ਪੰਜਾਬ ਸਰਕਾਰ ਨੇ ਦਿੱਲੀ ਸਮੇਤ ਮੁੰਬਈ-ਕੋਲਕਾਤਾ ਹਵਾਈ ਅੱਡੇ ਤੇ ਲਗਾਏ ਇਸ਼ਤਿਹਾਰ, ਸੋਸ਼ਲ ਮੀਡੀਆ ਤੇ ਛਿੜੀ ਚਰਚਾ
ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ 'ਤੇ ਲੰਬੇ ਸਮੇਂ ਤੋਂ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖ਼ਰਚਣ ਦੇ ਦੋਸ਼ ਲੱਗ ਰਹੇ ਹਨ ਪਰ ਇਸ ਦੇ ਬਾਵਜੂਦ ਸਰਕਾਰ ਲਗਾਤਾਰ ਮਹਿੰਗੀਆਂ ਸਾਈਟਾਂ 'ਤੇ ਇਸ਼ਤਿਹਾਰ ਚਿਪਕਾਉਣ 'ਚ ਲੱਗੀ ਹੋਈ ਹੈ। ਹੁਣ ਦਿੱਲੀ ਤੋਂ ਇਲਾਵਾ ਮੁੰਬਈ ਤੇ ਕੋਲਕਾਤਾ ਹਵਾਈ ਅੱਡੇ ਦੀਆਂ ਤਸਵੀਰਾਂ ਵੀ ਸੋਸ਼ਲ ਸਾਈਟਸ 'ਤੇ ਸਾਹਮਣੇ ਆਈਆਂ ਹਨ।

ਭਗਵੰਤ ਮਾਨ ਸਰਕਾਰ ਵੱਲੋਂ ਹਵਾਈ ਅੱਡਿਆਂ ਉਤੇ ਲਗਾਏ ਗਏ ਇਸ਼ਤਿਹਾਰ ਸੋਸ਼ਲ ਮੀਡੀਆ ਉਤੇ ਚਰਚਾ ਦਾ ਵਿਸ਼ੇ ਬਣੇ ਹੋਏ ਹਨ। ਸੋਸ਼ਲ ਮੀਡੀਆ ਵਿਚ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਆ ਰਹੀਆਂ ਹਨ। ਕੁਝ ਲੋਕ ਕਹਿ ਰਹੇ ਹਨ ਕਿ ਇਸ਼ਤਿਹਾਰ ਲਗਾਉਣ ਲਈ ਹੁਣ ਸਿਰਫ਼ ਮੰਗਲ ਗ੍ਰਹਿ ਹੀ ਬਚਿਆ ਹੈ। ਸੋਸ਼ਲ ਮੀਡੀਆ ਉਤੇ ਲੋਕ ਟਿੱਪਣੀਆਂ ਕਰ ਰਹੇ ਹਨ ਕਿ ਮੁਲਾਜ਼ਮਾਂ ਨੂੰ ਪੂਰੀਆਂ ਤੇ ਸਮੇਂ ਸਿਰ ਤਨਖਾਹ ਦੇ ਦਵੋ। ਇਸ਼ਤਿਹਾਰਬਾਜ਼ੀ ਬਾਅਦ ਵਿਚ ਕਰ ਲੈਣਾ।
ਇਨ੍ਹਾਂ 'ਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਇਸ਼ਤਿਹਾਰਾਂ ਉਤੇ ਕਰੋੜਾਂ ਰੁਪਏ ਖ਼ਰਚਣ ਦੇ ਦਾਅਵੇ ਕੀਤੇ ਗਏ ਹਨ। 'ਆਪ' ਨੇ ਮੁੰਬਈ ਹਵਾਈ ਅੱਡੇ ਸਮੇਤ ਹੋਰ ਥਾਵਾਂ 'ਤੇ ਲਗਾਏ ਗਏ ਇਸ਼ਤਿਹਾਰੀ ਬੋਰਡਾਂ 'ਤੇ ਆਪਣੀਆਂ ਪ੍ਰਾਪਤੀਆਂ ਦੱਸੀਆਂ ਹਨ। ਦੇਸ਼ ਦੇ ਸਭ ਤੋਂ ਰੁਝੇਵੇਂ ਵਾਲੇ ਹਵਾਈ ਅੱਡਿਆ ਉਪਰ ਇਸ਼ਤਿਹਾਰ ਚਪਕਾਏ ਹਨ। ਇਸ ਵਿਚ ਸਰਕਾਰ ਦੇ ਪਹਿਲੇ 10 ਮਹੀਨਿਆਂ 'ਚ ਪੰਜਾਬ ਵਿਚ ਲਗਭਗ 40 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਵੀ ਜ਼ਿਕਰ ਕੀਤਾ ਗਿਆ ਅਤੇ ਲਗਭਗ 2.5 ਲੱਖ ਨੌਕਰੀਆਂ ਦੇ ਦਾਅਵੇ ਸਮੇਤ ਹੋਰ ਪ੍ਰਾਪਤੀਆਂ ਗਿਣਾਈਆਂ ਗਈਆਂ ਹਨ।
ਪੰਜਾਬ ਸਰਕਾਰ ਵੱਲੋਂ 23-24 ਫਰਵਰੀ ਨੂੰ ਜ਼ਿਲ੍ਹਾ ਮੁਹਾਲੀ ਵਿਚ ਪੰਜਾਬ ਨਿਵੇਸ਼ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਵਿਚ ਦੇਸ਼-ਵਿਦੇਸ਼ ਦੀਆਂ ਵੱਡੀਆਂ ਕੰਪਨੀਆਂ ਅਤੇ ਪ੍ਰਮੁੱਖ ਕਾਰੋਬਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਸ ਦੇ ਨਾਲ ਹੀ ਪੰਜਾਬ ਦੇ ਉਦਯੋਗਿਕ ਵਿਕਾਸ ਦੀ ਦਿਸ਼ਾ ਵਿਚ ਵੱਡੇ ਨਿਵੇਸ਼ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਗਈਆਂ ਹਨ। ਪੰਜਾਬ ਸਰਕਾਰ ਨੇ ਵੀ ਏਅਰਪੋਰਟ ਅਤੇ ਦੇਸ਼ ਦੇ ਹੋਰ ਸਥਾਨਾਂ 'ਤੇ ਲਗਾਏ ਗਏ ਇਸ਼ਤਿਹਾਰੀ ਬੋਰਡਾਂ ਰਾਹੀਂ ਲੋਕਾਂ ਦਾ ਧਿਆਨ ਇਸ ਨਿਵੇਸ਼ ਸੰਮੇਲਨ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ : ਦਿੱਲੀ ਸ਼ਰਾਬ ਘਪਲੇ ਮਾਮਲੇ 'ਚ ਸੀਬੀਆਈ ਮਨੀਸ਼ ਸਿਸੋਦੀਆ ਕੋਲੋਂ ਅੱਜ ਕਰੇਗੀ ਪੁੱਛਗਿੱਛ
ਸ਼੍ਰੋਮਣੀ ਅਕਾਲੀ ਦਲ,ਪੰਜਾਬ ਕਾਂਗਰਸ ਅਤੇ ਭਾਜਪਾ ਵੱਲੋਂ ਇਸ਼ਤਿਹਾਰਾਂ ਉਤੇ ਕੀਤੇ ਜਾ ਰਹੇ ਕਰੋੜਾਂ ਰੁਪਏ ਦੇ ਖਰਚੇ ਨੂੰ ਫਜ਼ੂਲ ਖਰਚੀ ਦੱਸਦਿਆਂ ਇਸ ਨਾਲ ਸੂਬੇ ਉਤੇ ਆਰਥਿਕ ਬੋਝ ਵਧਣ ਦੀ ਗੱਲ ਕਹੀ ਗਈ ਹੈ। ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਨੇਤਾਵਾਂ ਨੇ 'ਆਪ' 'ਤੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ਦੌਰਾਨ ਵੀ ਕਰੋੜਾਂ ਰੁਪਏ ਇਸ਼ਤਿਹਾਰਾਂ 'ਤੇ ਖਰਚ ਕਰਨ ਦੇ ਦੋਸ਼ ਲਾਏ ਹਨ। ਸਾਰੀਆਂ ਪਾਰਟੀਆਂ ਨੇ ਪੰਜਾਬ 'ਤੇ ਪਹਿਲਾਂ ਨਾਲੋਂ ਵੀ ਆਰਥਿਕ ਬੋਝ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਇਸ ਦੇ ਜਵਾਬ 'ਚ 'ਆਪ' ਹਰ ਵਾਰ ਸਰਕਾਰੀ ਖਜ਼ਾਨੇ 'ਚ ਕਾਫੀ ਪੈਸਾ ਹੋਣ ਦਾ ਹਵਾਲਾ ਦਿੰਦੀ ਰਹੀ ਹੈ।