬਠਿੰਡਾ ਡੀਸੀ ਦਫ਼ਤਰ ਅੱਗੇ ਧਰਨਾ ਦੇਣ ਜਾ ਰਹੇ ਸਨ ਅਤੇ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ।
ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਗੁਰਦੁਆਰੇ ਵਿੱਚ ਘੇਰਿਆ ਅਤੇ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉੱਧਰ, ਸੜਕ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੰਗਰੂਰ, ਪਾਤੜਾਂ, ਕੈਥਲ ਤੇ ਕੁਰੂਕਸ਼ੇਤਰ ਵੱਲ ਜਾਣ ਵਾਲੇ ਯਾਤਰੀਆਂ ਨੂੰ ਲੰਮਾ ਜਾਮ ਝੇਲਣਾ ਪਿਆ ਅਤੇ ਖਾਸ ਕਰਕੇ ਬਜ਼ੁਰਗਾਂ ਨੂੰ ਦਿੱਕਤ ਆਈ।
ਇਹ ਵੀ ਪੜ੍ਹੋ : Chandigarh CBI ਅਦਾਲਤ ’ਚ ਚੱਲੇਗਾ ਮੁਅੱਤਲ DIG ਹਰਚਰਨ ਸਿੰਘ ਭੁੱਲਰ ਦਾ ਕੇਸ ,ਪੜ੍ਹੋ ਪੂਰਾ ਮਾਮਲਾ