ਪੰਜਾਬ ਨੇ ਵੀ ਅਪਣਾਇਆ 'ਦਿੱਲੀ ਮਾਡਲ'! ਧੂੰਏਂ 'ਚ ਲੁੱਕ ਗਏ ਵੱਡੇ ਵੱਡੇ ਸ਼ਹਿਰ

By  Jasmeet Singh November 9th 2022 11:53 AM -- Updated: November 9th 2022 12:09 PM

ਚੰਡੀਗੜ੍ਹ, 9 ਨਵੰਬਰ: ‘ਦਿੱਲੀ ਮਾਡਲ’ ਨੂੰ ਪੂਰੀ ਤਰ੍ਹਾਂ ਅਪਣਾਉਂਦੇ ਹੋਏ ਹੁਣ ਪੰਜਾਬ 'ਚ ਵੀ ਕੌਮੀ ਰਾਜਧਾਨੀ ਵਾਂਗ ਹੀ ਹਵਾ ਦੀ ਖਰਾਬ ਗੁਣਵੱਤਾ ਕਾਰਨ ਦਮ ਘੁੱਟ ਰਿਹਾ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਧੂੰਏਂ ਵਰਗੀ ਸਥਿਤੀ ਬਣੀ ਹੋਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੁਆਰਾ ਸੰਕਲਿਤ ਕੀਤੇ ਅੰਕੜਿਆਂ ਅਨੁਸਾਰ, 604 ਖੇਤਾਂ ਨੂੰ ਅੱਗ ਲੱਗਣ ਦੀ ਰਿਪੋਰਟ ਕੀਤੀ ਗਈ ਸੀ ਜੋ ਪੰਜਾਬ ਦੀ ਖਰਾਬ ਹਵਾ ਦੀ ਗੁਣਵੱਤਾ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ। ਇਸ ਦੌਰਾਨ ਲੁਧਿਆਣਾ 'ਚ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ ਪਹੁੰਚ ਗਈ ਜਦਕਿ ਖੰਨਾ ਅਤੇ ਪਟਿਆਲਾ 'ਚ ਇਹ 'ਮਾੜੀ' ਰਹੀ। 

ਪੰਜਾਬ ਵਿੱਚ ਪਰਾਲੀ ਦੇ ਪ੍ਰਦੂਸ਼ਣ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਇਸ ਕਾਰਨ ਹੁਣ ਹਸਪਤਾਲਾਂ ਵਿੱਚ ਸਾਹ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਦੱਸ ਦੇਈਏ ਕਿ ਬੱਚੇ ਪ੍ਰਦੂਸ਼ਣ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਕਈ ਉੱਤਰੀ ਰਾਜ ਅੱਜ-ਕੱਲ੍ਹ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹਨ ਪਰ ਕਿਸਾਨਾਂ ਨੂੰ ਕਿਹੜੀ ਮਜਬੂਰੀ ਪਈ ਹੋਈ ਹੈ ਕਿ ਉਹ ਪਰਾਲੀ ਸਾੜਨ ਤੋਂ ਬਾਜ਼ ਨਹੀਂ ਆ ਰਹੇ? ਇਹ ਇੱਕ ਵੱਡਾ ਸਵਾਲ ਹੈ ਜੋ ਕਿ ਸਰਕਾਰਾਂ ਦੀ ਨਾਕਾਮੀ ਨੂੰ ਜੱਗ ਜਾਹਿਰ ਕਰ ਰਿਹਾ ਹੈ। 

ਪੰਜਾਬ ਵਿੱਚ 33 ਹਜ਼ਾਰ ਤੋਂ ਵੱਧ ਥਾਵਾਂ 'ਤੇ ਪਰਾਲੀ ਸਾੜੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਘਟਨਾਵਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਜ਼ਿਲ੍ਹੇ ਵਿੱਚ ਦਰਜ ਹੋਈਆਂ ਹਨ। ਇੱਥੇ 4 ਹਾਜ਼ਰ ਤੋਂ ਵੱਧ ਘਟਨਾਵਾਂ ਦਰਜ ਹੋ ਚੁੱਕੀਆਂ ਹਨ ਜੋ ਕਿ ਪੰਜਾਬ ਦੀਆਂ ਕੁੱਲ ਘਟਨਾਵਾਂ ਦਾ 15 ਫੀਸਦੀ ਹੈ। ਇਸ ਤੋਂ ਬਾਅਦ ਤਰਨਤਾਰਨ ਦਾ ਨੰਬਰ ਆਉਂਦਾ ਹੈ, ਜਿੱਥੇ ਤਿੰਨ ਹਜ਼ਾਰ ਥਾਵਾਂ 'ਤੇ ਪਰਾਲੀ ਨੂੰ ਅੱਗ ਲਗਾਈ ਗਈ। ਇਸ ਤੋਂ ਇਲਾਵਾ ਲੁਧਿਆਣਾ ਵਿੱਚ ਕਿਸਾਨ ਲਗਾਤਾਰ ਪਰਾਲੀ ਨੂੰ ਅੱਗ ਲਗਾ ਰਹੇ ਹਨ। ਲੁਧਿਆਣਾ 'ਚ ਏਅਰ ਕੁਆਲਿਟੀ ਇੰਡੈਕਸ (AQI) 300 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।

Related Post