Punjab News : ਕੁਦਰਤੀ ਆਫਤ ਫੰਡ ’ਤੇ ਰਾਜਨੀਤੀ ਨਾ ਕਰਨ ਕੇਂਦਰ ਤੇ ਰਾਜ ਸਰਕਾਰ : ਸ਼੍ਰੋਮਣੀ ਅਕਾਲੀ ਦਲ
Punjab News : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਆਖਿਆ ਕਿ ਉਹ ਉਹ ਕੁਦਰਤੀ ਆਫਤ ਫੰਡ ਦੇ ਨਾਂ ’ਤੇ ਰਾਜਨੀਤੀ ਨਾ ਕਰਨ ਅਤੇ ਪਾਰਟੀ ਨੇ ਖੇਤ ਮਜ਼ਦੂਰਾਂ ਤੇ ਦੁਕਾਨਦਾਰਾਂ ਸਮੇਤ ਹੜ੍ਹ ਪ੍ਰਭਾਵਤਾਂ ਨੂੰ ਛੇਤੀ ਮੁਆਵਜ਼ਾ ਦੇਣ ਦੀ ਮੰਗ ਕੀਤੀ। ਪਾਰਟੀ ਨੇ ਹੜ੍ਹ ਪ੍ਰਭਾਵਤ ਕਿਸਾਨਾਂ ਵਾਸਤੇ ਕਰਜ਼ਾ ਮੁਆਫੀ ਦੀ ਵੀ ਮੰਗ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਕਰਜ਼ਿਆਂ ਦੀ ਅਦਾਇਗੀ ’ਤੇ ਛੇ ਮਹੀਨੇ ਦੀ ਰੋਕ ਕਿਸਾਨਾਂ ਵਾਸਤੇ ਲਾਭਦਾਇਕ ਨਹੀਂ
Punjab News : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਆਖਿਆ ਕਿ ਉਹ ਉਹ ਕੁਦਰਤੀ ਆਫਤ ਫੰਡ ਦੇ ਨਾਂ ’ਤੇ ਰਾਜਨੀਤੀ ਨਾ ਕਰਨ ਅਤੇ ਪਾਰਟੀ ਨੇ ਖੇਤ ਮਜ਼ਦੂਰਾਂ ਤੇ ਦੁਕਾਨਦਾਰਾਂ ਸਮੇਤ ਹੜ੍ਹ ਪ੍ਰਭਾਵਤਾਂ ਨੂੰ ਛੇਤੀ ਮੁਆਵਜ਼ਾ ਦੇਣ ਦੀ ਮੰਗ ਕੀਤੀ। ਪਾਰਟੀ ਨੇ ਹੜ੍ਹ ਪ੍ਰਭਾਵਤ ਕਿਸਾਨਾਂ ਵਾਸਤੇ ਕਰਜ਼ਾ ਮੁਆਫੀ ਦੀ ਵੀ ਮੰਗ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਕਰਜ਼ਿਆਂ ਦੀ ਅਦਾਇਗੀ ’ਤੇ ਛੇ ਮਹੀਨੇ ਦੀ ਰੋਕ ਕਿਸਾਨਾਂ ਵਾਸਤੇ ਲਾਭਦਾਇਕ ਨਹੀਂ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀ ਔਕੜਾਂ ਝੱਲ ਰਹੇ ਹਨ ਅਤੇ ਕੁਦਰਤੀ ਆਫਤ ਫੰਡ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੋਵੇਂ ਹੀ ਰਾਜ ਸਰਕਾਰ ਕੋਲ ਪਈ ਰਾਸ਼ੀ ਨੂੰ ਲੈ ਕੇ ਵੱਖੋ-ਵੱਖਰੇ ਸੁਰ ਅਲਾਪ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੇ ਮੰਤਰੀ ਵੱਖਰੇ ਅੰਕੜੇ ਦੇ ਰਹੇ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ’ਤੇ ਪੈਦਾ ਹੋਏ ਭੰਬਲਭੂਸੇ ਨੂੰ ਦੂਰ ਕਰਨ ਵਾਸਤੇ ਚੰਗਾ ਹੋਵੇਗਾ ਕਿ ਜੇਕਰ ਕੁਦਰਤੀ ਆਫਤ ਫੰਡ ਦੇ ਮਾਮਲੇ ’ਤੇ ਅਪ੍ਰੈਲ 2025 ਵਿਚ ਗ੍ਰਹਿ ਮੰਤਰਾਲੇ ਨੂੰ ਦਿੱਤੀ ਗਈ ਖ਼ਾਤੇ ਦੀ ਸਟੇਟਮੈਂਟ ਹੀ ਜਨਤਕ ਕਰ ਦਿੱਤੀ ਜਾਵੇ। ਇਸ ਨਾਲ ਫੰਡਾਂ ਦੀ ਸਥਿਤੀ ਸਪਸ਼ਟ ਹੋ ਜਾਵੇਗੀ ਅਤੇ ਲੋੜ ਮੁਤਾਬਕ ਪੰਜਾਬ ਨੂੰ ਫੰਡ ਮਿਲ ਸਕਣਗੇ।
ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਵੀ ਬੇਨਤੀ ਕੀਤੀ ਕਿ ਪ੍ਰੈਸ ਕਾਨਫਰੰਸਾਂ ਕਰ ਕੇ ਵਾਰ-ਵਾਰ ਐਲਾਨ ਕਰਨ ਨਾਲੋਂ ਹੜ੍ਹ ਪੀੜ੍ਹਤਾਂ ਨੂੰ ਤੁਰੰਤ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਅੱਜ ਦੀ ਪ੍ਰੈਸ ਕਾਨਫਰੰਸ ਵਿਚ ਕੁਝ ਵੀ ਨਵਾਂ ਨਹੀਂ ਸੀ ਤੇ ਇਹ ਸੂਬਾ ਕੈਬਨਿਟ ਵਿਚ ਲਏ ਫੈਸਲਿਆਂ ਦਾ ਦੁਹਰਾਅ ਹੀ ਸੀ ,ਜਿਸਦਾ ਪਹਿਲਾਂ ਐਲਾਨ ਕੀਤਾ ਜਾ ਚੁੱਕਾ ਹੈ।
ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੁਆਵਜ਼ੇ ਦੇ ਐਲਾਨ ਵਿਚੋਂ ਖੇਤ ਮਜ਼ਦੂਰਾਂ ਤੇ ਦੁਕਾਨਦਾਰਾਂ ਨੂੰ ਬਾਹਰ ਰੱਖਿਆ ਗਿਆ ਹੈ ਅਤੇ ਉਹਨਾਂ ਮੰਗ ਕੀਤੀ ਕਿ ਇਹਨਾਂ ਵਰਗਾਂ ਨੂੰ ਵੀ ਹੋਏ ਨੁਕਸਾਨ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਹੜ੍ਹਾਂ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਅਸਰ ਦੋ ਤਿੰਨ ਸਾਲਾਂ ਤੱਕ ਰਹੇਗਾ। ਇਸ ਕਰ ਕੇ ਕਰਜ਼ਾ ਮੁਆਫੀ ਹੀ ਉਹਨਾਂ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਕਰਵਾ ਸਕਦੀ ਹੈ।
ਡਾ. ਚੀਮਾ ਨੇ ਕਿਹਾ ਕਿ ਪੰਜਾਬੀ ਚਾਹੁੰਦੇ ਹਨ ਕਿ ਮੁਆਵਜ਼ਾ ਫੌਰੀ ਮਿਲੇ ਅਤੇ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੁੱਖ ਮੰਤਰੀ ਨੇ ਮੁਆਵਜ਼ੇ ਵਾਸਤੇ ਇਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਤੈਅ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਕੋਲ ਆਪਣੇ ਖੇਤਾਂ ਵਿਚੋਂ ਰੇਤਾ ਕੱਢਣ ਵਾਸਤੇ ਫੰਡ ਨਹੀਂ ਹਨ ਤੇ ਹੋਰ ਜ਼ਿੰਮੇਵਾਰੀਆਂ ਵੀ ਉਹ ਨਿਭਾ ਨਹੀਂ ਸਕਣਗੇ ਅਤੇ ਉਹਨਾਂ ਕੋਲ ਕਣਕ ਬੀਜਣ ਲਈ ਵੀ ਸਿਰਫ ਇਕ ਮਹੀਨੇ ਦਾ ਸਮਾਂ ਬਾਕੀ ਹੈ। ਉਹਨਾਂ ਕਿਹਾ ਕਿ ਹੜ੍ਹਾਂ ਨੇ ਕਿੰਨਾ ਨੁਕਸਾਨ ਕੀਤਾ, ਇਹ ਸਭ ਦੇ ਸਾਹਮਣੇ ਹੈ, ਅਜਿਹੇ ਵਿਚ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਤੁਰੰਤ ਮਿਲਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਰਾਜ ਸਰਕਾਰ ਪਾੜ ਪੂਰਨ ਅਤੇ ਬੰਨ ਮਜ਼ਬੂਤ ਕਰਨ ਵਾਸਤੇ ਵੀ ਫੰਡ ਜਾਰੀ ਕਰੇ।
ਅਕਾਲੀ ਦਲ ਵੱਲੋਂ ਹੜ੍ਹਾਂ ਦੇ ਸੰਕਟ ਵਿਚ ਮਦਦ ਕਰਨ ਵਾਸਤੇ ਕੀਤੇ ਯਤਨਾਂ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਰੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ ਹੈ ਅਤੇ ਨਿੱਜੀ ਤੌਰ ’ਤੇ ਨਗਦੀ, ਡੀਜ਼ਲ, ਪੰਪ ਸੈਟ, ਪਾਈਪਾਂ, ਤਰਪਾਲਾਂ ਅਤੇ ਪਸ਼ੂਆਂ ਲਈ ਚਾਰਾ ਪ੍ਰਦਾਨ ਕਰਵਾਇਆ ਹੈ। ਉਹਨਾਂ ਕਿਹਾ ਕਿ ਇਸ ਸਭ ਦਾ ਮਕਸਦ ਪ੍ਰਭਾਵਤ ਲੋਕਾਂ ਤੱਕ ਤੁਰੰਤ ਪਹੁੰਚ ਕਰ ਕੇ ਉਹਨਾਂ ਨੂੰ ਸਰਕਾਰ ਵੱਲੋਂ ਕਿਸੇ ਵੀ ਤਰੀਕੇ ਦੀ ਰਾਹਤ ਦੀ ਅਣਹੋਂਦ ਵਿਚ ਤੁਰੰਤ ਰਾਹਤ ਪ੍ਰਦਾਨ ਕਰਨਾ ਹੈ। ਉਹਨਾਂ ਕਿਹਾ ਕਿ ਫੌਰੀ ਰਾਹਤ ਕਾਰਜ ਮੁਕੰਮਲ ਹੋ ਗਏ ਹਨ ਅਤੇ ਹੁਣ ਅਸੀਂ ਦੂਜੇ ਪੜਾਅ ਵਿਚ ਕਿਸਾਨਾਂ ਨੂੰ ਸਰਟੀਫਾਈਡ ਬੀਜ ਕਣਕ ਬੀਜਣ ਵਾਸਤੇ ਪ੍ਰਦਾਨ ਕਰਾਂਗੇ ਅਤੇ ਨਾਲ ਹੀ ਪਸ਼ੂਆਂ ਵਾਸਤੇ ਚਾਰਾ ਤੇ ਦਵਾਈਆਂ ਪ੍ਰਦਾਨ ਕਰਾਂਗੇ।