ਪ੍ਰਨੀਤ ਕੌਰ ਨੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਪੱਤਰ, ਕੀਤੀ ਇਹ ਵੱਡੀ ਮੰਗ

By  Pardeep Singh November 7th 2022 04:09 PM

ਪਟਿਆਲਾ: ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਪੱਤਰ ਲਿਖ ਕੇ ਪੰਜਾਬ ਤੋਂ  ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦੀ ਬੇਨਤੀ ਕੀਤੀ।

ਕੇਂਦਰੀ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਪ੍ਰਨੀਤ ਕੌਰ ਨੇ ਲਿਖਿਆ ਹੈ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਹੁਤ ਹੀ ਸਤਿਕਾਰਯੋਗ ਇਤਿਹਾਸਕ ਧਾਰਮਿਕ ਸਥਾਨ ਹੈ ਅਤੇ ਹਰ ਸਾਲ ਪੰਜਾਬ ਅਤੇ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ।

ਉਸ ਨੇ ਅੱਗੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਜਿਸ ਨੇ ਵਿਸ਼ਵ ਨੂੰ ਠੱਪ ਕਰ ਦਿੱਤਾ ਸੀ, ਉਸ ਤੋਂ ਪਹਿਲਾਂ ਪੰਜਾਬ ਤੋਂ ਮਹਾਰਾਸ਼ਟਰ ਦੇ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਲਈ ਸਿੱਧੀਆਂ ਉਡਾਣਾਂ ਉਪਲਬਧ ਸਨ ਪਰ ਹੁਣ ਦੇਸ਼ ਵਿੱਚ ਜ਼ਿਆਦਾਤਰ ਉਡਾਣਾਂ ਮੁੜ ਸ਼ੁਰੂ ਹੋਣ ਤੋਂ ਬਾਅਦ ਵੀ, ਪੰਜਾਬ ਤੋਂ ਸ੍ਰੀ ਹਜ਼ੂਰ ਸਾਹਿਬ ਤੱਕ ਦੀ ਸਿੱਧੀ ਉਡਾਣ ਦੀ ਸਹੂਲਤ ਨਹੀਂ ਹੈ, ਜਿਸ ਕਾਰਨ ਸ਼ਰਧਾਲੂਆਂ ਖਾਸ ਕਰਕੇ ਬਜ਼ੁਰਗਾਂ, ਮਰੀਜ਼ਾਂ ਅਤੇ ਸਰੀਰਕ ਤੌਰ 'ਤੇ ਅਪਾਹਜ ਸ਼ਰਧਾਲੂਆਂ ਨੂੰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਅਤੇ ਇਸ ਇਤਿਹਾਸਕ ਅਸਥਾਨ 'ਤੇ ਨਤਮਸਤਕ ਹੋਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਦਿਨ ਵਿੱਚ ਘੱਟੋ-ਘੱਟ ਇੱਕ ਵਾਰ ਚੰਡੀਗੜ੍ਹ ਹਵਾਈ ਅੱਡੇ ਅਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਹਜ਼ੂਰ ਸਾਹਿਬ, ਨਾਂਦੇੜ ਨੂੰ ਸਿੱਧੀਆਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਰਧਾਲੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰ ਸਕਣ।

ਉਨ੍ਹਾਂ ਨੇ 29 ਦਸੰਬਰ ਨੂੰ ਆਉਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਾਮੀ ਗੁਰਪੁਰਬ ਲਈ ਯਾਤਰਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਸ ਮਹੱਤਵਪੂਰਨ ਮੰਗ ਨੂੰ ਤੁਰੰਤ ਤਰਜੀਹ ਦੇਣ ਅਤੇ ਸਮੇਂ ਸਿਰ ਉਡਾਣਾਂ ਮੁੜ ਸ਼ੁਰੂ ਕਰਨ ਦੀ ਬੇਨਤੀ ਕਰਦਿਆਂ ਆਪਣੀ ਚਿੱਠੀ ਦਾ ਅੰਤ ਕੀਤਾ।

ਇਹ ਵੀ ਪੜ੍ਹੋ : ਝਾਰਖੰਡ ਦੇ ਜਮਸ਼ੇਦਪੁਰ 'ਚ ਵਿਦੇਸ਼ੀ ਸੱਪ ਸਮੇਤ ਔਰਤ ਗ੍ਰਿਫ਼ਤਾਰ

Related Post