ਅੱਜ ਪੰਜਾਬ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ, ਡੇਰਾ ਬਿਆਸ ਮੁਖੀ ਨਾਲ ਕਰਨਗੇ ਮੁਲਾਕਾਤ

By  Jasmeet Singh November 5th 2022 10:38 AM

ਬਿਆਸ, 5 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਪਹੁੰਚਣਗੇ। ਚਰਚਾ ਹੈ ਕਿ ਪਹਿਲਾਂ ਉਹ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਨੂੰ ਮਿਲਣਗੇ। ਅਟਕਲਾਂ ਲਾਈਆਂ ਜਾ ਰਹੀਆਂ ਨੇ ਕਿ ਇਹ ਇੱਕ ਸਿਆਸੀ ਦੌਰਾ ਹੋ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਆਮਦ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਵੀ ਵੱਡੀ ਗਿਣਤੀ ਵਿੱਚ ਡੇਰਾ ਬਿਆਸ ਦੇ ਪੈਰੋਕਾਰ ਹਨ। ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਹਿਮਾਚਲ ਵਿੱਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ ਨੂੰ ਸੁੰਦਰਨਗਰ ਵਿੱਚ ਅਤੇ ਬਾਅਦ ਦੁਪਹਿਰ ਸੋਲਨ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਉਹ 9 ਨਵੰਬਰ ਨੂੰ ਕਾਂਗੜਾ ਦੇ ਸ਼ਾਹਪੁਰ ਚੰਬੀ ਮੈਦਾਨ 'ਚ ਚੋਣ ਰੈਲੀ ਕਰਨਗੇ। ਪ੍ਰਧਾਨ ਮੰਤਰੀ ਉਸੇ ਦਿਨ ਹਮੀਰਪੁਰ ਦੇ ਸੁਜਾਨਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। 

ਪ੍ਰਧਾਨ ਮੰਤਰੀ ਦੇ ਪੰਜਾਬ ਆਉਣ ਤੋਂ ਪਹਿਲਾਂ ਸੁਰੱਖਿਆ ਪ੍ਰਬੰਧ ਮਜ਼ਬੂਤ ​​ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਬਿਆਸ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪੁਲਿਸ ਨੂੰ ਵੀ ਇਸ ਸਬੰਧੀ ਪੁਖਤਾ ਸੁਰੱਖਿਆ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੂਤਰਾਂ ਦਾ ਕਹਿਣਾ ਕਿ ਡੇਰਾ ਬਿਆਸ ਦੇ ਮੁਖੀ ਨੂੰ ਮਿਲਣ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਵੀ ਮੱਥਾ ਟੇਕਣ ਜਾ ਸਕਦੇ ਹਨ ਪਰ ਬੀਤੇ ਕੱਲ ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਹੋਏ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਸ੍ਰੀ ਹਰਿਮੰਦਰ ਸਾਹਿਬ ਦੌਰਾ ਰੱਦ ਹੋਣਾ ਤੈਅ ਹੈ ਕਿਉਂਕਿ ਸ਼ਹਿਰ ਦੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ। 

ਪ੍ਰਧਾਨ ਮੰਤਰੀ ਵਿਰੁੱਧ ਪ੍ਰਦਰਸ਼ਨ ਦੀ ਤਿਆਰੀ 'ਚ ਕਿਸਾਨ 

ਪ੍ਰਧਾਨ ਮੰਤਰੀ ਦੇ ਬਿਆਸ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ ਤੇ ਉਨ੍ਹਾਂ ਡੇਰਾ ਮੁਖੀ ਨੂੰ ਵੀ ਪ੍ਰਧਾਨ ਮੰਤਰੀ ਨੂੰ ਨਾ ਮਿਲਣ ਦੀ ਅਪੀਲ ਕੀਤੀ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਕਿਸਾਨ ਤੇ ਪੱਤਰਕਾਰ ਦੇ ਕਤਲ ਕੇਸ ਵਿੱਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਪ੍ਰਧਾਨ ਮੰਤਰੀ 'ਤੇ ਲਖੀਮਪੁਰ ਖੀਰੀ 'ਚ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਵੀ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਇਸ ਨੂੰ ਲੈ ਕੇ ਕਿਸਾਨਾਂ ਵਿੱਚ ਪ੍ਰਧਾਨ ਮੰਤਰੀ ਖ਼ਿਲਾਫ਼ ਭਾਰੀ ਰੋਸ ਹੈ।

ਬਿਆਸ ਵਿਖੇ ਪ੍ਰਾਇਵੇਟ ਡਰੋਨ/ਕਵਾਡਕਾਪਟਰ ਦੇ ਉਡਾਣ ਭਰਣ 'ਤੇ ਪਾਬੰਦੀ

ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਆਈ.ਏ.ਐਸ. ਹਰਪ੍ਰੀਤ ਸਿੰਘ ਸੂਦਨ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਵੀ.ਵੀ.ਆਈ.ਪੀ. ਦੀ ਆਮਦ ਨੂੰ ਮੁੱਖ ਰੱਖਦਿਆਂ ਰਾਧਾ ਸੁਆਮੀ ਸਤਸੰਗ ਬਿਆਸ, ਡੇਰਾ ਬਾਬਾ ਜੈਮਲ ਸਿੰਘ, ਸਬ ਤਹਿਸੀਲ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਅਤੇ ਇਸ ਦੇ ਆਲੇ ਦੁਆਲੇ 5 ਕਿਲੋਮੀਟਰ ਦੇ ਘੇਰੇ ਅੰਦਰ ਪ੍ਰਾਇਵੇਟ ਡਰੋਨ/ਕਵਾਡਕਾਪਟਰ ਦੇ ਉਡਾਣ ਭਰਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਪਾਬੰਦੀ ਦੇ ਹੁਕਮ 6 ਨਵੰਬਰ 2022 ਤੱਕ ਲਾਗੂ ਰਹਿਣਗੇ।

Related Post