ਦਵਾਈ ਲੈ ਕੇ ਘਰ ਪਰਤ ਰਹੇ ਪਤੀ-ਪਤਨੀ ਨੂੰ ਰੋਡਵੇਜ਼ ਦੀ ਬੱਸ ਨੇ ਮਾਰੀ ਟੱਕਰ; ਪਤਨੀ ਦੀ ਮੌਤ

By  Jasmeet Singh September 19th 2023 08:02 PM

ਗੁਰਦਾਸਪੁਰ: ਸ਼ਹਿਰ ਦੇ ਮੰਡੀ ਚੌਕ 'ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਪੰਜਾਬ ਰੋਡਵੇਜ਼ ਦੀ ਬੱਸ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਸਾਈਡ ਮਾਰ ਦਿੱਤੀ ਅਤੇ ਇਸ ਹਾਦਸੇ ਦੌਰਾਨ ਬੱਸ ਦੇ ਪਿਛਲੇ ਟਾਇਰਾਂ ਹੇਠ ਆਉਣ ਨਾਲ ਮਹਿਲਾ ਦੀ ਮੌਕੇ 'ਤੇ ਹੀ ਮੋਤ ਹੋ ਗਈ। 

ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਬੱਸ ਦਾ ਡਰਾਈਵਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਮਹਿਲਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।


ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਹਿਲਾ ਨੀਤਾ ਦੇ ਪਤੀ ਰੂਪਾ ਮਸੀਹ ਨੇ ਦੱਸਿਆ ਕਿ ਉਹ ਸੰਗਲਪੂਰਾ ਰੋਡ ਦੇ ਰਹਿਣ ਵਾਲੇ ਹਨ ਅਤੇ ਉਸਦੀ ਪਤਨੀ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਹ ਦਵਾਈ ਲੈਕੇ ਵਾਪਿਸ ਘਰ ਨੂੰ ਜਾ ਰਹੇ ਸਨ। ਉਸ ਨੇ ਦੱਸਿਆ, "ਜਦੋਂ ਮੰਡੀ ਰੋਡ ਬੁੱਤਾਂ ਵਾਲੀ ਗਲੀ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇੱਕ ਰੋਡਵੇਜ਼ ਦੀ ਬੱਸ ਨੇ ਸਾਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਜਿਸ ਨਾਲ ਮੇਰੇ ਮੋਟਰ ਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰ ਸਾਈਕਲ ਡਿੱਗਣ ਨਾਲ ਮੇਰੀ ਪਤਨੀ ਬੱਸ ਦੇ ਪਿੱਛਲੇ ਟਾਇਰਾਂ ਹੇਠ ਆ ਗਈ।" 

ਰੂਪਾ ਮਸੀਹ ਨੇ ਦੱਸਿਆ ਕਿ ਉਸਦੀ ਪਤਨੀ ਨੂੰ ਤੁਰੰਤ ਲੋਕਾਂ ਦੀ ਮਦਦ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨੇ ਕਿਹਾ, "ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ ਅਤੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ।" ਮਸੀਹ ਨੇ ਮੰਗ ਕੀਤੀ ਹੈ ਕਿ ਬੱਸ ਦੇ ਡਰਾਈਵਰ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ 'ਤੇ ਪਹੁੰਚੇ ਏ.ਐੱਸ.ਆਈ ਸੱਤਪਾਲ ਨੇ ਕਿਹਾ, "ਸੂਚਨਾ ਮਿਲੀ ਸੀ ਕਿ ਬੱਸ ਹੇਠਾਂ ਆਉਣ ਨਾਲ ਇੱਕ ਔਰਤ ਜ਼ਖ਼ਮੀ ਹੋਈ ਹੈ, ਮੌਕੇ 'ਤੇ ਪਹੁੰਚਣ 'ਤੇ ਪਤਾ ਲੱਗਿਆ ਕੇ ਮਹਿਲਾ ਨੂੰ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ ਹੈ ਅਤੇ ਅਸੀਂ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।"



ਏ.ਐੱਸ.ਆਈ ਨੇ ਅੱਗੇ ਕਿਹਾ, "ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ, ਇਹ ਬੱਸ ਪੰਜਾਬ ਰੋਡਵੇਜ਼ ਦੇ ਬਟਾਲਾ ਡਿਪੂ ਦੀ ਹੈ। ਡਿਪੂ ਵਿੱਚ ਵੀ ਸੂਚਨਾ ਦੇ ਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"

ਇਹ ਵੀ ਪੜ੍ਹੋ: ਗੜ੍ਹਸ਼ੰਕਰ: ਵੋਲਵੋ ਬੱਸ ਨਾਲ ਟੱਕਰ ਮਗਰੋਂ ਮੋਟਰ ਸਾਈਕਲ 'ਤੇ ਸਵਾਰ ਭਲਵਾਨ ਦੀ ਮੌਤ

Related Post