Shiromani Akali Dal : ਪੰਜਾਬ, ਪੰਜਾਬੀ, ਖਾਲਸਾ ਪੰਥ ਤੇ ਅਕਾਲੀ ਦਲ ਦੇ ਵੱਕਾਰ ਨਾਲ ਕਦੇ ਸਮਝੌਤਾ ਨਹੀਂ ਕਰਾਂਗਾ : ਸੁਖਬੀਰ ਸਿੰਘ ਬਾਦਲ

Shiromani Akali Dal News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ ਜਨਮ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਹੀ ਰਾਸ਼ਟਰਵਾਦੀ ਅਤੇ ਪੰਜਾਬ ਦੀ ਆਵਾਜ਼ ਕਰਾਰ ਦਿੱਤਾ ਅਤੇ ਪ੍ਰਣ ਲਿਆ ਕਿ ਉਹ ਆਪਣੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਚੱਲਣਗੇ ਅਤੇ ਕਦੇ ਵੀ ਪੰਜਾਬ, ਪੰਜਾਬੀ, ਖਾਲਸਾ ਪੰਥ ਤੇ ਅਕਾਲੀ ਦਲ ਦੇ ਮਾਣ ਸਨਮਾਨ ਨਾਲ ਸਮਝੌਤਾ ਨਹੀਂ ਕਰਨਗੇ

By  Shanker Badra December 8th 2025 06:09 PM

Shiromani Akali Dal News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ ਜਨਮ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਹੀ ਰਾਸ਼ਟਰਵਾਦੀ ਅਤੇ ਪੰਜਾਬ ਦੀ ਆਵਾਜ਼ ਕਰਾਰ ਦਿੱਤਾ ਅਤੇ ਪ੍ਰਣ ਲਿਆ ਕਿ ਉਹ ਆਪਣੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਚੱਲਣਗੇ ਅਤੇ ਕਦੇ ਵੀ ਪੰਜਾਬ, ਪੰਜਾਬੀ, ਖਾਲਸਾ ਪੰਥ ਤੇ ਅਕਾਲੀ ਦਲ ਦੇ ਮਾਣ ਸਨਮਾਨ ਨਾਲ ਸਮਝੌਤਾ ਨਹੀਂ ਕਰਨਗੇ।

ਇਥੇ ਮਰਹੂਮ ਆਗੂ ਦੇ 98ਵੇਂ ਜਨਮ ਦਿਹਾੜੇ ’ਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ’ਤੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਾਦਲ ਸਾਹਿਬ ਅਸਲ ਮਾਅਨਿਆਂ ਵਿਚ ’ਵਿਕਾਸ ਪੁਰਸ਼’ ਸਨ ਜਿਹਨਾਂ ਨੇ ਮੁੱਖ ਮੰਤਰੀ ਹੁੰਦਿਆਂ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਨਾਲੋਂ ਵੱਧ ਕੰਮ ਕੀਤਾ। ਉਹਨਾਂ ਕਿਹਾ ਕਿ ਤੁਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰੋਗੇ ਤਾਂ ਵੇਖੋਗੇ ਕਿ ਉਹਨਾਂ ਦੇ ਪ੍ਰਾਜੈਕਟ ਕਿਵੇਂ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਇਕੱਲਿਆਂ ਹੀ ਕਿਸਾਨਾਂ ਅਤੇ ਗਰੀਬਾਂ ਦੇ ਜੀਵਨ ਵਿਚ ਨਿਵੇਕਲੀਆਂ ਸਕੀਮਾਂ ਰਾਹੀਂ ਸੁਧਾਰ ਲਿਆਂਦਾ। ਇਹੀ ਕਾਰਨ ਹੈ ਕਿ ਸਾਰੇ ਲੋਕ ਇਹ ਆਖਦੇ ਸਨ ਕਿ ਬਾਦਲ ਸਾਹਿਬ ਉਹਨਾਂ ਦੇ ਵਿਚੋਂ ਹੀ ਸਨ।

ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਬਾਦਲ ਸਾਹਿਬ ਦੇ ਦਰਸਾਏ ਰਾਹ ’ਤੇ ਚੱਲੇਗਾ। ਉਹਨਾਂ ਕਿਹਾ ਕਿ ਉਹ ਇਸ ਵਾਸਤੇ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਉਹਨਾਂ ਦੀ ਹਮਾਇਤ ਕਰਨ ਕਿਉਂਕਿ ਹੁਣ ਹੁਣ ਹੋਰ ਜ਼ਿਆਦਾ ਤਜ਼ਰਬੇ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਸਾਨੂੰ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲ ਹਮੇਸ਼ਾ ਹੀ ਸੂਬੇ ਨੂੰ ਮੌਜੂਦਾ ਸੰਕਟ ਵਿਚੋਂ ਕੱਢਣ ਅਤੇ ਇਸਨੂੰ ਮੁੜ ਵਿਕਾਸ ਤੇ ਖੁਸ਼ਹਾਲੀ ਦੇ ਰਾਹ ’ਤੇ ਪਾਉਣ ਦੀ ਇੱਛਾ ਸ਼ਕਤੀ ਹੈ।

ਸੁਖਬੀਰ ਸਿੰਘ ਬਾਦਲ ਨੇ ਪਿੰਡ ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ ਦੇ ਨਾਅਰਿਆਂ ਦੇ ਵਿਚਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਾਢੇ 12 ਫੁੱਟ ਦੀ ਮੂਰਤੀ ਦਾ ਉਦਘਾਟਨ ਵੀ ਕੀਤਾ। ਇਹ ਬੁੱਤ ਗੁਰਪ੍ਰੀਤ ਸਿੰਘ ਧੂਰੀ ਨੇ ਤਿਆਰ ਕੀਤਾ ਹੈ। ਇਸਦੇ ਪਿੱਛੇ ਅਕਾਲੀ ਦਲ ਦਾ 70 ਫੁੱਟ ਉੱਚਾ ਝੰਡਾ ਵੀ ਲਗਾਇਆ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਮਰਹੂਮ ਆਗੂ ਦੇ ਜੀਵਨ, ਪ੍ਰਾਪਤੀਆਂ ਤੇ ਫਲਸਫੇ ਨੂੰ ਦਰਸਾਉਂਦੇ ਮਿਊਜ਼ੀਅਮ ਦਾ ਵੀ ਪਿੰਡ ਵਿਚ ਉਦਘਾਟਨ ਕੀਤਾ ਜਾਵੇਗਾ ਅਤੇ ਜਿਸ ਆਰਕੀਟੈਕਟ ਨੇ ਵਿਰਾਸ ਏ ਖਾਲਸਾ ਪ੍ਰਾਜੈਕਟ ਬਣਾਇਆ ਸੀ, ਉਸੇ ਨੇ ਇਸਦੀ ਸਿਰਜਣਾ ਕੀਤੀ ਹੈ।

ਇਸ ਮੌਕੇ ’ਤੇ ਵੱਡੀ ਗਿਣਤੀ ਆਗੂਆਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ ,ਜਿਹਨਾਂ ਵਿਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਧਾਨ ਸ੍ਰੀ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਬਾਦਲ ਸਾਹਿਬ ਨੇ ਗਰੀਬਾਂ ਤੇ ਦਬੇ ਕੁਚਲੇ ਵਰਗ ਵਾਸਤੇ ਬਹੁਤ ਕੁਝ ਕੀਤਾ ਤੇ ਉਹਨਾਂ ਅਪੀਲ ਕੀਤੀ ਕਿ ਉਹਨਾਂ ਦੇ ਜਨਮ ਦਿਹਾੜੇ ਨੂੰ ’ਸਦਭਾਵਨਾ ਦਿਹਾੜੇ’ ਵਜੋਂ ਮਨਾਇਆ ਜਾਵੇ।

ਇਸ ਮੌਕੇ ਸੀਨੀਅਰ ਭਾਜਪਾ ਆਗੂਆਂ ਮਨਪ੍ਰੀਤ ਸਿੰਘ ਬਾਦਲ ਤੇ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਇਹ ਵੀ ਗੱਲ ਕੀਤੀ ਕਿ ਕਿਵੇਂ ਪ੍ਰਧਾਨ ਮੰਤਰੀਆਂ ਤੋਂ ਲੈ ਕੇ ਵੱਡੇ-ਵੱਡੇ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਤਿਕਾਰ ਕਰਦੇ ਸਨ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾ ਸਿਰਫ ਵੱਡੇ ਸੁਫਨੇ ਵੇਖਦੇ ਸਨ ਬਲਕਿ ਉਹ ਪੰਜਾਬ ਦੀ ਬੇਹਤਰੀ ਵਾਸਤੇ ਸੁਫਨਿਆਂ ਨੂੰ ਯਥਾਰਥ ਵਿਚ ਵੀ ਬਦਲਦੇ ਸਨ।

ਸੀਪੀਆਈ ਦੇ ਆਗੂ ਹਰਦੇਵ ਅਰਸ਼ੀ ਨੇ ਦੱਸਿਆ ਕਿ ਕਿਵੇਂ ਮਰਹੂਮ ਆਗੂ ਨੇ ਗਰੀਬਾਂ ਵਾਸਤੇ ਕੰਮ ਕੀਤਾ। ਉਹਨਾਂ ਕਿਹਾ ਕਿ ਇਹ ਸਰਦਾਰ ਬਾਦਲ ਸਨ ,ਜਿਹਨਾਂ ਨੇ 1979 ਵਿਚ ਵਿਧਵਾ ਪੈਨ਼ਸ਼ਨ ਸ਼ੁਰੂ ਕੀਤੀ ਤੇ ਧਰਮਸ਼ਾਲਾਵਾਂ ਸਥਾਪਿਤ ਕੀਤੀਆਂ ਅਤੇ ਗਰੀਬ ਪੱਖੀ ਆਟਾ ਦਾਲ ਸਕੀਮ ਤੇ ਸ਼ਗਨ ਸਕੀਮ ਸ਼ੁਰੂ ਕੀਤੀਆਂ। ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਕਿਵੇਂ ਸਰਦਾਰ ਬਾਦਲ ਨੇ ਆਪਣੇ ਆਦਰਸ਼ਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ ਅਤੇ ਕਿਵੇਂ ਇੰਦਰਾ ਗਾਂਧੀ ਵੱਲੋਂ ਲੁਭਾਊ ਪੇਸ਼ਕਸ਼ਾਂ ਦੇ ਬਾਵਜੂਦ ਵੀ ਸਮਝੌਤੇ ਨਹੀਂ ਕੀਤੇ।

Related Post