Punjab Elections : ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ , 4 ਵਜੇ ਤੱਕ ਪੈਣਗੀਆਂ ਵੋਟਾਂ
Punjab Elections : ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਵੋਟਿੰਗ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਚੋਣਾਂ ਈਵੀਐਮ ਮਸ਼ੀਨਾਂ ਦੀ ਬਜਾਏ ਬੈਲਟ ਪੇਪਰਾਂ ਨਾਲ ਕਰਵਾਈਆਂ ਜਾ ਰਹੀਆਂ ਹਨ। ਸੂਬੇ ਭਰ ਵਿੱਚ 347 ਜ਼ਿਲ੍ਹਾ ਪ੍ਰੀਸ਼ਦਾਂ ਅਤੇ 2,838 ਬਲਾਕ ਸੰਮਤੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ। 23 ਜ਼ਿਲ੍ਹਿਆਂ ਵਿੱਚ ਕੁੱਲ 9,775 ਉਮੀਦਵਾਰ ਚੋਣ ਲੜ ਰਹੇ ਹਨ। ਚੋਣਾਂ ਲਈ ਲਗਭਗ 90,000 ਕਰਮਚਾਰੀ ਤਾਇਨਾਤ ਹਨ।
ਇਨ੍ਹਾਂ ਵਿੱਚੋਂ ਜ਼ਿਲ੍ਹਾ ਪ੍ਰੀਸ਼ਦਾਂ ਲਈ 1,280 ਉਮੀਦਵਾਰ ਅਤੇ ਬਲਾਕ ਸੰਮਤੀਆਂ ਲਈ 8,495 ਉਮੀਦਵਾਰ ਚੋਣ ਲੜ ਰਹੇ ਹਨ। ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ। ਪੋਲਿੰਗ ਪਾਰਟੀਆਂ ਸ਼ਨੀਵਾਰ ਰਾਤ ਨੂੰ ਵੋਟਿੰਗ ਲਈ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਗਈਆਂ ਸਨ। ਆਪ, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਬਸਪਾ ਆਪਣੇ-ਆਪਣੇ ਪਾਰਟੀ ਚਿੰਨ੍ਹਾਂ 'ਤੇ ਚੋਣਾਂ ਲੜ ਰਹੀਆਂ ਹਨ।
ਦੱਸ ਦੇਈਏ ਕਿ 1 ਕਰੋੜ 36 ਲੱਖ 4,650 ਤੋਂ ਵੱਧ ਵੋਟਰ ਆਪਣੀ ਵੋਟ ਪਾਉਣਗੇ। ਇਨ੍ਹਾਂ ਵਿੱਚ 7,164,972 ਪੁਰਸ਼, 6,439,497 ਔਰਤਾਂ ਅਤੇ 181 ਹੋਰ ਵੋਟਰ ਸ਼ਾਮਲ ਹਨ। ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਵੋਟਰ ਸਵੇਰੇ ਹੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ 'ਤੇ ਪਹੁੰਚਣੇ ਸ਼ੁਰੂ ਹੋ ਗਏ ਸਨ। ਲੋਕ ਚੋਣਾਂ ਪ੍ਰਤੀ ਕਾਫੀ ਉਤਸ਼ਾਹ ਵਿੱਚ ਹਨ।
- PTC NEWS