Jalandhar: ਬਾਬੇ ਦਾ ਵੇਸ਼ ਬਣਾ ਲੁਟੇਰੇ ਨੇ ਇੰਝ ਬਜ਼ੁਰਗ ਜੋੜੇ ਤੋਂ ਲੁੱਟੇ 16 ਲੱਖ ਰੁਪਏ ਦੇ ਗਹਿਣੇ, ਜਾਂਚ ’ਚ ਜੁੱਟੀ ਪੁਲਿਸ

ਜਲੰਧਰ ਦੇ ਰਾਜਨਗਰ ’ਚ ਬੈਂਕ ਤੋਂ ਵਾਪਸ ਆ ਰਹੇ ਬਜ਼ੁਰਗ ਜੋੜੇ ਦਾ ਪਿੱਛਾ ਕਰਕੇ ਬਾਬਾ ਦੇ ਵੇਸ਼ ’ਚ ਲੁਟੇਰੇ ਨੇ ਘਰ ’ਚ ਵੜ੍ਹ ਕੇ 16 ਲੱਖ ਦੇ ਗਹਿਣਿਆਂ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

By  Aarti September 14th 2023 02:12 PM -- Updated: September 14th 2023 02:19 PM

ਪ੍ਰਭਮੀਤ ਸਿੰਘ (ਜਲੰਧਰ): ਜ਼ਿਲ੍ਹੇ ਦੇ ਰਾਜਨਗਰ ’ਚ ਬੈਂਕ ਤੋਂ ਵਾਪਸ ਆ ਰਹੇ ਬਜ਼ੁਰਗ ਜੋੜੇ ਦਾ ਪਿੱਛਾ ਕਰਕੇ ਬਾਬਾ ਦੇ ਵੇਸ਼ ’ਚ ਲੁਟੇਰੇ ਨੇ ਘਰ ’ਚ ਵੜ੍ਹ ਕੇ 16 ਲੱਖ ਦੇ ਗਹਿਣਿਆਂ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਉਕਤ ਮੁਲਜ਼ਮ ਨੇ ਬਜ਼ੁਰਗ ਜੋੜੇ ਨੂੰ ਸਿਹਤ ਦੀ ਪਰੇਸ਼ਾਨੀ ਤੋਂ ਛੁਟਕਾਰਾ ਦਿਲਾਉਣ ਦਾ ਝਾਂਸਾ ਦੇ ਕੇ ਘਰ ਦਾ ਸੋਨਾ ਡਬਲ ਕਰਨ ਨੂੰ ਕਿਹਾ। ਜੋੜੇ ਨੇ ਜਦੋ ਸੋਨੇ ਦੇ ਗਹਿਣੇ ਦਿੱਤੇ ਤਾਂ ਮੁਲਜ਼ਮ ਨੇ ਗਹਿਣਿਆਂ ਨੂੰ ਪੋਟਲੀ ’ਚ ਬੰਨ੍ਹ ਕੇ ਦੂਜੀ ਪੋਟਲੀ ਉਨ੍ਹਾਂ ਨੂੰ ਦੇ ਦਿੱਤੀ ਅਤੇ ਖੁਦ ਆਪਣੇ ਸਾਥੀ ਨਾਲ ਫਰਾਰ ਹੋ ਗਿਆ। 

ਮੁਲਜ਼ਮ ਸੀਸੀਟੀਵੀ ’ਚ ਕੈਦ

ਦੱਸ ਦਈਏ ਕਿ ਇਹ ਘਟਨਾ ਜਲੰਧਰ ਦੇ ਰਾਜਨਗਰ ’ਚ ਮੰਗਲਵਾਰ ਨੂੰ ਦੁਪਹਿਰ ਦੇ ਤਕਰੀਬਨ ਸਵਾ ਇੱਕ ਵਜੇ ਵਾਪਰੀ ਸੀ। ਮੁਲਜ਼ਮ ਸੀਸੀਟੀਵੀ ਫੁਟੇਜ ’ਚ ਕੈਦ ਹੋ ਗਏ ਹਨ। ਪਰ ਚਿਹਰਾ ਸਾਫ ਨਾ ਦਿਖਾਈ ਦੇਣ ਕਾਰਨ ਮੁਲਜ਼ਮਾਂ ਦੀ ਪਛਾਣ ਹੋਣ ’ਚ ਮੁਸ਼ਕਿਲ ਹੋ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਬਾਬੇ ਨੇ ਬਜ਼ੁਰਗ ਜੋੜੇ ਦਾ ਕੀਤਾ ਪਿੱਛਾ 

ਰੇਤ ਅਤੇ ਬਜਰੀ ਦੀ ਦੁਕਾਨ ਚਲਾਉਣ ਵਾਲੇ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਮੰਗਲਵਾਰ ਨੂੰ ਬੈਂਕ ਗਏ ਸੀ। ਮਨਜੀਤ ਕੌਰ ਦੇ ਮੁਤਾਬਿਕ ਜਦੋਂ ਉਹ ਬੈਂਕ ਤੋਂ ਨਿਕਲੇ ਤਾਂ ਇੱਕ ਬਾਬਾ ਨੇ ਉਨ੍ਹਾਂ ਕੋਲੋਂ ਕਿਸੇ ਗੁਰਦੁਆਰਾ ਸਾਹਿਬ ਬਾਰੇ ਪੁੱਛਿਆ। ਬਾਬਾ ਦੇ ਵੇਸ਼ ਚ ਲੁਟੇਰੇ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ’ਚ ਸੇਵਾ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੇ ਨੇੜੇ ਦੇ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਦਿੱਤੀ। ਉਸੀ ਸਮੇਂ ਇੱਕ ਮਹਿਲਾ ਅਤੇ ਉਸਦਾ ਸਾਥੀ ਆਇਆ ਜੋ ਖੁਦ ਨੂੰ ਪਤੀ ਪਤਨੀ ਦੱਸ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਬਾਬਾ ਜੀ ਬੜੇ ਪਹੁੰਚੇ ਹੋਏ ਹਨ ਅਤੇ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਕਿ ਉਨ੍ਹਾਂ ਨੇ ਤੁਹਾਡੇ ਨਾਲ ਗੱਲ ਕੀਤੀ।  

ਗਹਿਣਿਆਂ ਨੂੰ ਡਬਲ ਕਰਨ ਦੀ ਆਖੀ ਗੱਲ੍ਹ

ਇਸੇ ਦੌਰਾਨ ਬਾਬਾ ਨੇ ਬਜ਼ੁਰਗ ਜੋੜੇ ਨੂੰ ਮੀਠਾ ਪਾਣੀ ਪਿਲਾਉਣ ਲਈ ਕਿਹਾ। ਜਿਸ ’ਤੇ ਪੀੜਤ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਘਰ ਬੈਂਕ ਤੋਂ ਥੋੜਾ ਦੂਰ ਹੈ। ਇਸ ਲਈ ਉਹ ਇੱਥੇ ਮੀਠਾ ਪਾਣੀ ਨਹੀਂ ਪਿਲਾ ਸਕਦੇ। ਇਨ੍ਹਾਂ ਕਹਿ ਕੇ ਉਹ ਦੋਵੇਂ ਘਰ ਨੂੰ ਨਿਕਲ ਪਏ। ਇਨ੍ਹਾਂ ਦਾ ਪਿੱਛਾ ਕਰਦੇ ਹੋਏ ਬਾਬਾ ਅਤੇ ਉਸਦਾ ਸਾਥੀ ਵੀ ਉਨ੍ਹਾਂ ਦੇ ਘਰ ਕੋਲ ਪਹੁੰਚ ਗਿਆ ਅਤੇ ਦੋਹਾਂ ਦੇ ਦੁੱਖ ਦੂਰ ਕਰਨ ਦੀ ਗੱਲ ਆਖੀ। ਨਾਲ ਹੀ ਘਰ ਅੰਦਰ ਵੜ੍ਹ ਕੇ ਗਹਿਣਿਆਂ ਨੂੰ ਡਬਲ ਕਰਨ ਦੀ ਗੱਲ ਵੀ ਆਖੀ। 

ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ 

ਇਸ ਤੋਂ ਬਾਅਦ ਬਾਬੇ ਦੀ ਗੱਲ ’ਚ ਆਕੇ ਬਜ਼ੁਰਗ ਜੋੜੇ ਨੇ ਆਪਣੇ ਗਹਿਣੇ ਬਾਬੇ ਨੂੰ ਦੇ ਦਿੱਤੇ ਅਤੇ ਬਾਬੇ ਨੇ ਸੋਨੇ ਦੇ ਗਹਿਣੇ ਬਦਲ ਕੇ ਉੱਥੋ ਆਪਣੇ ਸਾਥੀ ਨਾਲ ਭੱਜ ਗਿਆ। ਫਿਲਹਾਲ ਪੀੜਤ ਬਜ਼ੁਰਗ ਜੋੜੇ ਨੇ ਪੁਲਿਸ ਨੂੰ ਮਾਮਲਾ ਦਰਜ ਕਰਵਾ ਦਿੱਤਾ ਹੈ। ਥਾਣਾ ਬਸਤੀ ਬਾਵਾ ਦੇ ਏਐਸਆਈ ਜਤਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਪੁਲਿਸ ਦੀ ਟੀਮ ਵੱਲੋਂ ਨੇੜੇ ਦੇ ਇਲਾਕਿਆਂ ’ਚ ਸਰਚ ਕਰ ਰਹੀ ਹੈ। 

ਇਹ ਵੀ ਪੜ੍ਹੋ: ਪੰਜਾਬ ਮਹਿਲਾ ਕਮਿਸ਼ਨ ਚੇਅਰਪਰਸਨ ਮਾਮਲੇ ਦੀ ਸੁਣਵਾਈ; ਨਿਪਟਾਰੇ ਤੋਂ ਬਾਅਦ ਕੀਤੀ ਜਾਵੇਗੀ ਨਵੀਂ ਨਿਯੁਕਤੀ

Related Post