Amritsar Horror : ਪਿੰਡ ਭੰਡਿਆਰ ਚ ਲੁਟੇਰਿਆਂ ਨੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਪਹਿਲਾਂ ਵੱਢੀ ਉਂਗਲ, ਫਿਰ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ

Murder in Amritsar : ਜਗੀਰ ਸਿੰਘ ਦੀ ਤਿੰਨ ਥਾਂ ਤੋਂ ਬਾਂਹ ਕੱਟੀ, ਨੱਕ ਦੀ ਹੱਡੀ ਤੋੜੀ ਅਤੇ ਸਿਰ ਵਿੱਚ ਗੰਭੀਰ ਸੱਟਾਂ ਮਾਰ ਕੇ 40 ਹਜਾਰ ਰੁਪਏ ਜੇਬ ਵਿੱਚੋਂ ਕੱਢ ਕੇ ਫਰਾਰ ਹੋ ਗਏ। ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਜਗੀਰ ਸਿੰਘ ਦੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਹੈ।

By  KRISHAN KUMAR SHARMA September 22nd 2025 03:28 PM -- Updated: September 22nd 2025 03:38 PM

Amritsar Horror : ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਭੰਡਿਆਰ ਵਿਖੇ ਘਰ ਵਿੱਚ ਸੁੱਤੇ ਪਏ ਬਜ਼ੁਰਗ ਕੋਲੋਂ ਲੁੱਟ ਖੋਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ ਉਸ ਸਮੇਂ ਦਿੱਤਾ, ਜਦੋਂ ਬਜ਼ੁਰਗ ਜਗੀਰ ਸਿੰਘ ਗੂਹੜੀ ਨੀਂਦ ਸੁੱਤਾ ਪਿਆ ਸੀ। ਲੁਟੇਰਿਆਂ ਦਾ ਜਗੀਰ ਸਿੰਘ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਹਨਾਂ ਨੇ ਸੋਨੇ ਦੀ ਮੁੰਦਰੀ ਲਾਹੁਣ ਲਈ ਉਗਲ ਹੀ ਕੱਟ ਦਿੱਤੀ। ਉਂਗਲੀ ਕੱਟਣ ਦੇ ਬਾਵਜੂਦ ਜਦੋਂ ਉਸਨੇ ਜੇਬ ਵਿੱਚੋਂ ਪੈਸੇ ਨਾ ਕੱਢਣ ਦਿੱਤੇ ਤਾਂ ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਰਹੇ।

ਉਪਰੰਤ, ਮੁਲਜ਼ਮਾਂ ਨੇ ਜਗੀਰ ਸਿੰਘ ਦੀ ਤਿੰਨ ਥਾਂ ਤੋਂ ਬਾਂਹ ਕੱਟੀ, ਨੱਕ ਦੀ ਹੱਡੀ ਤੋੜੀ ਅਤੇ ਸਿਰ ਵਿੱਚ ਗੰਭੀਰ ਸੱਟਾਂ ਮਾਰ ਕੇ 40 ਹਜਾਰ ਰੁਪਏ ਜੇਬ ਵਿੱਚੋਂ ਕੱਢ ਕੇ ਫਰਾਰ ਹੋ ਗਏ। ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਜਗੀਰ ਸਿੰਘ ਦੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਬਾਪੂ ਜਗੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ ਅਤੇ ਇਲਾਕੇ ਵਿੱਚ ਵੀ ਦਹਿਸ਼ਤ ਪਾਈ ਜਾ ਰਹੀ ਹੈ।

ਪਰਿਵਾਰਕ ਮੈਂਬਰਾਂ ਅਤੇ ਪਿੰਡ ਭੰਡਿਆਰ ਵਾਸੀਆਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਜਗੀਰ ਸਿੰਘ ਨੂੰ ਦਰਦਨਾਕ ਮੌਤ ਦੇਣ ਵਾਲੇ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ ਤਾਂ ਜੋ ਉਹ ਅੱਗੇ ਤੋਂ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕਣ।

ਪੁਲਿਸ ਥਾਣਾ ਘਰਿੰਡਾ ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ  ਨੇ ਗੱਲਬਾਤ ਕਰਦੇ ਦੱਸਿਆ ਕਿ ਸੀਸੀਟੀਵੀ ਦੀ ਫੁੱਟੇਜ ਲਈ ਜਾ ਰਹੀ ਹੈ। ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਸਖਤ ਧਰਾਵਾਂ ਤਹਿਤ ਪਰਚਾ ਦਰਜ ਰਜਿਸਟਰ ਕਰ ਲਿਆ ਗਿਆ ਹੈ। ਜਗੀਰ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Related Post