Amritsar News : ਕੈਨੇਡਾ ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ , ਸਾਲ 2023 ਚ ਗਿਆ ਸੀ ਕੈਨੇਡਾ

Amritsar News : ਅੰਮ੍ਰਿਤਸਰ ਦੇ ਪਿੰਡ ਦੇਵੀਦਾਸ ਪੁਰਾ, ਜੰਡਿਆਲਾ ਗੁਰੂ ਨੇੜੇ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਵਿਦੇਸ਼ ਕੈਨੇਡਾ ਗਏ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਦੇਵੀਦਾਸ ਪੁਰਾ ਵਜੋਂ ਹੋਈ ਹੈ

By  Shanker Badra January 15th 2026 06:30 PM

Amritsar News : ਅੰਮ੍ਰਿਤਸਰ ਦੇ ਪਿੰਡ ਦੇਵੀਦਾਸ ਪੁਰਾ, ਜੰਡਿਆਲਾ ਗੁਰੂ ਨੇੜੇ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਵਿਦੇਸ਼ ਕੈਨੇਡਾ ਗਏ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਦੇਵੀਦਾਸ ਪੁਰਾ ਵਜੋਂ ਹੋਈ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਸਾਲ 2023 ਵਿੱਚ ਸਟੱਡੀ ਬੇਸ ‘ਤੇ ਕੈਨੇਡਾ ਗਿਆ ਸੀ। ਪਰਿਵਾਰ ਨੂੰ ਆਸ ਸੀ ਕਿ ਉਹ ਉੱਥੇ ਪੜ੍ਹਾਈ ਪੂਰੀ ਕਰਕੇ ਆਪਣੇ ਭਵਿੱਖ ਨੂੰ ਸੰਵਾਰਦਾ ਹੋਇਆ ਪਰਿਵਾਰ ਦਾ ਨਾਮ ਰੌਸ਼ਨ ਕਰੇਗਾ। ਸਿਮਰਨਜੀਤ ਆਪਣੇ ਮਿਹਨਤੀ ਸੁਭਾਅ ਅਤੇ ਸਾਧੇ ਜੀਵਨ ਲਈ ਜਾਣਿਆ ਜਾਂਦਾ ਸੀ ਅਤੇ ਪਿੰਡ ਵਿੱਚ ਵੀ ਉਸ ਦੀ ਚੰਗੀ ਛਵੀ ਸੀ।

ਪਰਿਵਾਰ ਨੇ ਰੋਂਦੇ ਹੋਏ ਦੱਸਿਆ ਕਿ ਅੱਜ ਉਨ੍ਹਾਂ ਨੂੰ ਕੈਨੇਡਾ ਤੋਂ ਫੋਨ ਰਾਹੀਂ ਇਹ ਦਰਦਨਾਕ ਸੂਚਨਾ ਮਿਲੀ ਕਿ ਸਿਮਰਨਜੀਤ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਖ਼ਬਰ ਮਿਲਦੇ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਘਰ ਵਿੱਚ ਮਾਹੌਲ ਗ਼ਮਗੀਨ ਹੈ ਅਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹ ਘਟਨਾ ਇੱਕ ਵਾਰ ਫਿਰ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਨੌਜਵਾਨਾਂ ਦੀ ਸੁਰੱਖਿਆ ‘ਤੇ ਸਵਾਲ ਖੜੇ ਕਰ ਰਹੀ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਦੇ ਲੋਕ, ਰਿਸ਼ਤੇਦਾਰ ਅਤੇ ਸੱਜਣ-ਮਿੱਤਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਹਰ ਕਿਸੇ ਦੀਆਂ ਅੱਖਾਂ ਭਰੀਆਂ ਹੋਈਆਂ ਹਨ ਅਤੇ ਲੋਕ ਇਸ ਹੱਤਿਆ ਦੀ ਨਿੰਦਾ ਕਰ ਰਹੇ ਹਨ। ਕੈਨੇਡਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੱਤਿਆ ਦੇ ਕਾਰਨਾਂ ਦੀ ਤਹਕੀਕਾਤ ਕੀਤੀ ਜਾ ਰਹੀ ਹੈ। ਪਰਿਵਾਰ ਨੇ ਕੈਨੇਡਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ। 


 

Related Post