Punjab Weather : ਪੰਜਾਬ ਨੂੰ ਸੰਘਣੀ ਧੁੰਦ ਨੇ ਮਾਰੀ ਬੁੱਕਲ, 2 ਦਿਨ ਹੋਰ ਕੜਾਕੇ ਦੀ ਠੰਢ ਦੀ ਭਵਿੱਖਬਾਣੀ, ਕਈ ਥਾਂਵਾਂ ਤੇ 0 ਵਿਜ਼ੀਬਿਲਟੀ ਹੋਈ
Punjab Weather News : ਪੰਜਾਬ 'ਚ ਅਜੇ ਦੋ ਦਿਨ ਹੋਰ ਠੰਢ ਕਹਿਰ ਢਾਹ ਸਕਦੀ ਹੈ। ਸੂਬੇ 'ਚ ਲਗਾਤਾਰ ਸੰਘਣੀ ਧੁੰਦ ਦਾ ਅਸਰ ਵਿਖਾਈ ਦੇ ਰਿਹਾ ਹੈ। ਕਈ ਥਾਂਵਾਂ 'ਤੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਹੋਈ ਹੈ, ਜਿਸ ਕਾਰਨ ਆਵਾਜਾਈ 'ਚ ਵੱਡੀ ਪੱਧਰ 'ਤੇ ਵਿਘਨ ਪੈਂਦਾ ਨਜ਼ਰੀ ਆ ਰਿਹਾ ਹੈ।
Punjab Weather News : ਪੰਜਾਬ 'ਚ ਅਜੇ ਦੋ ਦਿਨ ਹੋਰ ਠੰਢ ਕਹਿਰ ਢਾਹ ਸਕਦੀ ਹੈ। ਸੂਬੇ 'ਚ ਲਗਾਤਾਰ ਸੰਘਣੀ ਧੁੰਦ ਦਾ ਅਸਰ ਵਿਖਾਈ ਦੇ ਰਿਹਾ ਹੈ। ਕਈ ਥਾਂਵਾਂ 'ਤੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਹੋਈ ਹੈ, ਜਿਸ ਕਾਰਨ ਆਵਾਜਾਈ 'ਚ ਵੱਡੀ ਪੱਧਰ 'ਤੇ ਵਿਘਨ ਪੈਂਦਾ ਨਜ਼ਰੀ ਆ ਰਿਹਾ ਹੈ। ਵਾਹਨ ਚਾਲਕਾਂ ਨੂੰ ਦਿਨ ਵੇਲੇ ਵੀ ਗੱਡੀਆਂ ਦੀਆਂ ਲਾਈਟਾਂ ਚਲਾ ਕੇ ਜਾਣਾ ਪੈ ਰਿਹਾ ਹੈ। ਉਧਰ, ਮੌਸਮ ਵਿਭਾਗ ਵੱਲੋਂ ਦੋ ਦਿਨ ਹੋਰ ਕੜਾਕੇ ਦੀ ਠੰਢ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਅਤੇ ਧੁੰਦ ਤੇ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਪਿਛਲੇ 24 ਘੰਟਿਆਂ 'ਚ ਮੌਸਮ
ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਵਿੱਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਵੇਂ ਵੱਧ ਤੋਂ ਵੱਧ ਤਾਪਮਾਨ 2.6 ਡਿਗਰੀ ਸੈਲਸੀਅਸ ਵਧਿਆ ਹੈ, ਪਰ ਇਹ ਅਜੇ ਵੀ ਆਮ ਨਾਲੋਂ 4.3 ਡਿਗਰੀ ਘੱਟ ਹੈ। ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਅਗਲੇ ਚਾਰ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਤਿੰਨ ਤੋਂ ਪੰਜ ਡਿਗਰੀ ਵਾਧਾ ਹੋਵੇਗਾ। 18 ਤਰੀਕ ਤੋਂ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
18 ਤਰੀਕ ਤੋਂ ਮੀਂਹ ਪੈਣ ਦੀ ਸੰਭਾਵਨਾ
18 ਤੋਂ 21 ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਮੌਸਮ 16 ਅਤੇ 17 ਜਨਵਰੀ ਤੱਕ ਖੁਸ਼ਕ ਰਹਿਣ ਦੀ ਉਮੀਦ ਹੈ। 18 ਤੋਂ 21 ਜਨਵਰੀ ਤੱਕ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ, ਮੌਸਮ ਫਿਰ ਖੁਸ਼ਕ ਰਹਿਣ ਦੀ ਉਮੀਦ ਹੈ। ਅਗਲੇ 24 ਘੰਟਿਆਂ ਲਈ ਘੱਟੋ-ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਇਸ ਤੋਂ ਬਾਅਦ, ਅਗਲੇ ਚਾਰ ਦਿਨਾਂ ਵਿੱਚ ਤਾਪਮਾਨ ਵਿੱਚ 3 ਤੋਂ 5 ਡਿਗਰੀ ਤੱਕ ਵਾਧਾ ਹੋਣ ਦੀ ਉਮੀਦ ਹੈ।
ਇਨ੍ਹਾਂ ਖੇਤਰਾਂ 'ਚ ਸੰਘਣੀ ਧੁੰਦ ਕਰ ਸਕਦੀ ਹੈ ਪਰੇਸ਼ਾਨ
ਮੌਸਮ ਵਿਭਾਗ ਅਨੁਸਾਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮਾਨਸਾ, ਸੰਗਰੂਰ, ਰੂਪਨਗਰ, ਐਸਏਐਸ ਨਗਰ (ਮੁਹਾਲੀ) ਅਤੇ ਮਲੇਰਕੋਟਲਾ ਦੇ ਕੁਝ ਹਿੱਸਿਆਂ ਵਿੱਚ ਵੀ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।