Mera Ghar Mere Naam Scheme ਚਰਚਾ ’ਚ ; ਮੈਪਿੰਗ ’ਤੇ ਉਦੋਕੇ ਖੁਰਦ ਵਾਸੀਆਂ ਨੇ ਚੁੱਕੇ ਸਵਾਲ, ਕੀਤੀ ਜਾ ਰਹੀ ਇਹ ਮੰਗ

ਮਜੀਠਾ ਹਲਕੇ ਦੇ ਪਿੰਡ ਉਦੋਕੇ ਖੁਰਦ ਦੇ ਵਸਨੀਕਾਂ ਨੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਹੋਈ ਡਿਜੀਟਲ ਮੈਪਿੰਗ ਵਿੱਚ ਕਥਿਤ ਗਲਤੀਆਂ ਨੂੰ ਲੈ ਕੇ ਸਰਕਾਰ ਅਤੇ ਮਾਲੀਆ ਵਿਭਾਗ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

By  Aarti August 11th 2026 04:17 PM

Mera Ghar Mere Naam Scheme News : ਮਜੀਠਾ ਹਲਕੇ ਦੇ ਪਿੰਡ ਉਦੋਕੇ ਖੁਰਦ ਵਿੱਚ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਹੋਈ ਡਿਜੀਟਲ ਮੈਪਿੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਵਾਸੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਡਿਜੀਟਲ ਸਰਵੇਖਣ ਦੌਰਾਨ ਪਿੰਡ ਦੀ ਹੱਦ ਅਤੇ ਕਈ ਰਿਹਾਇਸ਼ੀ ਘਰਾਂ ਦੀ ਮੈਪਿੰਗ ਗਲਤ ਢੰਗ ਨਾਲ ਉਦੋਕੇ ਕਲਾਂ ਵਿੱਚ ਦਰਸਾਈ ਗਈ ਹੈ।

‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਹੋਈ ਗੜਬੜੀ

ਮਜੀਠਾ ਹਲਕੇ ਦੇ ਪਿੰਡ ਉਦੋਕੇ ਖੁਰਦ ਦੇ ਵਸਨੀਕਾਂ ਨੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਹੋਈ ਡਿਜੀਟਲ ਮੈਪਿੰਗ ਵਿੱਚ ਕਥਿਤ ਗਲਤੀਆਂ ਨੂੰ ਲੈ ਕੇ ਸਰਕਾਰ ਅਤੇ ਮਾਲੀਆ ਵਿਭਾਗ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਵੇਖਣ ਦੌਰਾਨ ਉਦੋਕੇ ਖੁਰਦ ਦੀ ਰਵਾਇਤੀ ਅਤੇ ਮਾਲੀਆ ਹੱਦ ਨੂੰ ਸਹੀ ਢੰਗ ਨਾਲ ਦਰਸਾਉਣ ਦੀ ਬਜਾਏ ਪਿੰਡ ਦਾ ਲਗਭਗ 78 ਕਨਾਲ 8 ਮਰਲੇ ਰਕਬਾ ਉਦੋਕੇ ਕਲਾਂ ਵਿੱਚ ਜੋੜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਈ ਰਿਹਾਇਸ਼ੀ ਘਰਾਂ ਅਤੇ ਤਿੰਨ ਵਾਰਡਾਂ ਨਾਲ ਸਬੰਧਤ ਲੋਕਾਂ ਦੇ ਘਰ ਵੀ ਡਿਜੀਟਲ ਨਕਸ਼ੇ ਵਿੱਚ ਉਦੋਕੇ ਕਲਾਂ ਦਾ ਹਿੱਸਾ ਦਰਸਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਪਿੰਡ ਦੇ ਲੋਕਾਂ ਤੇ ਸਰਪੰਚ ਨੇ ਦਿੱਤੀ ਲਿਖਤੀ ਸ਼ਿਕਾਇਤਾਂ

ਇਸ ਮਾਮਲੇ ਨੂੰ ਲੈ ਕੇ ਸਾਬਕਾ ਸਰਪੰਚ ਸੰਦੀਪ ਸਿੰਘ, ਮੌਜੂਦਾ ਸਰਪੰਚ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਮਨਜੀਤ ਕੌਰ ਸਮੇਤ ਜਗਜੀਤ ਸਿੰਘ, ਦਲਜਿੰਦਰ ਸਿੰਘ, ਸਰਬਜੀਤ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੁਖ ਸਿੰਘ, ਸਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਵੱਲੋਂ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ, ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਤਹਿਸੀਲਦਾਰ ਬਾਬਾ ਬਕਾਲਾ ਸਾਹਿਬ, ਨਾਇਬ ਤਹਿਸੀਲਦਾਰ ਤਰਸਿੱਕਾ ਅਤੇ ਬੀਡੀਪੀਓ ਮਜੀਠਾ-2 ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ।

ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਇਤਿਹਾਸਕ ਗੁਰਦੁਆਰਾ ਥੰਮ ਸਾਹਿਬ ਵੀ ਉਦੋਕੇ ਖੁਰਦ ਦੀ ਮਾਲੀਆ ਹੱਦ ਅੰਦਰ ਆਉਂਦਾ ਹੈ, ਪਰ ਡਿਜੀਟਲ ਸਰਵੇਖਣ ਵਿੱਚ ਇਸ ਨੂੰ ਉਦੋਕੇ ਕਲਾਂ ਦੀ ਹੱਦ ਵਿੱਚ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਲਾਲ ਲਕੀਰ ਅੰਦਰ ਆਉਂਦੇ ਕਈ ਰਿਹਾਇਸ਼ੀ ਘਰਾਂ ਨੂੰ ਵੀ ਦੂਜੇ ਪਿੰਡ ਦੇ ਡਿਜੀਟਲ ਨਕਸ਼ੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ।

ਕਈ ਕੰਮਾਂ ਨੂੰ ਲੈ ਕੇ ਆ ਸਕਦੀ ਹੈ ਗੰਭੀਰ ਸਮੱਸਿਆਵਾਂ 

ਸਾਬਕਾ ਸਰਪੰਚ ਸੰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੀਆਂ ਪੁਰਾਣੀਆਂ ਵੋਟਰ ਸੂਚੀਆਂ, ਰਾਸ਼ਨ ਕਾਰਡ, ਬਿਜਲੀ ਕੁਨੈਕਸ਼ਨ, ਵੋਟਰ ਕਾਰਡ, ਜਾਤੀ ਅਤੇ ਰਿਹਾਇਸ਼ ਸਰਟੀਫਿਕੇਟ ਅਤੇ ਆਧਾਰ ਕਾਰਡਾਂ ਸਮੇਤ ਕਈ ਸਰਕਾਰੀ ਦਸਤਾਵੇਜ਼ਾਂ ਵਿੱਚ ਇਨ੍ਹਾਂ ਪਰਿਵਾਰਾਂ ਦਾ ਪਤਾ ਉਦੋਕੇ ਖੁਰਦ ਦਰਜ ਹੈ। ਉਨ੍ਹਾਂ ਕਿਹਾ ਕਿ ਜੇਕਰ ਡਿਜੀਟਲ ਰਿਕਾਰਡ ਵਿੱਚ ਪਿੰਡ ਦੀ ਹੱਦ ਹੀ ਬਦਲ ਦਿੱਤੀ ਜਾਂਦੀ ਹੈ ਤਾਂ ਭਵਿੱਖ ਵਿੱਚ ਵੋਟਾਂ, ਪੰਚਾਇਤੀ ਅਧਿਕਾਰ ਖੇਤਰ, ਸਰਕਾਰੀ ਸਹੂਲਤਾਂ, ਵਿਕਾਸ ਕਾਰਜਾਂ ਅਤੇ ਜਾਇਦਾਦ ਸਬੰਧੀ ਦਸਤਾਵੇਜ਼ਾਂ ਨੂੰ ਲੈ ਕੇ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਡਿਜੀਟਲ ਮੈਪਿੰਗ ਨਾਲ ਬਦਲੀ ਤਸਵੀਰ- ਪਿੰਡ ਵਾਸੀ

ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਪਹਿਲਾਂ ਤਿਆਰ ਕੀਤੇ ਗਏ ਨਕਸ਼ਿਆਂ ਵਿੱਚ ਲਾਲ ਲਕੀਰ ਅੰਦਰ ਕਰੀਬ 36 ਘਰ ਦਰਸਾਏ ਗਏ ਸਨ, ਪਰ ਬਾਅਦ ਦੀ ਮੈਪਿੰਗ ਵਿੱਚ ਸਥਿਤੀ ਬਦਲ ਗਈ। ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਡਿਜੀਟਲ ਸਰਵੇਖਣ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਮਾਲੀਆ ਰਿਕਾਰਡ, ਮੁਸਾਵੀ, ਅਕਸ਼ ਸ਼ਜਰਾ, ਜਮ੍ਹਾਂਬੰਦੀ, ਤਤੀਮਾ ਅਤੇ ਹੋਰ ਪੁਰਾਣੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ।

ਭਵਿੱਖ ਵਿੱਚ ਹੋਣ ਵਾਲੀਆਂ ਰਜਿਸਟਰੀਆਂ ’ਤੇ ਪੈ ਸਕਦਾ ਹੈ ਅਸਰ- ਸਾਬਕਾ ਸਰਪੰਚ ਮਨਜੀਤ ਕੌਰ

ਸਾਬਕਾ ਸਰਪੰਚ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਕੋਲ ਪੁਰਾਣੇ ਦਸਤਾਵੇਜ਼ ਅਤੇ ਸਰਕਾਰੀ ਸਰਟੀਫਿਕੇਟ ਮੌਜੂਦ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦਾ ਪਤਾ ਉਦੋਕੇ ਖੁਰਦ ਦਰਜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਨਕਸ਼ੇ ਵਿੱਚ ਪਿੰਡ ਦੀ ਹੱਦ ਬਦਲਦੀ ਹੈ ਤਾਂ ਲੋਕਾਂ ਦੇ ਘਰਾਂ ਦੀ ਮਲਕੀਅਤ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਰਜਿਸਟਰੀਆਂ ’ਤੇ ਵੀ ਅਸਰ ਪੈ ਸਕਦਾ ਹੈ।

ਮੁੜ ਕਰਵਾਈ ਗਈ ਮਾਲੀਆ ਰਿਕਾਰਡ ਦੀ ਨਿਸ਼ਾਨਦੇਹੀ- ਤਹਿਸੀਲਦਾਰ 

ਦੂਜੇ ਪਾਸੇ, ਤਰਸਿੱਕਾ ਦੇ ਤਹਿਸੀਲਦਾਰ ਰਣਜੀਤ ਸਿੰਘ ਨੇ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਡਰੋਨ ਸਰਵੇਖਣ, ਮੈਪਿੰਗ ਅਤੇ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕਰਨ ਦੀ ਪ੍ਰਕਿਰਿਆ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਇਤਰਾਜ਼ ਸਾਹਮਣੇ ਆਉਣ ਤੋਂ ਬਾਅਦ ਮਾਲੀਆ ਰਿਕਾਰਡ ਦੇ ਆਧਾਰ ’ਤੇ ਮੁੜ ਨਿਸ਼ਾਨਦੇਹੀ ਕਰਵਾਈ ਗਈ ਹੈ।

ਤੱਥਾਂ ਦੀ ਜਾਂਚ ਕਰਨ ਮਗਰੋਂ ਭੇਜੀ ਜਾਵੇਗੀ ਉੱਚ ਅਧਿਕਾਰੀਆਂ ਨੂੰ ਰਿਪੋਰਟ-ਤਹਿਸੀਲਦਾਰ 

ਤਹਿਸੀਲਦਾਰ ਨੇ ਕਿਹਾ ਕਿ ਮਾਲੀਆ ਵਿਭਾਗ ਕੋਲ 1960-61 ਅਤੇ 1961-62 ਦੇ ਪੁਰਾਣੇ ਬੰਦੋਬਸਤੀ ਰਿਕਾਰਡ ਸਮੇਤ ਹੋਰ ਦਸਤਾਵੇਜ਼ ਮੌਜੂਦ ਹਨ। ਜੇਕਰ ਪਿੰਡ ਵਾਸੀਆਂ ਕੋਲ ਇਸ ਤੋਂ ਇਲਾਵਾ ਕੋਈ ਪੁਰਾਣਾ ਅਤੇ ਮਾਨਤਾ ਪ੍ਰਾਪਤ ਰਿਕਾਰਡ ਹੈ ਤਾਂ ਉਹ ਵਿਭਾਗ ਨੂੰ ਮੁਹੱਈਆ ਕਰਵਾਉਣ। ਉਨ੍ਹਾਂ ਭਰੋਸਾ ਦਿੱਤਾ ਕਿ ਉਪਲਬਧ ਰਿਕਾਰਡਾਂ ਦਾ ਆਪਸ ਵਿੱਚ ਮਿਲਾਨ ਕਰਕੇ ਜੋ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਜਾਵੇਗੀ। 

ਪਿੰਡ ਵਾਸੀਆਂ ਨੇ ਕੀਤੀ ਇਹ ਮੰਗ

ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਅੰਤਿਮ ਮੈਪਿੰਗ ਤੋਂ ਪਹਿਲਾਂ ਦੋਵਾਂ ਪਿੰਡਾਂ ਦੀ ਸਾਂਝੀ ਜਾਂਚ ਕਰਵਾਈ ਜਾਵੇ ਅਤੇ ਪੁਰਾਣੇ ਮਾਲੀਆ ਰਿਕਾਰਡਾਂ ਦੀ ਤਸਦੀਕ ਤੋਂ ਬਾਅਦ ਹੀ ਡਿਜੀਟਲ ਨਕਸ਼ੇ ਨੂੰ ਅੰਤਿਮ ਰੂਪ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮਾਮਲੇ ਦਾ ਜਲਦ ਨਿਪਟਾਰਾ ਨਾ ਹੋਇਆ ਤਾਂ ਪਿੰਡ ਦੀ ਹੱਦ, ਪੰਚਾਇਤੀ ਅਧਿਕਾਰ ਖੇਤਰ, ਮਾਲਕੀ ਅਤੇ ਸਰਕਾਰੀ ਸਹੂਲਤਾਂ ਨਾਲ ਜੁੜੇ ਕਈ ਵਿਵਾਦ ਪੈਦਾ ਹੋ ਸਕਦੇ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਲਤ ਮੈਪਿੰਗ ਵਿੱਚ ਜੇਕਰ ਕੋਈ ਤਕਨੀਕੀ ਜਾਂ ਰਿਕਾਰਡ ਸਬੰਧੀ ਗਲਤੀ ਹੋਈ ਹੈ ਤਾਂ ਉਸ ਨੂੰ ਤੁਰੰਤ ਦਰੁਸਤ ਕਰਕੇ ਉਦੋਕੇ ਖੁਰਦ ਦੀ ਅਸਲ ਹੱਦ ਬਹਾਲ ਕੀਤੀ ਜਾਵੇ। 

Related Post