Sidhu Security Case: ਪੰਜਾਬ ਸਰਕਾਰ ਨੇ ਸਿੱਧੂ ਦੇ ਦਾਵਿਆਂ ਨੂੰ ਨਕਾਰਿਆ, ਹਾਈ ਕੋਰਟ ਨੇ ਫਿਰ ਵੀ ਝਾੜਿਆ, ਜਾਣੋ ਕਿਉਂ

By  Jasmeet Singh May 5th 2023 12:28 PM

Navjot Singh Sidhu Security Case: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਕੇ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਜ਼ੈੱਡ ਤੋਂ ਘਟਾ ਕੇ ਵਾਈ ਕਰ ਦਿੱਤੀ ਗਈ ਹੈ। ਜਿਸ ਦੇ ਖਿਲਾਫ ਨਵਜੋਤ ਸਿੱਧੂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਸੀ, ਜਿਸ ਦੀ ਸੁਣਵਾਈ ਅੱਜ ਹੋਈ। ਪਿਛਲੇ ਮਹੀਨੇ 28 ਅਪ੍ਰੈਲ ਨੂੰ ਸੁਣਵਾਈ ਦੌਰਾਨ ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ।


ਜੋ ਮੂਸੇਵਾਲਾ ਨਾਲ ਹੋਇਆ ਉਹੀ ਮੇਰੇ ਨਾਲ ਹੋ ਰਿਹਾ - ਨਵਜੋਤ ਸਿੱਧੂ 
ਨਵਜੋਤ ਸਿੱਧੂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ Z ਤੋਂ ਘਟਾ ਕੇ Y ਕਰਨ 'ਤੇ ਮੇਰੇ ਨਾਲ ਉਹੀ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਹਿਜ਼ 13 ਬੰਦੂਕਧਾਰੀ ਬਚੇ ਹਨ। ਉਨ੍ਹਾਂ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੈਂ ਨਿਰਾਸ਼ ਹੋਵਾਂ ਅਤੇ ਘਰ ਤੋਂ ਬਾਹਰ ਨਾ ਜਾਵਾਂ। ਮੈਂ ਆਪਣਾ ਸੀਨਾ ਠੋਕ ਕੇ ਆਖਦਾ ਹਾਂ, ਮੈਂ ਮੌਤ ਤੋਂ ਨਹੀਂ ਡਰਦਾ ਅਤੇ ਮੈਂ ਲਾਭ ਅਤੇ ਨੁਕਸਾਨ ਤੋਂ ਉੱਪਰ ਹਾਂ। ਮੇਰੀ ਸੁਰੱਖਿਆ ਵਾਪਸ ਲੈ ਕੇ ਮੈਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ।



ਪਟੀਸ਼ਨ 'ਚ ਆਪਣੀ ਜਾਨ ਨੂੰ ਖ਼ਤਰੇ 'ਚ ਦੱਸਿਆ 
ਆਪਣੀ ਪਟੀਸ਼ਨ 'ਚ ਨਵਜੋਤ ਸਿੱਧੂ ਨੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਆਪਣੀ ਪਟੀਸ਼ਨ 'ਚ ਸਿੱਧੂ ਨੇ ਸਪੱਸ਼ਟ ਕਿਹਾ ਸੀ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੂਜੇ ਪਾਸੇ ਜੇਲ ਤੋਂ ਬਾਹਰ ਨਿਕਲਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਗੈਂਗਸਟਰ ਲਾਰੈਂਸ ਉਨ੍ਹਾਂ ਨੂੰ ਖੁੱਲ੍ਹੇਆਮ ਧਮਕੀਆਂ ਦੇ ਰਿਹਾ ਹੈ। ਅਜਿਹੇ 'ਚ ਪੰਜਾਬ ਸਰਕਾਰ ਉਨ੍ਹਾਂ ਦੀ ਸੁਰੱਖਿਆ ਘਟਾ ਕੇ ਇਕ ਹੋਰ ਸਿੱਧੂ ਦਾ ਕਤਲ ਕਰਵਾਉਣਾ ਚਾਹੁੰਦੀ ਹੈ।


25 ਕਮਾਂਡੋਜ਼ ਵਿੱਚੋਂ ਸਿਰਫ਼ 13 ਬਚੇ ਹਨ
ਰੋਡ ਰੇਜ ਮਾਮਲੇ 'ਚ ਜੇਲ ਜਾਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਕੋਲ 25 ਕਮਾਂਡੋਆਂ ਦਾ ਕਾਫਲਾ ਸੀ। ਇੰਨਾ ਹੀ ਨਹੀਂ ਲੁਧਿਆਣਾ ਜੇਲ੍ਹ 'ਚੋਂ ਇਕ ਮਾਮਲੇ ਦੀ ਸੁਣਵਾਈ ਦੌਰਾਨ ਵੀ ਨਵਜੋਤ ਸਿੰਘ ਸਿੱਧੂ ਨੇ ਬਿਨਾਂ ਸੁਰੱਖਿਆ ਦੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਕਿ ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਉਨ੍ਹਾਂ ਦੀ ਸੁਰੱਖਿਆ 25 ਤੋਂ ਘਟਾ ਕੇ 13 ਕਰ ਦਿੱਤੀ ਗਈ।



ਨਹੀਂ ਘਟਾਈ ਗਈ ਸੁਰੱਖਿਆ, 25 ਮੁਲਾਜ਼ਮ ਤੈਨਾਤ - ਸਰਕਾਰ 
ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਸਿੱਧੂ ਦੀ ਸੁਰੱਖਿਆ 'ਚ ਅਜੇ ਵੀ 24 ਪੁਲਿਸ ਕਰਮੀ ਤੈਨਾਤ ਹਨ। ਉਨ੍ਹਾਂ ਦੀ ਸੁਰੱਖਿਆ ਸਬੰਧੀ ਕੇਂਦਰੀ ਏਜੰਸੀਆਂ ਤੋਂ ਵੀ ਰਿਪੋਰਟ ਮੰਗੀ ਗਈ ਹੈ, ਜਵਾਬ ਦਾਖ਼ਲ ਕਰਨ ਲਈ ਕੁਝ ਸਮਾਂ ਦਿੱਤਾ ਜਾਵੇ। ਹਾਈ ਕੋਰਟ ਨੇ ਹੁਣ ਮਾਮਲੇ ਦੀ ਸੁਣਵਾਈ ਅਗਲੇ ਸ਼ੁੱਕਰਵਾਰ 12 ਮਈ ਤੱਕ ਮੁਲਤਵੀ ਕਰ ਦਿੱਤੀ। 

ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਰਿਪੋਰਟਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਲੋੜ ਪੈਣ 'ਤੇ ਸੁਰੱਖਿਆ ਵਧਾ ਦਿੱਤੀ ਜਾਵੇਗੀ। ਹਾਈਕੋਰਟ ਨੇ ਫਿਰ ਕਿਹਾ ਕਿ ਜਦੋਂ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਰਿਹਾਅ ਕਰਨ ਮਗਰੋਂ ਜ਼ੈੱਡ ਸੁਰੱਖਿਆ ਬਹਾਲ ਕਰ ਦਿੱਤੀ ਜਾਵੇਗੀ, ਫਿਰ ਉਨ੍ਹਾਂ ਦੀ ਸੁਰੱਖਿਆ ਕਿਉਂ ਘਟਾਈ ਗਈ। ਇਸ 'ਤੇ ਵੀ ਕੋਰਟ ਨੇ ਸਰਕਾਰ ਨੂੰ ਫਟਕਾਰ ਲਾਈ ਹੈ।


ਘਰ ਦੀ ਛੱਤ 'ਤੇ ਸ਼ੱਕੀ ਵਿਅਕਤੀ
ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਕੁਝ ਦਿਨ ਬਾਅਦ ਪਟਿਆਲਾ ਸਥਿਤ ਉਨ੍ਹਾਂ ਦੇ ਘਰ ਦੀ ਛੱਤ 'ਤੇ ਸ਼ਾਲ ਪਹਿਨੇ ਇੱਕ ਅਣਪਛਾਤੇ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ ਸੀ। ਇਸ ਮਾਮਲੇ 'ਚ ਸਿੱਧੂ ਦੇ ਨੌਕਰ ਦੇ ਬਿਆਨਾਂ 'ਤੇ ਪਟਿਆਲਾ ਪੁਲਿਸ ਨੇ ਵੀ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਅਤੇ ਅਜਿਹੇ 'ਚ ਉਨ੍ਹਾਂ ਨੂੰ ਦਿੱਤੀ ਗਈ ਸੁਰੱਖਿਆ ਨੂੰ ਘੱਟ ਹੈ।

Related Post