Ram Rahim: ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਸਿਆਸਤ ਤੋਂ ਪ੍ਰੇਰਤ: ਸ਼੍ਰੋਮਣੀ ਕਮੇਟੀ

By  KRISHAN KUMAR SHARMA January 19th 2024 09:14 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਤਲ ਤੇ ਜਬਰ-ਜ਼ਿਨਾਹ ਦੇ ਸੰਗੀਨ ਦੋਸ਼ਾਂ ਤਹਿਤ ਜੇਲ੍ਹ ’ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਵਾਰ-ਵਾਰ ਪੈਰੋਲ ਦੇਣ ’ਤੇ ਸਖ਼ਤ ਇਤਰਾਜ਼ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (sgpc) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਕਿਹਾ ਕਿ ਰਾਮ ਰਹੀਮ ਨਾਲ ਸਰਕਾਰ ਵੱਲੋਂ ਵਿਸ਼ੇਸ਼ ਹਮਦਰਦੀ ਸਵਾਲ ਪੈਦਾ ਕਰਦੀ ਹੈ। ਇਹ ਸਿੱਧੇ ਤੌਰ ’ਤੇ ਸਿਆਸਤ ਤੋਂ ਪ੍ਰੇਰਤ ਵਰਤਾਰਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਰਕਾਰਾਂ ਦੋਹਰੀ ਨੀਤੀ ਅਪਣਾ ਰਹੀਆਂ ਹਨ। ਇਕ ਪਾਸੇ ਬਲਾਤਕਾਰ ਤੇ ਕਤਲ ਦੇ ਇਲਜ਼ਾਮਾਂ ਵਿਚ ਸਜ਼ਾ ਕੱਟ ਰਹੇ ਵਿਅਕਤੀ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ, ਜਦਕਿ ਦੂਸਰੇ ਪਾਸੇ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਬਾਰੇ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿਆਸੀ ਹਿੱਤਾਂ ਲਈ ਸਰਕਾਰਾਂ ਵੱਲੋਂ ਗੁਰਮੀਤ ਰਾਮ ਰਹੀਮ ਦੇ ਘਿਨੌਣੇ ਅਪਰਾਧਾਂ ਨੂੰ ਅੱਖੋਂ-ਓਹਲੇ ਕਰਕੇ ਉਸ ਨੂੰ ਬਾਰ-ਬਾਰ ਛੱਡਿਆ ਜਾਣਾ ਇਤਰਾਜ਼ਯੋਗ ਹੈ ਅਤੇ ਇਹ ਰਾਮ ਰਹੀਮ ਵੱਲੋਂ ਕੀਤੇ ਜ਼ੁਲਮਾਂ ਦੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲੀ ਕਾਰਵਾਈ ਹੈ।

29 ਦਿਨਾਂ 'ਚ ਮਿਲੀ ਦੂਜੀ ਵਾਰ ਪੈਰੋਲ

ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ (ram rahim parole) ਨੂੰ ਹੁਣ ਇਸ ਵਾਰ 50 ਦਿਨਾਂ ਦੀ ਪੈਰੋਲ ਮਿਲੀ ਹੈ, ਜੋ ਕਿ 29 ਦਿਨਾਂ ਦੇ ਅੰਦਰ-ਅੰਦਰ ਦੂਜੀ ਵਾਰ ਦਿੱਤੀ ਗਈ ਹੈ। ਰਾਮ ਰਹੀਮ ਸ਼ੁੱਕਰਵਾਰ ਸ਼ਾਮ ਜੇਲ੍ਹ ਤੋਂ ਬਾਹਰ ਆਏ, ਜਿਨ੍ਹਾਂ ਨੂੰ ਲੈਣ ਲਈ ਉਨ੍ਹਾਂ ਦੀ ਮੂੰਹਬੋਲੀ ਧੀ ਹਨਪ੍ਰੀਤ ਪਹੁੰਚੀ ਸੀ ਅਤੇ ਦੋ ਗੱਡੀਆਂ ਦੇ ਕਾਫਲੇ ਵਿੱਚ ਉਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਲਈ ਰਵਾਨਾ ਹੋਏ।

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਬਲਾਤਕਾਰ ਅਤੇ ਕਤਲ ਦੇ ਦੋ ਮਾਮਲਿਆਂ 'ਚ 20 ਸਾਲ ਸਜ਼ਾ ਕੱਟ ਰਿਹਾ ਹੈ ਅਤੇ ਇਸ ਵੇਲੇ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਇਸਤੋਂ ਇਲਾਵਾ ਹੁਣ ਤੱਕ ਉਹ ਆਪਣੀ ਸਜ਼ਾ ਦੇ 32 ਮਹੀਨਿਆਂ ਵਿੱਚ 9 ਵਾਰ ਜੇਲ੍ਹ ਵਿਚੋਂ ਪੈਰੋਲ 'ਤੇ ਬਾਹਰ ਆ ਚੁੱਕਿਆ ਹੈ। ਦੱਸ ਦੇਈਏ ਕਿ ਹਰਿਆਣਾ ਸਰਕਾਰ ਨੇ ਅਜੇ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਹੀ 21 ਦਿਨਾਂ ਦੀ ਪੈਰੋਲ ਦਿੱਤੀ ਸੀ ਅਤੇ ਉਹ 21 ਦਸੰਬਰ ਨੂੰ ਰੋਹਤਮ ਜੇਲ੍ਹ ਪਹੁੰਚਿਆ ਸੀ।

Related Post