ਪੰਜਾਬ 2025 ਤੱਕ ਟੀਬੀ ਮੁਕਤ ਹੋਵੇਗਾ: ਚੇਤਨ ਜੌੜਾਮਾਜਰਾ

By  Pardeep Singh November 9th 2022 07:55 PM

ਚੰਡੀਗੜ੍ਹ:  ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਕਿਹਾ ਕਿ ਪੰਜਾਬ ਦੇ ਅੱਠ ਜ਼ਿਲ੍ਹਿਆਂ ਨੂੰ ਪਹਿਲਾਂ ਹੀ ਬ੍ਰਾਂਜ ਕੈਟਾਗਰੀ ਦੀ ਸਰਟੀਫਿਕੇਸ਼ਨ ਮਿਲ ਚੁੱਕੀ ਹੈ ਅਤੇ ਵਿਭਾਗ ਨੇ ਆਉਣ ਵਾਲੇ ਸਾਲ ਵਿੱਚ ਪੰਜ ਹੋਰ ਜ਼ਿਲ੍ਹੇ ਸਿਲਵਰ ਕੈਟਾਗਰੀ ਅਤੇ ਤਿੰਨ ਜ਼ਿਲ੍ਹਿਆਂ ਨੂੰ ਬ੍ਰਾਂਜ ਕੈਟਾਗਰੀ ਵਿੱਚ ਲਿਆਉਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 2025 ਵਿੱਚ ਪੰਜਾਬ ਨੂੰ ਟੀਬੀ ਮੁਕਤ ਕੀਤਾ ਜਾਵੇਗਾ।

ਸਿਹਤ ਮੰਤਰੀ ਨੇ ਦੱਸਿਆ ਕਿ ਸਾਲ 2022-23 ਲਈ ਵਿਭਾਗ ਨੇ 70,000 ਮਰੀਜ਼ਾਂ ਦੀ ਪਛਾਣ ਕਰਕੇ ਇਲਾਜ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਟੀਬੀ ਦੇ ਨਵੇਂ ਕੇਸਾਂ ਵਿੱਚ 80 ਫੀਸਦੀ ਤੋਂ ਵੱਧ ਕਮੀ ਲਿਆ ਕੇ ਟੀਬੀ ਦੇ ਖਾਤਮੇ ਦੇ ਉਦੇਸ਼ ਨਾਲ ਮਗਸੀਪਾ ਚੰਡੀਗੜ੍ਹ ਵਿਖੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਦਾ ਆਯੋਜਨ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਤੇ ਰਾਸ਼ਟਰੀ ਟੀਬੀ ਐਲੀਮੀਨੇਸ਼ਨ ਪ੍ਰੋਗਰਾਮ (ਐਨਟੀਈਪੀ) ਦੁਆਰਾ ਭਾਈਵਾਲਾਂ, ਪ੍ਰਾਈਵੇਟ ਸੈਕਟਰ, ਮਰੀਜ਼ਾਂ ਅਤੇ ਕਮਿਊਨਟੀਜ਼ ਨਾਲ ਸਰਗਰਮੀ ਨਾਲ ਸਹਿਯੋਗ ਜ਼ਰੀਏ ਟੀਬੀ ਦੇ ਵੱਧ ਤੋਂ ਵੱਧ ਕੇਸਾਂ ਦਾ ਪਤਾ ਲਗਾਉਣ, ਜਾਂਚ ਅਤੇ ਇਲਾਜ ਲਈ ਦੇਸ਼ ਵਿਆਪੀ ਯਤਨਾਂ ਦੇ ਹਿੱਸੇ ਵਜੋਂ ਕੀਤਾ ਗਿਆ ਹੈ।

ਜੌੜਾਮਾਜਰਾ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਹਾਲ ਹੀ ਵਿੱਚ ਸੂਬੇ ਦੇ 40 ਦੇ ਕਰੀਬ ਵਪਾਰਕ ਘਰਾਣਿਆਂ ਦੀ ਸੂਬਾ ਪੱਧਰੀ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੇ ਆਪ ਨੂੰ ਨਿਕਸ਼ੈ ਮਿੱਤਰ ਵਜੋਂ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਡੀ.ਟੀ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਨਾਲ ਸੰਪਰਕ ਕਰਨ ਅਤੇ ਇਸ ਨੂੰ ਅਗਲੇ ਪੱਧਰ ਤੱਕ ਲੈ ਜਾਣ। ਉਨ੍ਹਾਂ ਨੇ ਦੁਹਰਾਇਆ ਕਿ ਟੀਬੀ ਦੇ ਖਾਤਮੇ ਦਾ ਟੀਚਾ ਭਾਵੇਂ ਵੱਡਾ ਅਤੇ ਔਖਾ ਜਾਪਦਾ ਹੈ ਪਰ ਸਮੂਹਿਕ ਯਤਨਾਂ ਨਾਲ ਇਸ ਨੂੰ ਹਾਸਲ ਕੀਤਾ ਜਾਵੇਗਾ।

ਵਰਕਸ਼ਾਪ ਸਬੰਧੀ ਜਾਣਕਾਰੀ ਦਿੰਦਿਆਂ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਅਭਿਨਵ ਤ੍ਰਿਖਾ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਰਾਜ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ, ਆਈ.ਏ.ਪੀ.ਐੱਸ.ਐੱਮ. ਦੇ ਫੈਕਲਟੀ ਮੈਂਬਰ ਕਮ ਨੋਡਲ ਅਫਸਰਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਅਧਿਕਾਰੀਆਂ ਨੂੰ ਟੀ.ਬੀ ਦੇ ਖਾਤਮੇ ਦੇ ਮਿੱਥੇ ਟੀਚੇ ਨੂੰ ਨਿਰਧਾਰਤ ਸਮਾਂ ਸੀਮਾ ਅੰਦਰ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਟੀ.ਬੀ. ਦੇ ਕੇਸਾਂ ਵਿੱਚ ਵਿੱਚ ਕਮੀ ਲਿਆਉਣ ਲਈ ਯਤਨ ਕਰਨ ਵਾਸਤੇ ਅੱਠ ਜ਼ਿਲ੍ਹਿਆਂ ਫਤਹਿਗੜ੍ਹ ਸਾਹਿਬ, ਸ਼ਹੀਦ ਭਗਤ ਸਿੰਘ ਨਗਰ ਕਪੂਰਥਲਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਰੂਪਨਗਰ ਅਤੇ ਤਰਨ ਤਾਰਨ ਦੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਵਿਭਾਗ ਨੇ ਐਨਟੀਈਪੀ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਭਾਗੀਦਾਰਾਂ ਤੋਂ ਫੀਡਬੈਕ ਪ੍ਰਾਪਤ ਕਰਨ ਤੋਂ ਇਲਾਵਾ ਜ਼ਿਲ੍ਹਾ ਟੀਬੀ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

Related Post