ਇਟਲੀ ਦੇ ਇਸ ਗੁਰੂ ਘਰੇ ਸਭ ਤੋਂ ਪਹਿਲਾਂ ਪ੍ਰਕਾਸ਼ ਹੋਏ ਸਨ ਗੁਰੂ ਗ੍ਰੰਥ ਸਾਹਿਬ ਜੀ ਦੇ 100 ਸਰੂਪ

By  Pardeep Singh February 3rd 2023 08:51 PM -- Updated: February 4th 2023 02:34 PM

ਇਟਲੀ (ਪਾਸੀਆਨੋ ਦੀ ਪੋਰਦੇਨੋਨੇ), 3 ਫਰਵਰੀ: ਇਟਲੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਿੰਘ ਸਭਾ, ਪਾਸੀਆਨੋ ਦੀ ਪੋਰਦੇਨੋਨੇ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਨੂੰ ਮੁਖ ਰੱਖਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਨੇ ਇਲਾਹੀ ਗੁਰਬਾਣੀ ਸਰਵਣ ਕੀਤੀ ਅਤੇ ਗੁਰੂ ਚਰਨਾਂ 'ਚ ਹਾਜ਼ਰੀਆਂ ਲਵਾਈਆਂ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਸੰਗਤ ਦੁਆਰਾ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਪਾਏ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।


ਗੁਰਦੁਆਰਾ ਕਮੇਟੀ ਨੇ ਉਚੇਚੇ ਤੌਰ 'ਤੇ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਬਾਬਾ ਸਰੂਪ ਸਿੰਘ ਜੀਆਂ ਦੇ ਨਾਲ ਰਲ ਕੇ ਕਮੇਟੀ ਨੇ ਉਸ ਵੇਲੇ ਸੰਗਤਾਂ ਦੇ ਸਹਿਯੋਗ ਸਕਦਾ 2 ਲੱਖ 70 ਹਾਜ਼ਰ ਯੂਰੋ ਸੇਵਾ ਇਕੱਠੀ ਕੀਤੀ ਅਤੇ ਗੁਰੂ ਘਰ ਦੀ ਰਜਿਸਟਰੀ ਕਰਵਾਈ। ਉਨ੍ਹਾਂ ਦੱਸਿਆ ਕਿ ਇਹ ਸੇਵਾ ਪੂਰੇ ਯੁਰੋਪ 'ਚ ਥਾਂ ਥਾਂ ਉਗਰਾਹੀ ਕਰਕੇ ਸੰਗਤਾਂ ਦੇ ਸਹਿਯੋਗ ਅਤੇ ਬਾਬਾ ਸਰੂਪ ਸਿੰਘ ਜੀ ਦੀ ਪ੍ਰੇਰਨਾ ਸਦਕਾ ਇਕੱਠੀ ਕੀਤੀ ਗਈ। ਜਿਸ ਨਾਲ ਗੁਰੂ ਘਰ ਦੀ ਇਮਾਰਤ ਦੀ ਰਜਿਸਟਰੀ ਦਾ ਕੰਮ ਮੁਕੰਮਲ ਹੋਇਆ, ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੋ ਸਾਲਾਂ ਤੱਕ ਇਸੀ ਇਮਾਰਤ ਨੂੰ ਕਿਰਾਏ 'ਤੇ ਲੈ ਕੇ ਇਥੇ ਗੁਰਦੁਆਰੇ ਦਾ ਪ੍ਰਬੰਧ ਚਲਾਇਆ ਜਾ ਰਿਹਾ ਸੀ। ਜਿਸਦੀ ਰਗਿਸਟਰੀ ਨੂੰ ਇਸ ਸਾਲ 29 ਜਨਵਰੀ ਨੂੰ 20 ਸਾਲ ਪੂਰੇ ਹੋ ਚੁੱਕੇ ਨੇ, ਤੇ ਹੁਣ ਜਾ ਕੇ ਗੁਰੂ ਘਰ ਦੀ ਇਮਾਰਤ ਲਈ ਜਿਹੜਾ ਕਰਜ਼ਾ ਵੀ ਲਿਆ ਗਿਆ ਸੀ, ਉਹ ਵੀ ਪੂਰੀ ਤਰ੍ਹਾਂ ਚੁਕਾ ਦਿੱਤਾ ਗਿਆ ਹੈ। 


ਇਨ੍ਹਾਂ ਹੀ ਨਹੀਂ ਉਨ੍ਹਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਪਾਸੀਆਨੋ ਦੀ ਪੋਰਦੇਨੋਨੇ ਦੇ ਇਸੀ ਗੁਰੂ ਘਰੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ 100 ਸਰੂਪ ਬਿਰਾਜੇ ਗਏ ਸਨ, ਜਿਨ੍ਹਾਂ ਨੂੰ ਸੰਤ ਬਾਬਾ ਸਰੂਪ ਸਿੰਘ ਜੀਆਂ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਪੰਜਾਬ ਤੋਂ ਸਪੈਸ਼ਲ ਫਲਾਈਟ ਬੁਕਿੰਗ ਰਾਹੀਂ ਲਿਆਇਆ ਗਿਆ ਸੀ। ਉਸ ਵੇਲੇ ਸੰਗਤਾਂ ਵਿਚੋਂ ਇੱਕ ਇੱਕ ਵਿਅਕਤੀ ਦੀ ਸਵਾਰੀ ਕਰਦਿਆਂ ਪੰਜਾਬ ਤੋਂ ਇਟਲੀ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਇਸ ਗੁਰੂ ਘਰੇ ਬਿਰਾਜਮਾਨ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਇਥੋਂ ਦੇ ਬਿਰਧ ਸਰੂਪਾਂ ਦੀ ਸੇਵਾ ਲਈ ਵੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਲੈ ਜਾਣ ਦੀ ਸੇਵਾ ਨਿਭਾਈ ਗਈ ਸੀ।       


ਬੀਤੀ 27 ਜਨਵਰੀ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਿੰਘ ਸਭਾ, ਪਾਸੀਆਨੋ ਦੀ ਪੋਰਦੇਨੋਨੇ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭੇ ਗਏ ਸਨ, ਜਿਨ੍ਹਾਂ ਪਾਠਾਂ ਦੇ 29 ਜਨਵਰੀ (ਐਤਵਾਰ) ਨੂੰ ਭੋਗ ਪਾਏ ਗਏ। ਇਸ ਮੌਕੇ ਕਵੀਸ਼ਰੀ ਜਥਾ 'ਜਾਗੋ ਕੇ' ਦੇ ਭਾਈ ਬਲਵਿੰਦਰ ਸਿੰਘ ਤੇ ਭਾਈ ਸੁਰਜੀਤ ਸਿੰਘ ਖੰਡੇਵਾਲੇ ਨੇ ਕਵੀਸ਼ਰੀ ਵਾਰਾਂ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੇ ਨਾਲ ਹੀ ਜਿਥੇ ਕੀਰਤਨੀਏ ਜੱਥੇ ਵੱਲੋਂ ਸਿੱਖ ਸੰਗਤਾਂ ਨੂੰ ਇਲਾਹੀ ਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਾਇਆ ਗਿਆ ਉਥੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ।

Related Post