Raikot News : ਪੰਜਾਬ ਦਾ ਪੁੱਤ ਬਣਿਆ ਨੈਸ਼ਨਲ ਚੈਂਪੀਅਨ, ਮਨਜੋਤ ਸਿੰਘ ਨੇ ਗੋਲਾ ਸੁੱਟਣ ਚ ਜਿੱਤਿਆ ਸੋਨ ਤਗਮਾ

National School Games 2025 : ਰਾਏਕੋਟ ਦੇ ਵਿਦਿਆਰਥੀ ਮਨਜੋਤ ਸਿੰਘ ਨੇ ਨੈਸ਼ਨਲ ਸਕੂਲ ਗੇਮਜ਼-2025 ਵਿੱਚ ਅੰਡਰ-19 ਵਰਗ ਦੀ ਹੈਮਰ ਥਰੋ ( ਗੋਲਾ ਸੁੱਟਣ) ਮੁਕਾਬਲੇ 'ਚ ਸੋਨ ਮੈਡਲ ਜਿੱਤ ਕੇ ਪੰਜਾਬ ਤੇ ਰਾਏਕੋਟ ਦਾ ਨਾਂ ਦੇਸ਼ ਭਰ 'ਚ ਰੌਸ਼ਨ ਕਰ ਦਿੱਤਾ ਹੈ।

By  KRISHAN KUMAR SHARMA December 2nd 2025 11:23 AM -- Updated: December 2nd 2025 11:32 AM

National School Games 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਧੀਨ ਪੈਂਦੇ ਦਸਮੇਸ਼ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ ਵਿਦਿਆਰਥੀ ਮਨਜੋਤ ਸਿੰਘ ਨੇ ਨੈਸ਼ਨਲ ਸਕੂਲ ਗੇਮਜ਼-2025 ਵਿੱਚ ਅੰਡਰ-19 ਵਰਗ ਦੀ ਹੈਮਰ ਥਰੋ (ਗੋਲਾ ਸੁੱਟਣ) ਮੁਕਾਬਲੇ 'ਚ ਸੋਨ ਮੈਡਲ ਜਿੱਤ ਕੇ ਪੰਜਾਬ ਤੇ ਰਾਏਕੋਟ ਦਾ ਨਾਂ ਦੇਸ਼ ਭਰ 'ਚ (Manjot Singh Hammer Champion) ਰੌਸ਼ਨ ਕਰ ਦਿੱਤਾ ਹੈ।

ਮਨਜੋਤ ਨੇ ਫਾਈਨਲ 'ਚ 5 ਕਿਲੋ ਦੇ ਗੋਲੇ ਨੂੰ 65.75 ਮੀਟਰ ਦੂਰ ਗੋਲਾ ਸੁੱਟ ਕੇ ਸਾਰੇ ਮੁਕਾਬਲੇਬਾਜ਼ਾਂ ਨੂੰ ਪਿੱਛੇ ਛੱਡਿਆ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਹ ਪੰਜਾਬ ਦੇ ਸਿਖਰਲੇ ਐਥਲੀਟਾਂ ਦੀ ਕਤਾਰ 'ਚ ਜਾ ਖੜ੍ਹਾ ਹੈ।

ਅੱਜ ਜਦੋਂ ਮਨਜੋਤ ਸੋਨ ਮੈਡਲ ਗਲ 'ਚ ਪਾ ਕੇ ਰਾਏਕੋਟ ਪਹੁੰਚਿਆ ਤਾਂ ਸ਼ਹਿਰ ਦਾ ਮਾਹੌਲ ਹੀ ਬਦਲ ਗਿਆ। ਸਕੂਲ ਦੇ ਗੇਟ ਤੋਂ ਲੈ ਕੇ ਘਰ ਤੱਕ ਰਾਏਕੋਟ ਵਾਸੀਆਂ, ਖੇਡ ਪ੍ਰੇਮੀਆਂ, ਸਕੂਲ ਸਟਾਫ਼ ਤੇ ਸਾਥੀ ਵਿਦਿਆਰਥੀਆਂ ਨੇ ਢੋਲ ਨਗਾਰਿਆਂ ਨਾਲ ਉਸ ਦਾ ਭਰਵਾਂ ਸਵਾਗਤ ਕੀਤਾ। ਹਲਕਾ ਰਾਏਕੋਟ ਦੀਆਂ ਉੱਘੀਆਂ ਹਸਤੀਆਂ ਵੱਲੋਂ ਮਨਜੋਤ ਉੱਪਰ ਫੁੱਲਾਂ ਦੀਆਂ ਵਰਖਾ, ਗਲ 'ਚ ਹਾਰਾਂ ਤੇ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਰਾਏਕੋਟ ਦੇ ਪੁੱਤ ਦੀ ਪ੍ਰਾਪਤੀ ਤੇ ਉਸਨੂੰ ਵਧਾਈ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤ ਦੀ ਪ੍ਰਾਪਤੀ ਤੇ ਰਾਏਕੋਟੀਆਂ ਵੱਲੋਂ ਦਿੱਤੇ ਪਿਆਰ ਤੇ ਸਤਿਕਾਰ ਲਈ ਦਿਲੋਂ ਧੰਨਵਾਦ ਕੀਤਾ ਗਿਆ।

ਕੋਚ ਗੁਰਪ੍ਰੀਤ ਸਿੰਘ ਮੱਲ੍ਹੀ, ਡੀਪੀ ਸੁਦਾਗਰ ਸਿੰਘ ਤੇ ਹੋਰਨਾਂ ਸਖ਼ਸ਼ੀਅਤਾਂ ਨੇ ਕਿਹਾ ਕਿ “ਮਨਜੋਤ ਵਰਗੇ ਬੱਚੇ ਸਾਡੇ ਸਕੂਲ ਤੇ ਰਾਏਕੋਟ ਦੀ ਅਸਲ ਪਹਿਚਾਣ ਹਨ। ਉਸ ਨੇ ਮਿਹਨਤ ਤੇ ਲਗਨ ਨਾਲ ਸਾਬਤ ਕਰ ਦਿੱਤਾ ਕਿ ਸਾਡੇ ਪਿੰਡ ਦਾ ਹਰ ਬੱਚਾ ਕੁਝ ਵੀ ਹਾਸਲ ਕਰ ਸਕਦਾ ਹੈ।”

ਮਨਜੋਤ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਮਨਜੋਤ ਦੀ ਇਸ ਪ੍ਰਾਪਤੀ ਦਾ ਸਿਹਰਾ ਕੋਚ ਗੁਰਪ੍ਰੀਤ ਸਿੰਘ ਮੱਲ੍ਹੀ ਸਿਰ ਬੰਨਿਆ ਜਿਨ੍ਹਾਂ ਨੇ ਆਪਣੀ ਮਿਹਨਤ ਤੇ ਤਜਰਬੇ ਨਾਲ ਮਨਜੋਤ ਸਿੰਘ ਨੂੰ ਨੈਸ਼ਨਲ ਪੱਧਰ ਦਾ ਗੋਲਡ ਮੈਡਲਿਸਟ ਬਣਨ ਦਾ ਸੁਪਨਾ ਪੂਰਾ ਕੀਤਾ।‌

ਮਨਜੋਤ ਦੇ ਪਿਤਾ ਤੇ ਕੋਚ ਨੇ ਦੱਸਿਆ ਕਿ ਬੱਚੇ ਨੇ ਰੋਜ਼ਾਨਾ ਸਵੇਰੇ 4 ਵਜੇ ਤੋਂ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਸੀ ਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਦੇ ਪਿੱਛੇ ਨਹੀਂ ਹਟਿਆ। ਰਾਏਕੋਟ ਦੇ ਲੋਕਾਂ ਨੇ ਮਨਜੋਤ ਨੂੰ ਆਪਣੀਆਂ ਪਲਕਾਂ 'ਤੇ ਬਿਠਾ ਲਿਆ ਹੈ। ਹਰ ਪਾਸੇ ਇਕੋ ਗੱਲ ਸੁਣਾਈ ਦੇ ਰਹੀ ਹੈ – “ਸਾਡਾ ਸ਼ੇਰ ਮਨਜੋਤ…ਦਾ  ਵਧਦਾ ਰਹੇ ਨਾਂ!”

Related Post