Parkash Singh Badal Died: ਅੱਜ ਹਨੇਰੇ ਵਿੱਚ ਡੁੱਬ ਗਿਆ ਹੈ ਪੰਜਾਬ... ਕਿਉਂਕਿ ਪੰਜਾਬ ਨੂੰ ਰੌਸ਼ਨ ਕਰਨ ਵਾਲਾ ਪ੍ਰਕਾਸ਼ ਅੱਜ ਨਹੀਂ ਰਿਹਾ...

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ 5 ਵਾਰ ਪੰਜਾਬ ਦਾ ਮੁੱਖ ਮੰਤਰੀ, 10 ਵਾਰ ਵਿਧਾਇਕ, ਕੇਂਦਰੀ ਮੰਤਰੀ ਅਤੇ ਫਖ਼ਰ-ਏ-ਕੌਮ ਬਣਨ ਦਾ ਸਨਮਾਨ ਹਾਸਿਲ ਹੋਇਆ।

By  Aarti April 25th 2023 11:36 PM -- Updated: April 26th 2023 11:03 AM

Parkash Singh Badal Died: ਸਿਆਸਤ ਦੇ ਬਾਬਾ ਬੋਹੜ, ਸੰਤ ਸਿਆਸਤਦਾਨ, ਵਰਗੀਆਂ ਕਿੰਨੀਆਂ ਹੀ ਉਪਾਧੀਆਂ ਆਪਣੇ ਨਾਮ ਕਰਵਾਉਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 95 ਵਰ੍ਹਿਆਂ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ ਹਨ। ਵਿਗੜੀ ਸਿਹਤ ਕਰਕੇ ਉਨ੍ਹਾਂ ਨੂੰ ਪਹਿਲਾਂ ਪੀਜੀਆਈ ਅਤੇ ਫਿਰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਇਸ ਵਾਰ ਉਹ ਵਾਪਿਸ ਨਹੀਂ ਪਰਤ ਸਕੇ।

5 ਵਾਰ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ 

ਦੱਸ ਦਈਏ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ 5 ਵਾਰ ਪੰਜਾਬ ਦਾ ਮੁੱਖ ਮੰਤਰੀ, 10 ਵਾਰ ਵਿਧਾਇਕ, ਕੇਂਦਰੀ ਮੰਤਰੀ ਅਤੇ ਫਖ਼ਰ-ਏ-ਕੌਮ ਬਣਨ ਦਾ ਸਨਮਾਨ ਹਾਸਿਲ ਹੋਇਆ। ਉਨ੍ਹਾਂ ਦਾ ਦੁਨੀਆ ਤੋਂ ਜਾਣਾ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਲਈ, ਪਾਰਟੀ ਜਾਂ ਉਨ੍ਹਾਂ ਦੇ ਹਿਮਾਇਤੀਆਂ ਲਈ ਹੀ ਨਹੀਂ ਸਗੋਂ ਪੰਜਾਬ ਦੀ ਅਤੇ ਦੇਸ਼ ਦੀ ਸਿਆਸਤ ਦੇ ਲਈ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਉਨ੍ਹਾਂ ਦੀ ਜ਼ਿੰਦਗੀ ਤਜ਼ਰਬਿਆਂ ਦੀ ਇੱਕ ਅਜਿਹੀ ਗਾਥਾ ਹੈ, ਜਿਸਨੂੰ ਪੜ੍ਹ ਕੇ ਇੱਕ ਬਿਹਤਰੀਨ ਆਗੂ ਬਣਿਆ ਜਾ ਸਕਦਾ ਹੈ। ਇੱਕ ਲੀਡਰ ਸਿਰਫ਼ ਉਹ ਨਹੀਂ ਹੁੰਦਾ, ਜੋ ਕਮਜ਼ੋਰ ਦੀ ਆਵਾਜ਼ ਬਣਦਾ ਹੈ, ਸਗੋਂ ਇੱਕ ਸੱਚਾ ਲੀਡਰ ਉਹ ਹੁੰਦਾ ਹੈ, ਜੋ ਉਨ੍ਹਾਂ ਵਿੱਚੋਂ ਹੀ ਇੱਕ ਬਣ ਕੇ ਉਸਨੂੰ ਮਜ਼ਬੂਤ ਬਣਾਉਂਦਾ ਹੈ, ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜੀਵਨ ਪੰਜਾਬ ਦੇ ਅਜਿਹੇ ਹੀ ਲੋਕਾਂ ਦੀ ਜ਼ਿੰਦਗੀ ਨੂੰ ਅੱਗੇ ਵਧਾਉਣ ਵਿੱਚ ਬੀਤਿਆ ਸੀ। 8 ਦਸੰਬਰ ਸਾਲ 1927 ਨੂੰ ਮੁਕਤਸਰ ਦੇ ਪਿੰਡ ਅਬੁਲ ਖੁਰਾਣਾ ਚ ਵਿੱਚ ਜਨਮੇ ਪ੍ਰਕਾਸ਼ ਸਿੰਘ ਬਾਦਲ ਦੀ ਸ਼ਖ਼ਸੀਅਤ ਅਜਿਹੀ ਸੀ ਕਿ ਉਨ੍ਹਾਂ ਬਾਰੇ ਕਦੇ ਉਨ੍ਹਾਂ ਦੇ ਵਿਰੋਧੀ ਵੀ ਕਦੇ ਮਾੜਾ ਨਹੀਂ ਬੋਲ ਸਕੇ। ਲਾਹੌਰ ਦੇ ਫਾਰਮੈਨ ਕ੍ਰਿਸ਼ਚਨ ਕਾਲਜ ਤੋਂ ਗ੍ਰੈਜੁਏਸ਼ਨ ਦੀ ਪੜ੍ਹਾਈ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਵਿੱਚ ਪਹਿਲੀ ਵਾਰ ਪੈਰ ਉਦੋਂ ਧਰੇ, ਜਦੋਂ ਦੇਸ਼ ਅਜ਼ਾਦ ਹੋ ਰਿਹਾ ਸੀ, 75 ਵਰ੍ਹਿਆਂ ਦਾ ਲੰਮਾ ਸਮਾਂ ਉਨ੍ਹਾਂ ਦੇਸ਼ ਅਤੇ ਖਾਸਤੌਰ ਤੇ ਪੰਜਾਬ ਦੀ ਸੇਵਾ ਕੀਤੀ।

ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵਾਰ-ਵਾਰ ਕੱਟੀਆਂ ਜੇਲ੍ਹਾਂ 

ਸਾਲ 1947 ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਪਿੰਡ ਦੇ ਸਰਪੰਚ ਬਣੇ ਅਤੇ ਇੱਥੋਂ ਹੀ ਉਨ੍ਹਾਂ ਨੇ ਸੇਵਾ ਦੇ ਆਪਣੇ ਜਜ਼ਬੇ ਨੂੰ ਅਤੇ ਪੰਜਾਬ ਨੂੰ ਇੱਕ ਸਮਰੱਥ ਸੂਬਾ ਬਣਾਉਣ ਦੇ ਸੁਫ਼ਨੇ ਨੂੰ ਪਰਵਾਜ਼ ਦਿੱਤੀ। ਦੇਸ਼ ਦੀ ਵੰਡ ਤੋਂ ਲੈ ਕੇ ਪੰਜਾਬ ਦੀ ਵੰਡ ਅਤੇ ਫਿਰ ਐਮਰਜੰਸੀ ਤੋਂ ਲੈ ਕੇ ਅੱਤਵਾਦ ਦੇ ਦੌਰ ਤੱਕ ਵਾਰ-ਵਾਰ ਪੰਜਾਬ ਨੇ ਪ੍ਰੀਖਿਆ ਦਿੱਤੀ ਅਤੇ ਪ੍ਰੀਖਿਆ ਦੇ ਇਸ ਸਮੇਂ ਵਿੱਚ ਪ੍ਰਕਾਸ਼ ਸਿੰਘ ਬਾਦਲ ਇੱਕ ਸੂਝਵਾਨ ਸਿਆਸਤਦਾਨ ਅਤੇ ਕੱਦਾਵਰ ਆਗੂ ਵਜੋਂ ਉਭਰਦੇ ਰਹੇ, ਇਸ ਪੂਰੇ ਦੌਰ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਲੰਮਾ ਸਮਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਬਿਤਾਇਆ। 

ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਦੇ ਲਈ, ਕੇਂਦਰ ਸਰਕਾਰ ਦੇ ਨਾਲ ਟਾਕਰਾ ਲੈਣ ਦੇ ਲਈ ਪ੍ਰਕਾਸ਼ ਸਿੰਘ ਬਾਦਲ ਨੇ ਵਾਰ-ਵਾਰ ਜੇਲ੍ਹਾਂ ਕੱਟੀਆਂ, ਇੱਥੋਂ ਤੱਕ ਕਿ ਆਪਣੀ ਧੀ ਦੇ ਵਿਆਹ ਦੇ ਸਮੇਂ ਵੀ ਸਰਦਾਰ ਬਾਦਲ ਜੇਲ੍ਹ ਵਿੱਚ ਸਨ। 

ਵਾਰ ਪੰਜਾਬ ਦੀ ਕਮਾਨ ਸਾਂਭਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖੀ ਦੇ ਮੀਰੀ ਅਤੇ ਪੀਰੀ ਦੇ ਸਿਧਾਂਤ ਤੇ ਹਮੇਸ਼ਾ ਪਹਿਰਾ ਦਿੱਤਾ, ਉਹ ਜਿੱਥੇ ਇੱਕ ਪਾਸੇ ਸੂਬੇ ਨੂੰ ਸਿਆਸੀ ਪੱਧਰ ਤੇ ਅੱਗੇ ਲੈ ਜਾ ਰਹੇ ਸਨ, ਉੱਥੇ ਹੀ ਦੂਜੇ ਪਾਸੇ ਧਰਮ ਨੂੰ ਵੀ ਹਮੇਸ਼ਾ ਨਾਲ ਲੈ ਕੇ ਚੱਲੇ, ਸਿੱਖ ਧਰਮਹੀ ਨਹੀਂ ਸਗੋਂ ਹੋਰ ਧਰਮਾਂ ਨੂੰ ਲੈ ਕੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਅਜਿਹੇ ਕੰਮ ਕੀਤੇ, ਜੋ ਹਰ ਇੱਕ ਲਈ ਮਿਸਾਲ ਬਣੇ।

ਚੱਪੜਚਿੜੀ ਦੀ ਜੰਗੀ ਯਾਦਗਾਰ, ਵਿਰਾਸਤ-ਏ-ਖਾਲਸਾ, ਰਾਮ ਤੀਰਥ ਅਤੇ ਜੰਗ-ਏ-ਆਜ਼ਾਦੀ ਵਰਗੀਆਂ ਯਾਦਗਾਰਾਂ ਜੋ ਸਦੀਆਂ ਤੱਕ ਧਰਮ ਅਤੇ ਪੰਜਾਬ ਦੇ ਇਤਿਹਾਸ ਨੂੰ ਜਿਉਂਦਾ ਰੱਖਣਗੀਆਂ, ਉਨ੍ਹਾਂ ਦੀ ਉਸਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਕਰਵਾਈ ਗਈ। ਇਸ ਤੋਂ ਇਲਾਵਾ ਸਾਲ 2007 ਤੋਂ ਲੈ ਕੇ 2012 ਤੱਕ ਦੇ ਆਪਣੇ ਕਾਰਜਕਾਲ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਤਸਵੀਰ ਨੂੰ ਬਦਲਣ ਦੇ ਆਪਣੇ ਸੁਫਨੇ ਨੂੰ ਸਾਕਾਰ ਕੀਤਾ, ਅਤੇ ਸੜਕਾਂ ਦੇ ਜਾਲ, ਨਵੀਂ ਸਰਕਾਰੀ ਇਮਾਰਤਾਂ, ਬਾਈਪਾਸ, ਮੈਰੀਟੋਰੀਅਸ ਸਕੂਲ ਵਰਗੇ ਸੈਂਕੜੇ ਪ੍ਰੋਜੈਕਟਸ ਰਾਹੀਂ ਪੰਜਾਬ ਨੂੰ ਖੁਸ਼ਹਾਲ ਸੂਬਿਆਂ ਦੀ ਫੇਹਰਿਸਤ ਵਿੱਚ ਲਿਆ ਖੜ੍ਹਾ ਕੀਤਾ।

ਕਿਸਾਨ ਅੰਦੋਲਨ ਦੌਰਾਨ ਸਿੱਖ ਕੌਮ ਦੇ ਨਾਲ ਨਾਲ ਸੂਬੇ ਲਈ ਨਿਭਾਈਆਂ ਗਈਆਂ ਸੇਵਾਵਾਂ ਲਈ ਸਾਲ 2011 ਚ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਫਖਰ-ਏ-ਕੌਮ ਦਾ ਸਨਮਾਨ ਦਿੱਤਾ ਗਿਆ, ਤੇ 30 ਮਾਰਚ 2015 ਨੂੰ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਦੇਸ਼ ਦਾ ਦੂਜਾ ਸਰਬਉੱਚ ਸਨਮਾਨ ਪਦਮ ਵਿਭੂਸ਼ਣ ਦਿੱਤਾ ਗਿਆ, ਬਤੌਰ ਮੁੱਖ ਮੰਤਰੀ ਇਹ ਸਨਮਾਨ ਹਾਸਿਲ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇਸ਼ ਦੇ ਪਹਿਲੇ ਸ਼ਖ਼ਸ ਬਣੇ। 

ਹਾਲਾਂਕਿ ਕਿਸਾਨ ਅੰਦੋਲਨ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਜੋਂ ਉਨ੍ਹਾਂ ਆਪਣਾ ਇਹ ਸਨਮਾਨ ਸਰਕਾਰ ਨੂੰ ਵਾਪਿਸ ਕਰ ਦਿੱਤਾ। ਜਿਸ ਉਮਰ ਦੇ ਵਿੱਚ ਅਕਸਰ ਲੋਕ ਰਿਟਾਇਰ ਹੋ ਕੇ ਅਰਾਮ ਫਰਮਾਉਂਦੇ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਉਸ ਪੜਾਅ ਵਿੱਚ ਵੀ ਪੰਜਾਬ ਦੇ ਲੋਕਾਂ ਦੀ ਸੇਵਾ 'ਚ ਜੁਟੇ ਰਹੇ। ਸੰਗਤ ਦਰਸ਼ਨ ਦੇ ਜ਼ਰੀਏ ਉਹ ਨਾ ਸਿਰਫ਼ ਲੋਕਾਂ ਵਿੱਚ ਵਿਚਰਦੇ, ਸਗੋਂ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਦੇ, ਤੇ ਉਨ੍ਹਾਂ ਦਾ ਇਹੀ ਸੁਭਾਅ ਅਤੇ ਆਚਰਣ ਉਨ੍ਹਾਂ ਨੂੰ ਹਰਮਨ ਪਿਆਰਾ ਬਣਾਉਂਦਾ ਸੀ।  

ਉਨ੍ਹਾਂ ਦੀ ਦੁਨੀਆ ਤੋਂ ਰੁਖ਼ਸਤੀ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਅਜਿਹੀ ਥਾਂ ਖਾਲੀ ਛੱਡ ਦਿੱਤੀ ਹੈ, ਜਿਸਨੂੰ ਮੁੜ ਕਦੇ ਨਹੀਂ ਭਰਿਆ ਜਾ ਸਕਦਾ, ਪਰ ਇੱਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ, ਕਿ ਲੋਕਾਂ ਦੇ ਦਿਲਾਂ ਚ ਜ਼ਿੰਦਾ ਰਹਿਣ ਵਾਲੇ ਕਦੇ ਮਰਦੇ ਨਹੀਂ।

ਇਹ ਵੀ ਪੜ੍ਹੋ: Parkash Singh Badal Death: ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ 27 ਅਪ੍ਰੈਲ ਨੂੰ ਪਿੰਡ ਬਾਦਲ ਵਿਖੇ ਹੋਵੇਗਾ

Related Post