2000 Rupees Notes: ਆਸਾਨੀ ਨਾਲ ਬਦਲੇ ਜਾਣਗੇ 2000 ਹਜ਼ਾਰ ਰੁਪਏ ਦੇ ਨੋਟ : RBI ਗਵਰਨਰ

2000 ਰੁਪਏ ਦੇ ਨੋਟ ਬੰਦ ਹੋਣ ਦੇ ਐਲਾਨ ਤੋਂ ਬਾਅਦ ਲੋਕਾਂ 'ਚ ਤਣਾਅ ਹੈ ਕਿ ਹੁਣ ਉਹ ਇਨ੍ਹਾਂ ਨੋਟਾਂ ਦਾ ਕੀ ਕਰਨਗੇ। ਹਾਲਾਂਕਿ RBI ਨੇ ਸਪੱਸ਼ਟ ਕੀਤਾ ਹੈ ਕਿ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ।

By  Ramandeep Kaur May 22nd 2023 02:25 PM -- Updated: May 22nd 2023 02:28 PM

2000 Rupees Notes: 2000 ਰੁਪਏ ਦੇ ਨੋਟ ਬੰਦ ਹੋਣ ਦੇ ਐਲਾਨ ਤੋਂ ਬਾਅਦ ਲੋਕਾਂ 'ਚ ਤਣਾਅ ਹੈ ਕਿ ਹੁਣ ਉਹ ਇਨ੍ਹਾਂ ਨੋਟਾਂ ਦਾ ਕੀ ਕਰਨਗੇ। ਹਾਲਾਂਕਿ RBI ਨੇ ਸਪੱਸ਼ਟ ਕੀਤਾ ਹੈ ਕਿ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ। ਹੁਣ ਤੁਸੀਂ ਬੈਂਕ 'ਚ 2000 ਦਾ ਨੋਟ ਬਦਲ ਸਕਦੇ ਹੋ, ਨਾਲ ਹੀ ਕਿਸੇ ਵੀ ਦੁਕਾਨ 'ਤੇ ਜਾ ਕੇ ਨੋਟ ਨਾਲ ਆਸਾਨੀ ਨਾਲ ਸਮਾਨ ਖਰੀਦ ਸਕਦੇ ਹੋ ਕਿਉਂਕਿ ਕੋਈ ਵੀ ਦੁਕਾਨਦਾਰ ਇਹ ਨੋਟ ਲੈਣ ਤੋਂ ਇਨਕਾਰ ਨਹੀਂ ਕਰ ਸਕਦਾ।

ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਆਰ.ਬੀ.ਆਈ. ਦੇਸ਼-ਵਿਦੇਸ਼ 'ਚ ਰਹਿੰਦੇ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਨੋਟ ਬਦਲਣ ਦੀ ਸਮੁੱਚੀ ਪ੍ਰਕਿਰਿਆ 'ਤੇ ਨਜ਼ਰ ਰੱਖੇਗਾ। ਗਵਰਨਰ ਨੇ ਕਿਹਾ, "ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਜੋ ਵਿਦੇਸ਼ ਵਿਚ ਰਹਿੰਦੇ ਹਨ ਜਾਂ ਉਹ ਬਜ਼ੁਰਗ ਜੋ ਅਪਣੇ ਬੱਚਿਆਂ ਨੂੰ ਮਿਲਣ ਲਈ ਵਿਦੇਸ਼ ਗਏ ਹਨ, ਅਸੀਂ ਤੁਹਾਨੂੰ ਆਉਣ ਵਾਲੀਆਂ ਮੁਸ਼ਕਲਾਂ ਪ੍ਰਤੀ ਸੰਵੇਦਨਸ਼ੀਲ ਰਹਾਂਗੇ।"

ਆਰ.ਬੀ.ਆਈ. ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਕੇ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ ਸੀ। ਆਰ.ਬੀ.ਆਈ. ਨੇ ਕਿਹਾ ਹੈ ਕਿ ਇਹ ਨੋਟ ਵੈਧ ਰਹਿਣਗੇ ਅਤੇ 30 ਸਤੰਬਰ 2023 ਤਕ ਬੈਂਕਾਂ 'ਚ ਜਮ੍ਹਾ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦਸਿਆ ਕਿ ਕਿੰਨੇ ਨੋਟ ਬਦਲੇ ਗਏ ਅਤੇ ਕਿੰਨੇ ਜਮ੍ਹਾਂ ਕੀਤੇ ਗਏ ਇਸ ਦਾ ਰੋਜ਼ਾਨਾ ਹਿਸਾਬ ਰਖਿਆ ਜਾਵੇਗਾ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਮੀਡੀਆ ਨੂੰ ਦੱਸਿਆ ਕਿ 2000 ਰੁਪਏ ਦੇ ਨੋਟ ਨੂੰ ਪੇਸ਼ ਕਰਨ ਦਾ ਉਦੇਸ਼ ਹਾਸਲ ਕਰ ਲਿਆ ਗਿਆ ਹੈ।

ਉਨ੍ਹਾਂ ਕਿਹਾ, “ਜਦ 1000 ਅਤੇ 500 ਰੁਪਏ ਦੇ ਨੋਟ ਵਾਪਸ ਲਏ ਗਏ ਸਨ, ਤਾਂ ਉਸ ਰਕਮ ਦੀ ਭਰਪਾਈ ਕਰਨ ਲਈ 2000 ਰੁਪਏ ਦੇ ਨੋਟ ਜਲਦਬਾਜ਼ੀ ਵਿਚ ਜਾਰੀ ਕੀਤੇ ਗਏ ਸਨ। ਹੁਣ ਇਹ ਮਕਸਦ ਪੂਰਾ ਹੋ ਗਿਆ ਹੈ। ਹੁਣ ਹੋਰ ਮੁੱਲਾਂ ਦੇ ਕਾਫ਼ੀ ਨੋਟ ਸਰਕੂਲੇਸ਼ਨ ਵਿਚ ਹਨ”। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਚਿੰਤਾ ਦੀ ਕੋਈ ਗੱਲ ਨਹੀਂ ਹੈ। ਲੋਕਾਂ ਕੋਲ ਨੋਟ ਬਦਲਣ ਲਈ 4 ਮਹੀਨੇ ਦਾ ਸਮਾਂ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਜਲਦੀ ਹੀ ਬੈਂਕ ਵਿਚ ਪਹੁੰਚ ਜਾਣ ਅਤੇ ਭੀੜ ਇਕੱਠੀ ਕਰਨ। ਚੰਗਾ ਹੋਵੇਗਾ ਕਿ ਹੌਲੀ-ਹੌਲੀ ਲੋਕ ਅਪਣੇ ਸਮੇਂ ਅਨੁਸਾਰ ਨੋਟ ਬਦਲਣ ਲਈ ਬੈਂਕ ਵਿਚ ਜਾਣ। ਉਨ੍ਹਾਂ ਕਿਹਾ ਕਿ ਲੋਕ 4 ਮਹੀਨਿਆਂ ਦੀ ਮਿਆਦ ਨੂੰ ਗੰਭੀਰਤਾ ਨਾਲ ਲੈਣ।

ਗਵਰਨਰ ਵੱਲੋਂ ਬੈਂਕਾਂ ਨੂੰ ਨਿਰਦੇਸ਼

ਆਰ.ਬੀ.ਆਈ. ਨੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਆਮ ਲੋਕਾਂ ਨੂੰ 2000 ਰੁਪਏ ਦੇ ਨੋਟਾਂ ਨੂੰ ਕਾਊਂਟਰ 'ਤੇ ਬਦਲਣ ਦੀ ਸਹੂਲਤ ਆਮ ਤਰੀਕੇ ਨਾਲ ਮੁਹੱਈਆ ਕਰਵਾਈ ਜਾਵੇਗੀ, ਜੋ ਪਹਿਲਾਂ ਦਿੱਤੀ ਜਾ ਰਹੀ ਸੀ। ਬੈਂਕਾਂ ਨੂੰ ਗਰਮੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਾਖਾਵਾਂ ਵਿਚ ਢੁਕਵੇਂ ਬੁਨਿਆਦੀ ਢਾਂਚੇ ਜਿਵੇਂ ਕਿ ਛਾਂਦਾਰ ਵੇਟਿੰਗ ਰੂਮ, ਪੀਣ ਵਾਲੇ ਪਾਣੀ ਦੀ ਸਹੂਲਤ ਆਦਿ ਪ੍ਰਦਾਨ ਕਰਨ ਦੀ ਸਲਾਹ ਦਿੱਤੀ ਗਈ ਹੈ।

ਗਵਰਨਰ ਨੇ ਕਿਹਾ ਕਿ ਪਹਿਲਾਂ ਵੀ ਛੋਟੀਆਂ ਦੁਕਾਨਾਂ ਨੇ ਕਦੇ ਵੀ 2000 ਰੁਪਏ ਦੇ ਨੋਟ ਸਵੀਕਾਰ ਨਹੀਂ ਕੀਤੇ ਸਨ। ਉਨ੍ਹਾਂ ਨੇ ਡਿਜੀਟਲ ਭੁਗਤਾਨ ਨੂੰ ਤਰਜੀਹ ਦਿੱਤੀ। ਇਹ ਰੁਝਾਨ ਹੁਣ ਵਧ ਸਕਦਾ ਹੈ ਪਰ ਕੋਈ ਨਵੀਂ ਗੱਲ ਨਹੀਂ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ 30 ਸਤੰਬਰ ਤੋਂ ਬਾਅਦ 2000 ਰੁਪਏ ਦੇ ਨੋਟ ਕਾਨੂੰਨੀ ਤੌਰ 'ਤੇ ਜਾਰੀ ਰਹਿਣਗੇ ਪਰ ਇਸ ਨੂੰ ਸਰਕੂਲੇਸ਼ਨ ਤੋਂ ਬਾਹਰ ਕਰ ਦਿਤਾ ਗਿਆ ਹੈ।

Related Post