PTC Sewa Samaan Award 2025 : ਹੜ੍ਹਾਂ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ’ਚ ਲੋਕਾਂ ਦੀ ਮਦਦ ਕਰਨ ਵਾਲੇ ਪੰਜਾਬ ਦੇ ਨਾਇਕਾਂ ਨੂੰ ਕੀਤਾ ਗਿਆ ਸਨਮਾਨਿਤ
PTC Sewa Samaan Award 2025 : ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਸੇਵਾ ਸਨਮਾਨ ਐਵਾਰਡ 2025 ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ਿਰਕਤ ਕੀਤੀ। ਜਿਨ੍ਹਾਂ ਨੇ ਸਮਾਗਮ ਦੌਰਾਨ ਮਸ਼ਹੂਰ ਹਸਤੀਆਂ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਸਨਮਾਨਿਤ ਕੀਤਾ। ਪੀਟੀਸੀ ਨੈੱਟਵਰਕ ਵੱਲੋਂ ਇਸ ਸਮਾਗਮ 'ਚ ਉਨ੍ਹਾਂ ਮਸ਼ਹੂਰ ਹਸਤੀਆਂ ਤੇ ਵੱਖ-ਵੱਖ ਜਥੇਬੰਦੀਆਂ ਦੀ ਹੌਂਸਲਅਫਜ਼ਾਈ ਕੀਤੀ ਗਈ
PTC Sewa Samaan Award 2025 : ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਸੇਵਾ ਸਨਮਾਨ ਐਵਾਰਡ 2025 ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ਿਰਕਤ ਕੀਤੀ। ਜਿਨ੍ਹਾਂ ਨੇ ਸਮਾਗਮ ਦੌਰਾਨ ਮਸ਼ਹੂਰ ਹਸਤੀਆਂ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਸਨਮਾਨਿਤ ਕੀਤਾ। ਪੀਟੀਸੀ ਨੈੱਟਵਰਕ ਵੱਲੋਂ ਇਸ ਸਮਾਗਮ 'ਚ ਉਨ੍ਹਾਂ ਮਸ਼ਹੂਰ ਹਸਤੀਆਂ ਤੇ ਵੱਖ-ਵੱਖ ਜਥੇਬੰਦੀਆਂ ਦੀ ਹੌਂਸਲਅਫਜ਼ਾਈ ਕੀਤੀ ਗਈ, ਜਿਨ੍ਹਾਂ ਨੇ ਪੰਜਾਬ 'ਚ ਆਏ ਭਿਆਨਕ ਹੜ੍ਹਾਂ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ’ਚ ਲੋਕਾਂ ਦੀ ਮਦਦ ਕੀਤੀ ਅਤੇ ਹੜ੍ਹਾਂ ਮਗਰੋਂ ਬੇਸਹਾਰਾ ਲੋਕਾਂ ਦਾ ਸਹਾਰਾ ਬਣੇ।
ਇਸ ਦੌਰਾਨ ਜੋ ਸਭ ਤੋਂ ਵਧ ਖਿੱਚ ਦਾ ਕੇਂਦਰ ਬਣਿਆ ,ਉਹ ਸੀ ਬਠਿੰਡਾ ਦਾ 10 ਸਾਲਾ ਬੱਚਾ ਗੁਰਫਤਿਹ ਸਿੰਘ, ਜਿਸ ਨੇ ਆਪਣੀ ਗੋਲਕ ਰਾਹੀਂ ਕੀਤੀ ਬੱਚਤ ਨੂੰ ਰਾਹਤ ਕਾਰਜਾਂ ਲਈ ਦਾਨ ਕਰ ਦਿੱਤੀ। ਉਸਦੇ ਇਸ ਕੰਮ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ ਅਤੇ ਉਹ ਪੀਟੀਸੀ ਸੇਵਾ ਸਨਮਾਨ ਐਵਾਰਡ 2025 ’ਚ ਸਭ ਤੋਂ ਘੱਟ ਉਮਰ ਦਾ ਵੱਡਾ ਦਾਨੀ ਸੱਜਣ ਬਣਕੇ ਉਭਰਿਆ ਅਤੇ ਇਸ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ,ਗਲੋਬਲ ਸਿੱਖਸ, ਐਜੂਕੇਟ ਪੰਜਾਬ, ਤੇਰਾ ਹੀ ਤੇਰਾ ਮਿਸ਼ਨ ਚੰਡੀਗੜ੍ਹ, ਖਾਲਸਾ ਯੂਨਿਟੀ ਵੱਲੋਂ ਵਿਕਰਮਵੀਰ ਸਿੰਘ ਬਾਵਾ ਅਤੇ ਸਾਂਸਦ ਡਾ. ਵਿਕਰਮਜੀਤ ਸਿੰਘ ਸਾਹਨੀ ਸਮੇਤ ਕਈ ਸੰਗਠਨਾਂ ਅਤੇ ਪ੍ਰਸਿੱਧ ਵਿਅਕਤੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ।
ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਗਏ ਇਸ ਖ਼ਾਸ ਪ੍ਰੋਗਰਾਮ ਵਿੱਚ ਪੰਜਾਬੀ ਮਨੋਰੰਜਨ ਜਗਤ ਦੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਾਇਕ ਦਿਲਜੀਤ ਦੋਸਾਂਝ ਦੀ ਸੰਸਥਾ ਸਾਂਝ ਫਾਊਂਡੇਸ਼ਨ ਵੱਲੋਂ ਸੋਨਾਲੀ ਸਿੰਘ ਪਹੁੰਚੇ, ਗੁਰਪ੍ਰੀਤ ਘੁੱਗੀ, ਗੈਵੀ ਚਾਹਲ, ਬਿੰਨੂ ਢਿੱਲੋਂ ਵਰਗੀਆਂ ਮਸ਼ਹੂਰ ਹਸਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ 'ਰੰਗਲੇ ਪੰਜਾਬ ਦੇ' ਗਾਇਕਾਂ ਨੇ ਆਪਣੇ ਪ੍ਰਦਰਸ਼ਨ ਨਾਲ ਮਹਿਮਾਨਾਂ ਦਾ ਮਨ ਮੋਹ ਲਿਆ।
ਇਸ ਮੌਕੇ ਪੀਟੀਸੀ ਨਿਊਜ਼ ਦੇ ਸੀਈਓ ਹਰਪ੍ਰੀਤ ਸਿੰਘ ਸਾਹਨੀ ਨੇ ਹੜ੍ਹਾਂ ਦੌਰਾਨ ਪੀਟੀਸੀ ਦੀ ਟੀਮ ਵੱਲੋਂ ਕੀਤੀ ਅਣਥੱਕ ਰਿਪੋਰਟਿੰਗ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, ’’ਪੱਤਰਕਾਰੀ ਸਿਰਫ਼ ਤੱਥਾਂ ਨੂੰ ਪੇਸ਼ ਕਰਨ ਬਾਰੇ ਨਹੀਂ ਹੈ, ਸਗੋਂ ਲੋਕਾਂ ਨਾਲ ਗ੍ਰਾਊਂਡ ਜ਼ੀਰੋ ਉੱਤੇ ਮੌਜੂਦ ਰਹਿਣ, ਉਨ੍ਹਾਂ ਦੇ ਸੰਘਰਸ਼ਾਂ ਨੂੰ ਹੌਂਸਲਾ ਦੇ ਕੇ ਵਧਾਉਣ ਵਾਲੀ ਅਤੇ ਜਿੱਥੇ ਇਸਦੀ ਸਭ ਤੋਂ ਵੱਧ ਲੋੜ ਹੈ ,ਉੱਥੇ ਮਦਦ ਇਕੱਠੀ ਕਰਨ ਬਾਰੇ ਵੀ ਹੈ।
ਆਪਣੇ ਭਾਸ਼ਣ ਦੌਰਾਨ ਮੁੱਖ ਮਹਿਮਾਨ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸੰਸਥਾਵਾਂ ਅਤੇ ਵਲੰਟੀਅਰਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, ’’ਕਈ ਵਾਰ ਜਦੋਂ ਸਿਸਟਮ ਸੰਘਰਸ਼ ਕਰ ਰਿਹਾ ਹੁੰਦਾ ਹੈ ਤਾਂ ਅਜਿਹੇ ਮੌਕਿਆਂ ਉੱਤੇ ਨਾਗਰਿਕਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੀ ਸਮੂਹਿਕ ਤਾਕਤ ਮਨੁੱਖਤਾ ਦੀ ਭਾਵਨਾ ਦੀ ਰੱਖਿਆ ਅਤੇ ਸੇਵਾ ਕਰਦੀ ਹੈ। ਉਨ੍ਹਾਂ ਨੇ ਪੀਟੀਸੀ ਨੈੱਟਵਰਕ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੀਟੀਸੀ ਨੈੱਟਵਰਕ ਨੇ ਇੱਕ ਅਜਿਹਾ ਪਲੇਟਫਾਰਮ ਤਿਆਰ ਕੀਤਾ, ਜਿਸ ਨੇ ਅਜਿਹੀ ਮਿਸਾਲੀ ਸੇਵਾਵਾਂ ’ਤੇ ਚਾਨਣਾ ਪਾਇਆ ਹੈ।
ਪੀਟੀਸੀ ਨਿਊਜ਼ ਦੇ ਸੰਪਾਦਕ (ਆਉਟਪੁੱਟ) ਨਰਿੰਦਰ ਪਾਲ ਸਿੰਘ ਨੇ ਕਿਹਾ, ਪੰਜਾਬ ਦੇ ਹੜ੍ਹਾਂ ਨੇ ਸਾਨੂੰ ਸਿਖਾਇਆ ਹੈ ਕਿ ਅਸਲ ਸੁਰੱਖਿਆ ਏਕਤਾ ਵਿੱਚ ਹੈ। ਹਰ ਵਲੰਟੀਅਰ, ਹਰ ਦਾਨੀ, ਹਰ ਸੰਗਠਨ ਤਾਕਤ ਦਾ ਥੰਮ੍ਹ ਬਣ ਗਿਆ। ਅੱਜ ਸਨਮਾਨਿਤ ਕੀਤੇ ਗਏ ਨਾਇਕ ਸਾਨੂੰ ਯਾਦ ਦਿਵਾਉਂਦੇ ਹਨ ਕਿ ਜਨਤਕ ਸੁਰੱਖਿਆ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇੱਕ ਸਾਂਝੀ ਵਚਨਬੱਧਤਾ ਹੈ।
ਪੀਟੀਸੀ ਐਂਟਰਟੇਨਮੈਂਟ ਦੇ ਸੀਈਓ ਰਾਜੀ ਐਮ ਸ਼ਿੰਦੇ ਨੇ ਕਿਹਾ, ’’ ਇਹ ਸਮਾਗਮ ਪੰਜਾਬ ਦੇ ਕਦੇ ਵੀ ਹਾਰ ਨਾ ਮੰਨਣ ਵਾਲੇ ਜ਼ਜਬੇ ਦਾ ਜਸ਼ਨ ਹੈ। ਮਸ਼ਹੂਰ ਹਸਤੀਆਂ ਅਤੇ ਸੰਸਥਾਵਾਂ ਦਾ ਸਨਮਾਨ ਕਰਨਾ ਪੀਟੀਸੀ ਨੈੱਟਵਰਕ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਦਾ ਸਨਮਾਨ ਕਰਕੇ ਅਸੀਂ ਸਮਾਜਿਕ ਜ਼ਿੰਮੇਵਾਰੀ ਅਤੇ ਭਾਈਚਾਰਕ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਸਮਾਗਮ ਰਾਹੀਂ ਸਾਨੂੰ ਪ੍ਰੇਰਨਾ ਮਿਲੀ ਹੈ ਕਿ ਅੱਗੇ ਵੀ ਅਹਿਜੇ ਨੇਕ ਕੰਮ ਕਰਨ ਵਾਲਿਆਂ ਨੂੰ ਬਣਦਾ ਮਾਣ ਸਨਮਾਨ ਦਿੰਦੇ ਰਹੀਏ।