Tarn Taran ਦੇ ਲਾਅ ਕਾਲਜ ਚ ਕਲਾਸਮੇਟ ਦਾ ਕਤਲ ਕਰਨ ਵਾਲੇ ਪ੍ਰਿੰਸ ਰਾਜ ਨੇ ਵੀ ਤੋੜ੍ਹਿਆ ਦਮ,ਜਾਣੋ ਪੂਰਾ ਮਾਮਲਾ

Tarn Taran Law Student Murder Case : ਤਰਨਤਾਰਨ ਦੇ ਪਿੰਡ ਉਸਮਾ ਸਥਿਤ ਇੱਕ ਲਾਅ ਕਾਲਜ 'ਚ ਵਿਦਿਆਰਥਣ ਨੂੰ ਇੱਕਪਾਸੜ ਪਿਆਰ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਕਲਾਸਮੇਟ ਪ੍ਰਿੰਸ ਰਾਜ ਸਿੰਘ ਨੇ ਵੀ ਵੀਰਵਾਰ ਸਵੇਰੇ ਹਸਪਤਾਲ 'ਚ ਦਮ ਤੋੜ ਦਿੱਤਾ। ਉਸ ਦਾ ਇਲਾਜ਼ ਬੀਤੇ ਤਿੰਨ ਦਿਨਾਂ ਤੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ‘ਚ ਚੱਲ ਰਿਹਾ ਸੀ ਪਰ ਅੱਜ ਸਵੇਰ ਉਸ ਨੇ ਵੀ ਦਮ ਤੋੜ੍ਹ ਦਿੱਤਾ ਹੈ

By  Shanker Badra February 12th 2026 01:01 PM

Tarn Taran Law Student Murder Case : ਤਰਨਤਾਰਨ ਦੇ ਪਿੰਡ ਉਸਮਾ ਸਥਿਤ ਇੱਕ ਲਾਅ ਕਾਲਜ 'ਚ ਵਿਦਿਆਰਥਣ ਨੂੰ ਇੱਕਪਾਸੜ ਪਿਆਰ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਕਲਾਸਮੇਟ ਪ੍ਰਿੰਸ ਰਾਜ ਸਿੰਘ ਨੇ ਵੀ ਵੀਰਵਾਰ ਸਵੇਰੇ ਹਸਪਤਾਲ 'ਚ ਦਮ ਤੋੜ ਦਿੱਤਾ। ਉਸ ਦਾ ਇਲਾਜ਼ ਬੀਤੇ ਤਿੰਨ ਦਿਨਾਂ ਤੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ‘ਚ ਚੱਲ ਰਿਹਾ ਸੀ ਪਰ ਅੱਜ ਸਵੇਰ ਉਸ ਨੇ ਵੀ ਦਮ ਤੋੜ੍ਹ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੌਰ (19) ਵਾਸੀ ਨੌਸ਼ਹਿਰਾ ਪੰਨੂਆਂ ਪਿੰਡ ਉਸਮਾ ਸਥਿਤ ਕਾਲਜ ਆਫ ਲਾਅ ਵਿੱਚ ਸੈਕਿੰਡ ਸਮੈਸਟਰ ਦੀ ਵਿਦਿਆਰਥਣ ਸੀ। ਸੋਮਵਾਰ ਸਵੇਰੇ ਜਦੋਂ ਉਹ ਕਾਲਜ ਪਹੁੰਚੀ ਤਾਂ ਕਲਾਸ ਵਿੱਚ ਹੋਰ ਵਿਦਿਆਰਥੀਆਂ ਦੇ ਨਾਲ ਕੁਝ ਲੜਕੇ ਵੀ ਮੌਜੂਦ ਸਨ। ਇਸ ਦੌਰਾਨ ਪ੍ਰਿੰਸ ਰਾਜ ਸਿੰਘ (19) ਵਾਸੀ ਪਿੰਡ ਮਲੀਆਂ ਨੇ ਸੰਦੀਪ ਕੌਰ ਨੂੰ ਦੋਸਤੀ ਲਈ ਪ੍ਰਪੋਜ਼ ਕੀਤਾ ਪਰ ਇਨਕਾਰ ਮਿਲਣ ’ਤੇ ਉਸਨੇ ਆਪਣੀ ਡੱਬ ਵਿੱਚ ਰੱਖੇ ਰਿਵਾਲਵਰ ਨਾਲ ਫਾਇਰ ਕਰ ਦਿੱਤਾ।

ਗੋਲੀ ਲੱਗਣ ਨਾਲ ਸੰਦੀਪ ਕੌਰ ਦੀ ਕਲਾਸ ਵਿੱਚ ਹੀ ਮੌਕੇ ’ਤੇ ਮੌਤ ਹੋ ਗਈ। ਇਸ ਤੋਂ ਤੁਰੰਤ ਬਾਅਦ ਪ੍ਰਿੰਸ ਰਾਜ ਸਿੰਘ ਨੇ ਆਪਣੀ ਕੰਨਪਟੀ ਉਪਰ ਗੋਲੀ ਮਾਰ ਲਈ ਅਤੇ ਉਹ ਜ਼ਮੀਨ ’ਤੇ ਡਿੱਗ ਪਿਆ। ਜਿਸ ਮਗਰੋਂ ਮੁਲਜ਼ਮ ਵਿਦਿਆਰਥੀ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਸੀ। ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ। ਤਰਨਤਾਰਨ ਪੁਲਸ ਵੱਲੋਂ ਪ੍ਰਿੰਸ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ।

ਪਰਿਵਾਰਕ ਜਾਣਕਾਰੀ ਮੁਤਾਬਕ ਪ੍ਰਿੰਸ ਰਾਜ ਸਿੰਘ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਸੰਦੀਪ ਕੌਰ ਨੂੰ ਜ਼ਬਰਦਸਤੀ ਦੋਸਤੀ ਲਈ ਤੰਗ ਕਰ ਰਿਹਾ ਸੀ, ਪਰ ਉਹ ਆਪਣੀ ਪੜ੍ਹਾਈ ’ਤੇ ਧਿਆਨ ਦਿੰਦਿਆਂ ਸਾਫ ਇਨਕਾਰ ਕਰਦੀ ਰਹੀ। ਇਸੇ ਰੰਜਿਸ਼ ਦੇ ਚੱਲਦਿਆਂ ਉਸਨੇ ਕਾਲਜ ਦੀ ਕਲਾਸ ਵਿੱਚ ਇਹ ਖੂਨੀ ਵਾਰਦਾਤ ਅੰਜਾਮ ਦਿੱਤਾ। 

ਦੱਸ ਦੇਈਏ ਕਿ ਪੁਲਿਸ ਨੇ ਬੁੱਧਵਾਰ ਨੂੰ ਸੰਦੀਪ ਕੌਰ ਦਾ ਪੋਸਟਮਾਰਟਮ ਕਰਵਾਇਆ ਸੀ। ਡੀ.ਐਸ.ਪੀ. ਜਗਬੀਰ ਸਿੰਘ ਨੇ ਦੱਸਿਆ ਕਿ ਹੁਣ ਪ੍ਰਿੰਸ ਰਾਜ ਸਿੰਘ ਦੇ ਲਾਸ਼ ਦਾ ਵੀ ਪੋਸਟਮਾਰਟਮ ਕਰਵਾਇਆ ਜਾਵੇਗਾ। ਪ੍ਰਿੰਸ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਦਕਿ ਸੰਦੀਪ ਕੌਰ 7 ਭੈਣ-ਭਰਾਵਾਂ ਵਿੱਚੋਂ ਇੱਕ ਸੀ। ਉਹ ਜੱਜ ਬਣਨ ਦਾ ਸੁਪਨਾ ਲੈ ਕੇ ਕਾਨੂੰਨ ਦੀ ਪੜ੍ਹਾਈ ਕਰ ਰਹੀ ਸੀ। ਉਸਦੇ ਪਿਤਾ ਹੀਰਾ ਸਿੰਘ ਦੀ ਲਗਭਗ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। 

Related Post