Khanna : ਸੜਕ ਹਾਦਸੇ ਚ ਬਜ਼ੁਰਗ ਦੀ ਮੌਤ, ਐਂਬੂਲੈਂਸ ਨਾ ਪਹੁੰਚਣ ਕਾਰਨ ਹੋਇਆ ਹੰਗਾਮਾ, ਮੌਕੇ ਤੇ ਪਹੁੰਚੀ ਪੁਲਿਸ

Khanna : ਹਾਦਸੇ ਤੋਂ ਬਾਅਦ ਨਸੀਬ ਸਿੰਘ ਦੀ ਲਾਸ਼ ਕਾਫ਼ੀ ਦੇਰ ਤੱਕ ਸੜਕ ’ਤੇ ਹੀ ਪਈ ਰਹੀ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਨਾ ਤਾਂ ਸਮੇਂ ਸਿਰ ਐਂਬੂਲੈਂਸ ਪਹੁੰਚੀ ਅਤੇ ਨਾ ਹੀ ਪੁਲਿਸ ਵੱਲੋਂ ਕੋਈ ਸੰਵੇਦਨਸ਼ੀਲਤਾ ਦਿਖਾਈ ਗਈ।

By  KRISHAN KUMAR SHARMA January 19th 2026 11:17 AM -- Updated: January 19th 2026 11:20 AM

Khanna Hungama : ਖੰਨਾ ਦੇ ਮਲੇਰਕੋਟਲਾ ਚੌਕ ’ਚ ਸਾਈਕਲ ਸਵਾਰ ਇੱਕ ਬਜ਼ੁਰਗ ਦੀ ਟਰੱਕ ਨਾਲ ਟੱਕਰ ਤੋਂ ਬਾਅਦ ਮੌਤ ਹੋਣ ਉਪਰੰਤ ਭਾਰੀ ਹੰਗਾਮਾ ਖੜ੍ਹਾ ਹੋ ਗਿਆ। ਮ੍ਰਿਤਕ ਦੀ ਪਛਾਣ ਨਸੀਬ ਸਿੰਘ (ਉਮਰ ਕਰੀਬ 70 ਸਾਲ) ਵਜੋਂ ਹੋਈ, ਜੋ ਪਿੰਡ ਮੋਹਨਪੁਰ ਦਾ ਰਹਿਣ ਵਾਲਾ ਸੀ। ਹਾਦਸੇ ਤੋਂ ਬਾਅਦ ਨਸੀਬ ਸਿੰਘ ਦੀ ਲਾਸ਼ ਕਾਫ਼ੀ ਦੇਰ ਤੱਕ ਸੜਕ ’ਤੇ ਹੀ ਪਈ ਰਹੀ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਨਾ ਤਾਂ ਸਮੇਂ ਸਿਰ ਐਂਬੂਲੈਂਸ ਪਹੁੰਚੀ ਅਤੇ ਨਾ ਹੀ ਪੁਲਿਸ ਵੱਲੋਂ ਕੋਈ ਸੰਵੇਦਨਸ਼ੀਲਤਾ ਦਿਖਾਈ ਗਈ।

ਪਰਿਵਾਰਕ ਮੈਂਬਰਾਂ ਅਤੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਪਹਿਲਾਂ ਸਿਟੀ ਥਾਣਾ-2 ਦੀ ਸਰਕਾਰੀ ਪੁਲਿਸ ਗੱਡੀ ਵਿੱਚ ਲਾਸ਼ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਤੇ ਪਰਿਵਾਰ ਨੇ ਤਿੱਖਾ ਵਿਰੋਧ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਸੜਕ ਸੁਰੱਖਿਆ ਫੋਰਸ (ਐਸਐਸਐਫ) ਦੀ ਗੱਡੀ ਵਿੱਚ ਲਾਸ਼ ਰੱਖ ਕੇ ਲਿਜਾਣ ਦੀ ਕੋਸ਼ਿਸ਼ ਕੀਤੀ, ਜੋ ਪਰਿਵਾਰਕ ਮੈਂਬਰਾਂ ਲਈ ਹੋਰ ਵੀ ਗੁੱਸੇ ਦਾ ਕਾਰਨ ਬਣੀ।

ਸਿਵਲ ਵਰਦੀ 'ਚ ਪਹੁੰਚੇ ਐਸਐਚਓ ਕਾਰਨ ਹਾਲਾਤ ਹੋਰ ਵਿਗੜੇ

ਹਾਲਾਤ ਉਸ ਵੇਲੇ ਹੋਰ ਵਿਗੜ ਗਏ, ਜਦੋਂ ਐਸਐਚਓ ਆਪਣੇ ਗੰਨਮੈਨ ਸਮੇਤ ਸਿਵਲ ਕੱਪੜਿਆਂ ਵਿੱਚ ਮੌਕੇ ’ਤੇ ਪੁੱਜੇ। ਪਰਿਵਾਰਕ ਮੈਂਬਰਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਆਏ ਹੋਏ ਵਿਅਕਤੀ ਕੌਣ ਹਨ ਅਤੇ ਲਾਸ਼ ਨੂੰ ਕਿਉਂ ਚੁੱਕਿਆ ਜਾ ਰਿਹਾ ਹੈ। ਬਾਅਦ ਵਿੱਚ ਐਸਐਚਓ ਵੱਲੋਂ ਆਪਣੀ ਪਛਾਣ ਦੱਸਣ ਉਪਰੰਤ ਵੀ ਹਾਲਾਤ ਸੰਭਲਣ ਦੀ ਥਾਂ ਹੋਰ ਤਣਾਅਪੂਰਨ ਹੋ ਗਏ।

ਜਦੋਂ ਐਸਐਸਐਫ ਦੀ ਗੱਡੀ ਨੂੰ ਲਾਸ਼ ਸਮੇਤ ਮੌਕੇ ਤੋਂ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਪਰਿਵਾਰਕ ਮੈਂਬਰਾਂ ਨੇ ਗੱਡੀ ਦਾ ਪਿੱਛਾ ਕਰਕੇ ਉਸਨੂੰ ਘੇਰ ਲਿਆ। ਇਸ ਦੌਰਾਨ ਨਾਅਰੇਬਾਜ਼ੀ ਹੋਈ ਅਤੇ ਪੁਲਿਸ ਨਾਲ ਤਿੱਖੀ ਝੜਪ ਹੋ ਗਈ। ਮਾਮਲਾ ਇੰਨਾ ਵਧ ਗਿਆ ਕਿ ਧੱਕਾ-ਮੁੱਕੀ ਤੱਕ ਨੌਬਤ ਪਹੁੰਚ ਗਈ। ਚੌਕ ’ਤੇ ਹਫੜਾ-ਦਫੜੀ ਮਚ ਗਈ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ।

ਪਰਿਵਾਰ ਦਾ ਦੋਸ਼ ਹੈ ਕਿ ਜੇ ਪੁਲਿਸ ਵੱਲੋਂ ਸ਼ੁਰੂ ਤੋਂ ਹੀ ਐਂਬੂਲੈਂਸ ਦਾ ਇੰਤਜ਼ਾਮ ਕੀਤਾ ਜਾਂਦਾ ਅਤੇ ਲਾਸ਼ ਨੂੰ ਸਤਿਕਾਰਯੋਗ ਢੰਗ ਨਾਲ ਹਸਪਤਾਲ ਭੇਜਿਆ ਜਾਂਦਾ, ਤਾਂ ਇਹ ਸਾਰੀ ਸਥਿਤੀ ਪੈਦਾ ਹੀ ਨਾ ਹੁੰਦੀ। ਉਨ੍ਹਾਂ ਪੁਲਿਸ ’ਤੇ ਲਾਪਰਵਾਹੀ, ਅਸੰਵੇਦਨਸ਼ੀਲਤਾ ਅਤੇ ਗਲਤ ਕਾਰਵਾਈ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।

ਸਥਿਤੀ ਤਣਾਅਪੂਰਨ ਹੁੰਦੀ ਦੇਖ ਡੀਐਸਪੀ

ਹਾਲਾਤ ਬੇਕਾਬੂ ਹੁੰਦੇ ਦੇਖ ਕੇ ਡੀਐਸਪੀ ਵਿਨੋਦ ਕੁਮਾਰ ਖੁਦ ਮੌਕੇ ’ਤੇ ਪਹੁੰਚੇ। ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਕਾਬੂ ’ਚ ਲਿਆ। ਡੀਐਸਪੀ ਦੇ ਦਖ਼ਲ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਦੀ ਐਂਬੂਲੈਂਸ ਬੁਲਾਈ ਗਈ, ਜਿਸ ਰਾਹੀਂ ਲਾਸ਼ ਨੂੰ ਸਿਵਲ ਹਸਪਤਾਲ ਭੇਜਿਆ ਗਿਆ। ਇਸ ਤੋਂ ਬਾਅਦ ਹੀ ਪਰਿਵਾਰਕ ਮੈਂਬਰ ਸ਼ਾਂਤ ਹੋਏ ਅਤੇ ਧਰਨਾ ਖਤਮ ਕੀਤਾ ਗਿਆ।

ਇਸ ਪੂਰੇ ਮਾਮਲੇ ਨੇ ਪੁਲਿਸ ਦੀ ਕਾਰਗੁਜ਼ਾਰੀ ਅਤੇ ਐਮਰਜੈਂਸੀ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।  ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਦੇ ਨਾਲ-ਨਾਲ ਲਾਪਰਵਾਹੀ ਵਰਤਣ ਵਾਲੇ ਪੁਲਿਸ ਅਤੇ ਸੰਬੰਧਿਤ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ।

Related Post