Mohali ’ਚ ਨਕਸ਼ਾ ਫੀਸਾਂ ਨੂੰ ਲੈ ਕੇ ਕੀਤੇ ਗਏ ਵਾਧੇ ਦੇ ਰੋਸ ਵਜੋਂ ਨਗਰ ਕੌਂਸਲ ਦਫਤਰ ਦੇ ਬਾਹਰ ਧਰਨਾ

ਇਸ ਮੌਕੇ ਬੋਲਦਿਆਂ ਕਮਲ ਕਿਸ਼ੋਰ ਸ਼ਰਮਾ, ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਸੂਦ, ਬਿਲਡਰ ਐਸੋਸੀਏਸ਼ਨ ਦੇ ਪ੍ਰਧਾਨ ਓਮ ਪ੍ਰਕਾਸ਼ ਥਿੰਦ ਅਤੇ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਮਿਊਨਸੀਪਲ ਕਮੇਟੀ ਦੇ ਅੰਦਰ ਪਲਾਟ ਰੈਗੂਲਰ ਕਰਾਉਣ ਲਈ ਫੀਸਾਂ ਦੇ ਵਿੱਚ ਬਹੁਤ ਵੱਡਾ ਵਾਧਾ ਕੀਤਾ ਗਿਆ ਹੈ ਜੋ ਕਿ ਸੂਬੇ ਦੇ ਲੋਕਾਂ ਤੇ ਸਿੱਧਾ ਬੋਝ ਹੈ।

By  Aarti December 6th 2025 12:11 PM

ਸੂਬਾ ਸਰਕਾਰ ਵੱਲੋਂ ਨਗਰ ਕੌਂਸਲਾਂ ਦੇ ਵਿੱਚ ਨਕਸ਼ਾ ਫੀਸਾਂ ਨੂੰ ਲੈ ਕੇ ਕੀਤੇ ਗਏ ਵਾਧੇ ਦੇ ਰੋਸ ਵਿੱਚ ਨਗਰ ਕੌਂਸਲ ਦਫਤਰ ਦੇ ਗੇਟ ਦੇ ਬਿਲਡਰਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਪ੍ਰਦਰਸ਼ਨ ਜਿਲਾ ਕਾਂਗਰਸ ਮੋਹਾਲੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਅਗਵਾਈ ਦੇ ਵਿੱਚ ਖਰੜ ਸ਼ਹਿਰ ਦੇ ਬਿਲਡਰਾਂ ਵੱਲੋਂ ਕੀਤਾ ਗਿਆ। 

ਇਸ ਮੌਕੇ ਬੋਲਦਿਆਂ ਕਮਲ ਕਿਸ਼ੋਰ ਸ਼ਰਮਾ, ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਸੂਦ, ਬਿਲਡਰ ਐਸੋਸੀਏਸ਼ਨ ਦੇ ਪ੍ਰਧਾਨ ਓਮ ਪ੍ਰਕਾਸ਼ ਥਿੰਦ ਅਤੇ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਮਿਊਨਸੀਪਲ ਕਮੇਟੀ ਦੇ ਅੰਦਰ ਪਲਾਟ ਰੈਗੂਲਰ ਕਰਾਉਣ ਲਈ ਫੀਸਾਂ ਦੇ ਵਿੱਚ ਬਹੁਤ ਵੱਡਾ ਵਾਧਾ ਕੀਤਾ ਗਿਆ ਹੈ ਜੋ ਕਿ ਸੂਬੇ ਦੇ ਲੋਕਾਂ ਤੇ ਸਿੱਧਾ ਬੋਝ ਹੈ। ਉਨ੍ਹਾਂ ਕਿਹਾ ਕੇ ਜਿਵੇਂ ਪਹਿਲਾਂ ਐਨਓਸੀ ਦੀ ਫੀਸ 1084 ਰੁਪਏ ਸੀ ਉਹ ਹੁਣ 2100 ਦੇ ਕਰੀਬ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ 4 ਜੂਨ 2025 ਤੋਂ ਬਾਅਦ ਜਿੰਨੀਆਂ ਵੀ ਐਨਓਸੀਆਂ ਹੋਈਆਂ ਉਹਨਾਂ ’ਤੇ ਵੀ ਹੁਣ ਵਾਧਾ ਕੀਤਾ ਗਿਆ ਹੈ ਜਦਕਿ ਸਰਕਾਰ ਵੱਲੋਂ ਐਨਓਸੀ ਦੀਆਂ ਫੀਸਾਂ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤਾ ਵਾਧਾ ਸਿੱਧਾ ਆਮ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਹੈ। ਉਹਨਾਂ ਕਿਹਾ ਕਿ ਅੱਜ ਸਰਕਾਰ ਨੂੰ ਜਗਾਉਣ ਦੇ ਲਈ ਇਹ ਰੋਸ ਧਰਨਾ ਦਿੱਤਾ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਸੰਘਰਸ਼ ਕਰਕੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ।

ਇਸ ਮੌਕੇ ਮਹਿਲਾ ਕਾਂਗਰਸ ਪ੍ਰਧਾਨ ਸਵਰਨਜੀਤ ਕੌਰ, ਸੈਣੀ ਮਹਾਂਸਭਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਨਿਰਮਲ ਸਿੰਘ ਸੈਣੀ, ਕੌਂਸਲਰ ਮਾਨ ਸਿੰਘ ਸੈਣੀ, ਅਮਨਦੀਪ ਸਿੰਘ ਅੰਮੂ ਸਮੇਤ ਕੁਝ ਕੁ ਬਿਲਡਰ ਡੀਲਰ ਮੌਜੂਦ ਸਨ।

ਧਰਨੇ ਨੂੰ ਨਹੀਂ ਮਿਲਿਆ ਆਮ ਲੋਕਾਂ ਦਾ ਸਮਰਥਨ- ਜ਼ਿਲ੍ਹਾ ਕਾਂਗਰਸ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਅਗਵਾਈ ਵਿੱਚ ਲੱਗੇ ਇਸ ਰੋਸ ਧਰਨੇ ਦੇ ਵਿੱਚ ਕੁਝ ਕੁ ਹੀ ਬਿਲਡਰ ਡੀਲਰਾਂ ਨੇ ਸ਼ਮੂਲੀਅਤ ਕੀਤੀ। ਇਸ ਰੋਸ ਧਰਨੇ ਦੇ ਵਿੱਚ ਕੁਝ ਕਾਂਗਰਸੀ ਆਗੂਆਂ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਨੇ ਕਿਨਾਰਾ ਬਣਾ ਕੇ ਰੱਖਿਆ। ਇਸ ਮੌਕੇ ਰੋਸ ਧਰਨੇ ਦੇ ਹੱਕ ਦੇ ਵਿੱਚ ਆਏ ਕੁਝ ਨੌਜਵਾਨਾਂ ਨੂੰ ਇੱਕ ਸਾਈਡ ਖੜਾ ਦੇਖ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਸੂਦ  ਬਿਠਾਉਂਦੇ ਦਿਖਾਈ ਦਿੱਤੇ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਇਕੱਠ ਨਾ ਹੋਣ ’ਤੇ ਬੁਲਾਰਿਆਂ ਨੇ ਕਿਹਾ ਕਿ ਅੱਜ ਸਿਰਫ ਰੋਸ ਧਰਨੇ ਦੀ ਸ਼ੁਰੂਆਤ ਹੀ ਕੀਤੀ ਹੈ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਦੇ ਇਕੱਠ ਕਰਕੇ ਸਰਕਾਰ ਦੇ ਖਿਲਾਫ ਮੋਰਚਾ ਲਗਾਇਆ ਜਾਵੇਗਾ। 

ਇਸ ਮੌਕੇ ਬਿਲਡਰ ਐਸੋਸੀਏਸ਼ਨ ਦੇ ਪ੍ਰਧਾਨ ਓਮ ਪ੍ਰਕਾਸ਼ ਥਿੰਦ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਖਰੜ ਨਗਰ ਕੌਂਸਲ ਦੇ ਵਿੱਚ ਰਿਸ਼ਵਤ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਉਹਨਾਂ ਕਥਿਤ ਤੌਰ ’ਤੇ ਇਲਜ਼ਾਮ ਲਗਾਉਂਦੇ ਆ ਕਿਹਾ ਕਿ ਉਹ ਹੁਣ ਤੱਕ ਕਰੋੜਾਂ ਰੁਪਇਆ ਨਗਰ ਕੌਂਸਲ ਨੂੰ ਆਪਣਾ ਕੰਮ ਕਰਵਾਉਣ ਲਈ ਦੇ ਚੁੱਕੇ ਹਨ। 

ਇਸ ਮਾਮਲੇ ਸੰਬੰਧੀ ਜਦੋਂ ਕਾਰਜ ਸਾਦਕ ਅਫਸਰ ਖਰੜ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਫੀਸਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਨੋਟੀਫਿਕੇਸ਼ਨ ਦੇ ਮੁਤਾਬਕ ਹੀ ਫੀਸਾਂ ਲਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਨੋਟੀਫਿਕੇਸ਼ਨ ਅਨੁਸਾਰ 4 ਜੂਨ 2025 ਤੋਂ ਬਾਅਦ ਵਾਲੀਆਂ ਸਾਰੀਆਂ ਫਾਈਲਾਂ ਨੂੰ ਵਾਪਸ ਭੇਜ ਕੇ ਨਵੀਆਂ ਫੀਸਾਂ ਅਨੁਸਾਰ ਹੀ ਉਹਨਾਂ ਨੂੰ ਪਾਸ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ, ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਵੱਡੀ ਜਿੱਤ

Related Post