ਗੀਤਕਾਰ ਸਵਰਨ ਸਿਵੀਆ ਦੇ ਦੇਹਾਂਤ 'ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

By  Pardeep Singh January 3rd 2023 06:34 PM -- Updated: January 3rd 2023 06:35 PM

ਲੁਧਿਆਣਾ: ਸਿਰਕੱਢ ਪੰਜਾਬੀ ਗੀਤਕਾਰ ਸਵਰਨ ਸਿਵੀਆ ਦਾ ਬੀਤੀ ਰਾਤ ਉਨ੍ਹਾਂ ਦੇ ਪਿੰਡ ਉੱਪਲਾਂ( ਨੇੜੇ ਕੋਹਾੜਾ) ਜ਼ਿਲ੍ਹਾ ਲੁਧਿਆਣਾ ਵਿਖੇ ਦੇਹਾਂਤ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। 

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪੰਜਾਬੀ ਲੋਕ ਸੰਗੀਤ ਨੂੰ ਮੁੱਲਵਾਨ ਅਮਰ ਗੀਤ ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਵਰਗੇ ਗੀਤ ਦੇਣ ਵਾਲੇ ਮਿੱਤਰ ਦੀ ਬੇਵਕਤੀ ਮੌਤ ਵੱਡਾ ਦੁੱਖ ਦੇ ਗਈ ਹੈ। ਮੈਨੂੰ ਮਾਣ ਹੈ ਕਿ ਪਿਛਲੇ ਤੀਹ ਪੈਂਤੀ ਸਾਲ ਤੋਂ ਸਿਵੀਆ ਭਰਾ ਸਵਰਨ, ਕਰਨੈਲ ਤੇ ਰਣਜੀਤ ਮੇਰੇ ਪਿਆਰ ਪਾਤਰ ਰਹੇ ਹਨ। ਤਿੰਨੇ ਵੀਰ ਹੀ ਗੀਤਕਾਰੀ ਤੇ ਸੰਗੀਤ ਪੇਸ਼ਕਾਰੀ ਕਾਰਨ ਉੱਪਲਾਂ ਪਿੰਡ ਦਾ ਨਾਮ ਰੌਸ਼ਨ ਕਰ ਰਹੇ ਹਨ। ਸਵਰਨ ਸਿਵੀਆ ਦੇ ਗੀਤਾਂ ਨੂੰ ਸਰਦੂਲ ਸਿਕੰਦਰ ਨੇ ਮਾਝੇ ਮਾਲਵੇ ਦੋਆਬੇ ਦੀਆਂ ਜੱਟੀਆਂ ਗੀਤ ਰਾਹੀਂ ਵਿਸ਼ੇਸ਼ ਪਛਾਣ ਦਿਵਾਈ। 

ਕੁਲਦੀਪ ਮਾਣਕ, ਕਰਨੈਲ ਗਿੱਲ,ਸੁਰਿੰਦਰ ਸ਼ਿੰਦਾ, ਮਲਕੀਤ ਸਿੰਘ ਗੋਲਡਨ ਸਟਾਰ, ਹੰਸ ਰਾਜ ਹੰਸ,ਅਮਰ ਸਿੰਘ ਚਮਕੀਲਾ,ਸਰਦੂਲ ਸਿਕੰਦਰ ਤੇ ਅਮਰ ਨੂਰੀ, ਮਿਸ ਪੂਜਾ , ਰਵਿੰਦਰ ਗਰੇਵਾਲ ਤੇ ਦਿਲਜੀਤ ਸਮੇਤ ਅਨੇਕ ਸਿਰਕੱਢ ਗਾਇਕਾਂ ਨੇ ਉਸ ਦੀਆਂ ਗੀਤ ਰਚਨਾਵਾਂ ਨੂੰ ਦੇਸ਼ ਬਦੇਸ਼ ਪਹੁੰਚਾਇਆ। ਲੋਕ ਗਾਇਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਨੇ ਉਸ ਦੇ ਲਿਖੇ ਦਸ ਧਾਰਮਿਕ ਗੀਤ ਗਾ ਕੇ ਆਪਣਾ ਨਾਮ ਰੌਸ਼ਨ ਕੀਤਾ। 

ਪਿੰਡ ਉੱਪਲਾਂ ਵਿੱਚ  ਤਾਰਾ ਸਿੰਘ ਤੇ ਮਾਤਾ ਮੁਖਤਿਆਰ ਕੌਰ ਦੇ ਘਰ ਜਨਮਿਆ ਸਵਰਨ ਸਿਵੀਆ ਮੁੱਢਲੇ ਦੌਰ ਵਿੱਚ ਗਾਇਕ ਬਣਨਾ ਚਾਹੁੰਦਾ ਸੀ ਅਤੇ ਉਸ ਨੇ ਆਪਣੇ ਪਿੰਡ ਦੀ ਸਟੇਜ ਤੇ ਨਰਿੰਦਰ ਬੀਬਾ ਦੇ ਨਾਲ ਪਹਿਲੀ ਵਾਰ ਗਾਇਆ ਵੀ ਦੱਸਿਆ ਜਾਂਦਾ ਹੈ।  ਦੀਦਾਰ ਸੰਧੂ ਦੀ ਗੀਤਕਾਰੀ ਤੋਂ ਬੇਹੱਦ ਪ੍ਰਭਾਵਤ ਸਵਰਨ ਸਿਵੀਆ ਗਾਇਕ ਦੀ ਥਾਂ ਗੀਤਕਾਰ ਵਜੋਂ ਪੌੜੀ ਦਰ ਪੌੜੀ ਚੜ੍ਹਦਾ ਰਿਹਾ। 

ਸਵਰਨ ਸਿਵੀਆ ਦੇ ਦੇਹਾਂਤ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਸ ਪ ਸਿੰਘ,ਪੰਜਾਬੀ ਲੇਖਕ ਪ੍ਰੋ. ਰਵਿੰਦਰ ਭੱਠਲ, ਸ਼ਮਸ਼ੇਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ,ਪੰਜਾਬੀ ਕਹਾਣੀਕਾਰ ਸੁਖਜੀਤ,ਗੁਰਪ੍ਰੀਤ ਸਿੰਘ ਤੂਰ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ, ਅਮਰਜੀਤ ਸ਼ੇਰਪੁਰੀ, ਗੁਰਚਰਨ ਕੌਰ ਕੋਚਰ, ਡਾ. ਨਿਰਮਲ ਜੌੜਾ, ਹਰਪ੍ਰੀਤ ਸਿੰਘ ਸੰਧੂ, ਸੱਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ, ਪੰਮੀ ਬਾਈ, ਰਵਿੰਦਰ ਰੰਗੂਵਾਲ,ਹਰਬੰਸ ਸਹੋਤਾ, ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ ਸਮੇਤ ਕਈ ਸਿਰਕੱਢ ਵਿਅਕਤੀਆਂ ਨੇ ਅਫ਼ਸੋਸ ਪ੍ਰਗਟਾਇਆ ਹੈ। ਪੰਜ ਸੌ ਤੋਂ ਵੱਧ ਰੀਕਾਰਡ ਹੋਏ ਉਸ ਦੇ ਗੀਤਾਂ ਨੂੰ ਤੀਹ ਤੋਂ ਵੱਧ ਗਾਇਕ/ ਗਾਇਕਾਵਾਂ ਨੇ ਆਵਾਜ਼ ਦਿੱਤੀ। ਸਵਰਨ ਸਿਵੀਆ ਦੇ ਸਪੁੱਤਰ ਸੁੱਖੀ ਸਿਵੀਆ ਦੇ ਬਦੇਸ਼ ਵੱਸਦੇ ਹੋਣ ਕਾਰਨ ਸਵਰਨ ਦਾ ਅੰਤਿਮ ਸੰਸਕਾਰ ਬੇਟੇ ਦੇ ਆਉਣ ਤੇ ਹੀ ਕੀਤਾ ਜਾਵੇਗਾ। ਇਹ ਜਾਣਕਾਰੀ ਗੀਤਕਾਰ ਸਭਾ ਦੇ ਸੰਚਾਲਕ ਸਰਬਜੀਤ ਵਿਰਦੀ ਨੇ ਦਿੱਤੀ।

ਰਿਪੋਰਟ-ਗਗਨਦੀਪ ਅਹੂਜਾ 

Related Post