ਭਾਰਤ ਤੋਂ ਪਰਚਾਰਕ ਸਿੰਘ ਤੇ ਰਾਗੀ ਜਥੇ ਪਾਕਿਸਤਾਨ ਰਵਾਨਾ

By  Jasmeet Singh January 17th 2023 07:50 PM

ਅੰਮ੍ਰਿਤਸਰ, 17 ਜਨਵਰੀ (ਮਨਿੰਦਰ ਸਿੰਘ ਮੋਂਗਾ): ਪਾਕਿਸਤਾਨ ਦੇ ਸੂਬਾ ਸਿੰਧ ਵਿਖੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਤਿੰਨ ਦਿਨਾ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਅੱਜ ਭਾਰਤ ਅਟਾਰੀ ਸਰਹੱਦ ਰਸਤੇ ਪੰਥ ਪ੍ਰਸਿੱਧ ਧਾਰਮਕ ਸ਼ਖ਼ਸ਼ੀਅਤਾਂ ਰਾਗੀ ਤੇ ਪ੍ਰਚਾਰਕ ਅਕਸਨ ਲਈ ਰਵਾਨਾ ਹੋ ਗਏ। 

ਭਾਰਤ ਤੋਂ ਵਾਹਗਾ ਪਾਕਿ ਵਿਖੇ ਪੁੱਜਣ 'ਤੇ ਭਾਰਤੀ ਸਿੱਖ ਧਾਰਮਿਕ ਸ਼ਖਸੀਅਤਾਂ ਦਾ ਪਾਕਿਸਤਾਨੀ ਸਿੱਖ ਆਗੂ ਜਸਵੀਰ ਸਿੰਘ ਜੱਸੀ ਦੇਹਰਕੀ ਸਿੰਧ ਵੱਲੋਂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਨਿੱਘਾ ਸਵਾਗਤ ਫੁੱਲਾਂ ਦੇ ਗੁਲਦਸਤੇ ਤੇ ਗੁਲਾਬ ਦੇ ਫੁੱਲਾਂ ਦੇ ਸਿਹਰੇ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਜੱਸੀ ਦੇਹਰਕੀ ਸਿੰਧ ਨੇ ਦੱਸਿਆ ਕਿ ਗੁਰਦੁਆਰਾ ਬਾਬਾ ਨਾਨਕ ਸ਼ਾਹ ਸਿੰਧ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। 

ਜਿਸ ਵਿੱਚ ਭਾਰਤ ਤੋਂ ਇਲਾਵਾ ਨਿਊਜ਼ੀਲੈਂਡ ਅਤੇ ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ ਤੋਂ ਸੰਗਤਾਂ ਇਕੱਤਰ ਹੋ ਕੇ ਵੱਡੀ ਗਿਣਤੀ ਵਿਚ ਇਥੇ ਪੁੱਜ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 18 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤਿੰਨ ਦਿਨਾਂ ਇਸ ਸਮਾਗਮ ਵਿੱਚ ਭਾਰਤ ਤੋਂ ਪੁੱਜੇ ਪ੍ਰਸਿੱਧ ਰਾਗੀ ਜਥੇ ਧਾਰਮਕ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 

ਉਨ੍ਹਾਂ ਦੱਸਿਆ ਕਿ 20 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਹਿਰ ਦੇਹਰਕੀ ਕਿ ਸਿੰਧ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਜਿਸ ਦੌਰਾਨ ਪਾਕਿਸਤਾਨੀ ਵੱਖ-ਵੱਖ ਸ਼ਹਿਰਾਂ ਤੋਂ ਆਏ ਗੁਰਸਿੱਖ ਬੱਚੇ ਬੱਚੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਅੱਗੇ ਗਤਕੇ ਦੇ ਜੌਹਰ ਵਿਖਾਉਣਗੇ। 

ਉਨ੍ਹਾਂ ਦੱਸਿਆ ਕਿ ਭਾਰਤ ਤੋਂ ਪੁਜੀਆ ਧਾਰਮਕ ਸ਼ਖ਼ਸ਼ੀਅਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮਭੂਮੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਉਪਰੰਤ ਰਾਤ ਨੂੰ ਸਿੰਧ ਲਈ ਰਵਾਨਾ ਹੋਣਗੇ, ਜਿੱਥੇ ਪੁੱਜਣ 'ਤੇ ਇਹਨਾਂ ਧਾਰਮਿਕ ਸ਼ਖ਼ਸੀਅਤਾਂ ਦਾ ਸਿੰਧੀ ਸੰਗਤਾਂ ਦੇ ਸਿੱਖ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ।

Related Post