Ola-Uber ਨੂੰ ਵੱਡੀ ਰਾਹਤ, ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਕਾਰਵਾਈ 'ਤੇ ਲਾਈ ਰੋਕ

ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਗਲੇ ਹੁਕਮਾਂ ਤੱਕ ਦੋਵਾਂ ਕੰਪਨੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਹਨ, ਜਿਸ ਤੋਂ ਬਾਅਦ ਫਿਲਹਾਲ ਸ਼ਹਿਰ 'ਚ ਓਲਾ ਤੇ ਉਬਰ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ।

By  KRISHAN KUMAR SHARMA December 16th 2023 01:59 PM -- Updated: December 16th 2023 02:00 PM

ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਨੇ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ 'ਤੇ 22 ਦਸੰਬਰ ਤੱਕ ਕਾਰਵਾਈ ਕਰਨ 'ਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਗਲੇ ਹੁਕਮਾਂ ਤੱਕ ਦੋਵਾਂ ਕੰਪਨੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਹਨ, ਜਿਸ ਤੋਂ ਬਾਅਦ ਫਿਲਹਾਲ ਸ਼ਹਿਰ 'ਚ ਓਲਾ ਤੇ ਉਬਰ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ।

ਨਵੰਬਰ 'ਚ ਖਤਮ ਹੋਈ ਸੀ ਲਾਇਸੈਂਸ ਮਿਆਦ

ਦੱਸ ਦੇਈਏ ਕਿ ਦੋਵਾਂ ਕੰਪਨੀਆਂ ਦੇ ਨਵੰਬਰ ਮਹੀਨੇ 'ਚ ਲਾਇਸੈਂਸ ਦੀ ਮਿਆਦ ਖਤਮ ਹੋ ਗਈ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਨਵੀਂਆਂ ਹਦਾਇਤਾਂ ਤਹਿਤ ਅਰਜ਼ੀਆਂ ਦੇਣ ਲਈ ਕਿਹਾ ਗਿਆ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਦੋਵਾਂ ਕੰਪਨੀਆਂ ਨੂੰ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਸ਼ਹਿਰ ਵਿੱਚ ਸੇਵਾਵਾਂ ਬੰਦ ਕਰਨ ਲਈ ਕਿਹਾ ਸੀ, ਜਿਸ ਲਈ ਬਾਕਾਇਦਾ ਨੋਟਿਸ ਜਾਰੀ ਕੀਤੇ ਗਏ ਸਨ। 


ਓਲਾ-ਉਬੇਰ ਨੇ ਇਸ ਖਿਲਾਫ ਹਾਈਕੋਰਟ 'ਚ ਪਟੀਸ਼ਨਾਂ ਦਾਇਰ ਕਰਕੇ ਕਿਹਾ ਹੈ ਕਿ ਉਨ੍ਹਾਂ ਦੀਆਂ ਲਾਇਸੈਂਸ ਅਰਜ਼ੀਆਂ ਪ੍ਰਸ਼ਾਸਨ ਕੋਲ ਵਿਚਾਰ-ਅਧੀਨ ਹਨ, ਜੇਕਰ ਉਨ੍ਹਾਂ ਨੂੰ ਨਵਾਂ ਲਾਇਸੈਂਸ ਨਹੀਂ ਮਿਲਦਾ ਤਾਂ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਵੇ।

ਮਾਮਲੇ 'ਚ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਗਲੇ ਹੁਕਮਾਂ ਜਦੋਂ ਤੱਕ ਇਨ੍ਹਾਂ ਦੀਆਂ ਲਾਇਸੈਂਸ ਅਰਜ਼ੀਆਂ ਪ੍ਰਸ਼ਾਸਨ ਕੋਲ ਬਕਾਇਆ ਹਨ, ਉਦੋਂ ਤੱਕ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 22 ਦਸੰਬਰ ਨੂੰ ਹੋਵੇਗੀ।

Related Post