Bathinda : ਰਾਮਪੁਰਾ ਚ ਪੰਜਾਬ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ, ਪੁਲਿਸ ਨੇ ਅੱਥਰੂ ਗੈਸ ਦੇ ਛੱਡੇ ਗੋਲੇ, ਕਈ ਕਿਸਾਨ ਤੇ ਬੀਬੀਆਂ ਹਿਰਾਸਤ ਚ ਲਏ

Bathinda Police Farmer Clash : ਅੱਜ ਪਿੰਡ ਜਿਉਂਦ ਦੀ ਸੱਥ ਵਿੱਚ ਬਠਿੰਡਾ ਧਰਨੇ 'ਤੇ ਜਾਣ ਲਈ ਇਕੱਠੇ ਹੋਏ ਕਿਸਾਨਾਂ 'ਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੀਆਂ ਹਦਾਇਤਾਂ 'ਤੇ ਪੰਜਾਬ ਪੁਲਿਸ ਵੱਲੋਂ ਧਾੜਵੀਆਂ ਵਾਂਗ ਹੱਲਾ ਬੋਲ ਦਿੱਤਾ, ਜਿਸ ਨਾਲ ਦੋ ਕਿਸਾਨ ਗੰਭੀਰ ਫੱਟੜ ਹੋ ਗਏ।

By  KRISHAN KUMAR SHARMA February 18th 2026 07:43 PM -- Updated: February 18th 2026 08:05 PM

Bathinda Police Farmer Clash : ਅੱਜ ਪਿੰਡ ਜਿਉਂਦ ਦੀ ਸੱਥ ਵਿੱਚ ਬਠਿੰਡਾ ਧਰਨੇ 'ਤੇ ਜਾਣ ਲਈ ਇਕੱਠੇ ਹੋਏ ਕਿਸਾਨਾਂ 'ਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੀਆਂ ਹਦਾਇਤਾਂ 'ਤੇ ਪੰਜਾਬ ਪੁਲਿਸ (Punjab Police) ਵੱਲੋਂ ਧਾੜਵੀਆਂ ਵਾਂਗ ਹੱਲਾ ਬੋਲ ਦਿੱਤਾ, ਜਿਸ ਨਾਲ ਦੋ ਕਿਸਾਨ ਗੰਭੀਰ ਫੱਟੜ ਹੋ ਗਏ, ਮਜਦੂਰਾਂ ਘਰਾਂ ਵਿੱਚ ਵੜ ਕੇ ਕੁੱਟਿਆ ਗਿਆ, ਘਰਾਂ ਦਾ ਸਮਾਨ ਤੋੜ ਦਿੱਤਾ ਅਤੇ ਪਸੂਆਂ ਦਾ ਨੁਕਸਾਨ ਕੀਤਾ।

ਪੁਲਿਸ ਨੇ 6 ਕਿਸਾਨਾਂ ਨੂੰ ਕੀਤਾ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ, ਦਸ ਮਹੀਨਿਆਂ ਤੋਂ ਵੱਧ ਬਠਿੰਡਾ ਜੇਲ (Bathinda News) ਵਿੱਚ ਬੰਦ ਦੋ ਕਿਸਾਨਾਂ ਬਲਦੇਵ ਸਿੰਘ ਚਾਉਕੇ ਅਤੇ ਸਗਨਦੀਪ ਸਿੰਘ ਜਿਉਂਦ ਦੀ ਰਿਹਾਈ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ ਦੇ ਡਿਪਟੀ ਦਫਤਰ ਅੱਗੇ ਇੱਕ ਦਿਨ ਦਾ ਧਰਨਾ ਦੇਣਾ ਸੀ ਪਰ ਇਸ ਤੋਂ ਪਹਿਲਾਂ  ਸੂਬੇ ਭਰ ਵਿੱਚ ਪੁਲਿਸ ਫੋਰਸ ਵੱਲੋਂ ਕਿਸਾਨਾਂ ਦੇ ਘਰਾਂ ਵਿੱਚ ਅੱਧੀ ਰਾਤ ਤੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਛੇ ਕਿਸਾਨਾਂ ਅਤੇ ਇੱਕ ਔਰਤ, ਗੋਰਾ ਸਿੰਘ ਬੁਰਜ ਮਹਿਮਾਂ, ਭੋਲਾ ਸਿੰਘ ਸਰਜਾ ਮਹਿਮਾ, ਲਛਮਣ ਸਿੰਘ ਰਾਏ ਕੇ ਕਲਾਂ, ਤਾਰਾ ਸਿੰਘ ਪਥਰਾਲਾ,ਚੂਹੜ ਸਿੰਘ ਬਦਿਆਲਾ, ਜਸਵੰਤ ਸਿੰਘ ਘੜੈਲੀ ਅਤੇ ਮੌੜ ਚੜਤ ਸਿੰਘ ਦੇ ਪਿੰਡ ਆਗੂ ਦੇ ਘਰਵਾਲੀ ਮਨਜੀਤ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ।

ਕਿਸਾਨਾਂ 'ਤੇ ਲਾਠੀਚਾਰਜ ਤੇ ਅੱਥਰੂ ਗੈਸ ਦੇ ਛੱਡੇ ਗੋਲੇ

ਅੱਜ ਜਦੋਂ ਧਰਨੇ 'ਤੇ ਜਾਣ ਲਈ ਕਿਸਾਨ ਬਠਿੰਡਾ ਡੀਸੀ ਦਫਤਰ ਤੋਂ ਲਗਭਗ 40- 50 ਕਿਲੋਮੀਟਰ ਦੂਰ ਪਿੰਡ ਜਿਉਂਦ ਵਿਖੇ ਇਕੱਠੇ ਹੋਏ ਤਾਂ ਪਿੰਡ ਦੀ ਸੱਥ ਵਿੱਚ ਬੈਠੇ ਕਿਸਾਨਾਂ 'ਤੇ ਹੀ ਪੁਲਿਸ ਵੱਲੋਂ ਲਾਠੀਆਂ, ਅੱਥਰੂ ਗੈਸ ਦੇ ਗੋਲਿਆਂ ਤੇ ਰੋੜਿਆਂ ਨਾਲ ਹਮਲਾ ਕਰ ਦਿੱਤਾ ਅਤੇ ਮਜ਼ਦੂਰਾਂ ਦੀ ਘਰਾਂ ਵਿੱਚ ਵੜ ਕੇ ਕੁੱਟ ਮਾਰ ਕੀਤੀ, ਜਿਸ ਨਾਲ ਪਿੰਡ ਮਾੜੀ ਦੇ ਕਿਸਾਨ ਚਰਨਜੀਤ ਸਿੰਘ ਨੂੰ ਕੁੱਟ ਕੁੱਟ ਕੇ ਉਸਦੀਆਂ ਲੱਤ ਤੋੜ ਦਿੱਤੀ ਤੇ ਸਿਰ 'ਚ ਸੱਟ ਲੱਗ ਗਈ, ਪਿੰਡ ਜਿਉਂਦ ਦੇ ਕਿਸਾਨ ਪੁਨੀਤ ਸਿੰਘ ਦੇ ਹੱਥ ਤੇ ਪੁਲਿਸ ਵੱਲੋਂ ਸੁੱਟਿਆ ਗੋਲਾ ਵੱਜਿਆ, ਜਿਸ ਨਾਲ ਉਸਦਾ ਹੱਥ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਤੇ ਉਸ ਨੂੰ ਡੀਐਮਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ।

ਇਸ ਦੌਰਾਨ ਹਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ, ਸਰਬਜੀਤ ਸਿੰਘ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਘਰੇ ਵੜ ਕੇ ਕੁੱਟਿਆ ਗਿਆ ਤੇ ਗ੍ਰਿਫ਼ਤਾਰ ਕੀਤਾ, ਘਰ ਬੈਠੇ ਮਜ਼ਦੂਰ ਜਗਸੀਰ ਸਿੰਘ ਨੂੰ ਕੁੱਟਿਆ, ਮਲਕੀਤ ਕੌਰ ਦੇ ਘਰ ਵਿੱਚ ਪੁਲਿਸ ਵੱਲੋਂ ਪੱਥਰ ਮਾਰੇ, ਘਰ 'ਚ ਖੜੀ ਕਾਰ ਦਾ ਅੱਥਰੂ ਗੈਸ ਦੇ ਗੋਲੇ ਨਾਲ ਸੀਸਾ ਟੁੱਟਿਆ, ਅੱਥਰੂ ਗੈਸ ਨਾਲ ਮਜ਼ਦੂਰਾਂ ਦੀਆਂ ਬੱਕਰੀਆਂ ਬੇਹੋਸ਼ ਹੋ ਗਈਆਂ।

ਮਾਨ ਸਰਕਾਰ ਨੇ ਕਿਸਾਨਾਂ 'ਤੇ ਜ਼ਬਰ ਕਰਨ ਦਾ ਇਤਿਹਾਸ ਰਚਿਆ : ਕਿਸਾਨ ਆਗੂ

ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਜੋ ਧਰਨੇ ਲੱਗਣ ਤੋਂ ਬਿਨਾਂ ਹੀ ਮਸਲੇ ਹੱਲ ਕਰਨ ਦਾ ਵਾਅਦਾ ਕਰਕੇ ਪੰਜਾਬ ਦੀ ਰਾਜ ਗੱਦੀ 'ਤੇ ਆਈ ਸੀ, ਨੇ ਅੱਜ ਪਿੰਡ ਵਿੱਚ ਬੈਠੇ ਕਿਸਾਨਾਂ ਤੇ ਹੀ ਭਾਰੀ ਜਬਰ ਕਰਨ ਦਾ ਇਤਿਹਾਸ ਰਚ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਨੂੰ ਭਰਮ ਹੈ ਕਿ ਲਾਠੀਆਂ ਗੋਲੀਆਂ ਅਤੇ ਜੇਲਾਂ ਚ ਸੁੱਟ ਕੇ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਸਕਦਾ ਹੈ ਪਰ ਇਹ ਕਦੇ ਨਹੀਂ ਦੱਬਦੀ ਤੇ ਅੱਜ ਜੇਲ 'ਚ ਬੰਦ ਕਿਸਾਨ ਆਗੂਆਂ ਨੂੰ ਜਮਾਨਤ ਮਿਲਣ ਤੇ ਸੰਘਰਸ਼ ਦੀ ਵੱਡੀ ਜਿੱਤ ਹੈ।

ਉਹਨਾਂ ਮੰਗ ਕੀਤੀ ਕਿ ਕਿਸੇ ਨਿਰਪੱਖ ਏਜੰਸੀ ਤੋਂ ਪੜਤਾਲ ਕਰਵਾ ਕੇ ਸ਼ਾਂਤਮਈ ਪਿੰਡ ਵਿੱਚ ਬੈਠੇ ਕਿਸਾਨਾਂ 'ਤੇ ਹਮਲਾ ਕਰਨ ਵਾਲੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਜਖ਼ਮੀਆਂ ਦਾ ਇਲਾਜ ਮਾਹਰ ਡਾਕਟਰਾਂ ਤੋਂ ਸਰਕਾਰੀ ਖਰਚੇ ਤੇ ਕਰਵਾਇਆ ਜਾਵੇ, ਸਾਰੇ ਜ਼ਖ਼ਮੀਆਂ ਨੂੰ ਢੁਕਵਾ ਮੁਆਵਜ਼ਾ ਦਿੱਤਾ ਜਾਵੇ, ਇਸ ਅੰਦੋਲਨ ਦੌਰਾਨ ਪਾਏ ਸਾਰੇ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ, ਕਿਸਾਨ ਆਗੂ ਬਲਦੇਵ ਸਿੰਘ ਚੌਕੇ ਤੇ ਸਗਨਦੀਪ ਸਿੰਘ ਜਿਉਂਦ ਤੇ ਦਰਜ ਕੀਤੀ ਇਰਾਦਾ ਕਤਲ ਦੀ ਧਾਰਾ ਤੋੜੀ ਜਾਵੇ। ਅੱਜ ਬਠਿੰਡਾ ਜਿਲਾ ਦੇ ਬੁਲਾਰਿਆਂ ਤੋਂ ਇਲਾਵਾ ਜਿਲ੍ਹਾ ਮੁਕਤਸਰ ਸਾਹਿਬ ਦੇ ਜ਼ਿਲਾ ਆਗੂ ਗੁਰਪਾਸ ਸਿੰਘ ਸਿੰਘੇਵਾਲਾ ਅਤੇ ਜਿਲਾ ਮੋਗਾ ਦੇ ਆਗੂ ਬੂਟਾ ਸਿੰਘ ਭਾਗੀ ਕੇ ਨੇ ਵੀ ਸੰਬੋਧਨ ਕੀਤਾ।

Related Post