AAP ਨੇ ਸੂਬਾ ਚੋਣ ਕਮਿਸ਼ਨ ਤੇ ਪੰਜਾਬ ਪੁਲਿਸ ਨਾਲ ਰਲ ਕੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚੋਰੀ ਕੀਤੀਆਂ : ਸ਼੍ਰੋਮਣੀ ਅਕਾਲੀ ਦਲ

Shiromani Akali Dal : ਸੀਨੀਅਰ ਪਾਰਟੀ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਸੱਤਾਧਾਰੀ ਪਾਰਟੀ ਨੇ ਹਥਿਆਰਾਂ ਦੀ ਵਰਤੋਂ ਨਾਲ ਪੋਲਿੰਗ ਬੂਥਾਂ ’ਤੇ ਕਬਜ਼ਾ ਕੀਤਾ ਹੈ ਤੇ ਵਿਰੋਧੀ ਧਿਰ ਦੇ ਵਰਕਰਾਂ ’ਤੇ ਹਮਲਾ ਕੀਤਾ ਹੈ।

By  KRISHAN KUMAR SHARMA December 14th 2025 07:33 PM -- Updated: December 14th 2025 07:36 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਸੂਬਾ ਚੋਣ ਕਮਿਸ਼ਨ ਅਤੇ ਪੰਜਾਬ ਪੁਲਿਸ ਨਾਲ ਰਲ ਕੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚੋਰੀ ਕਰ ਲਈਆਂ ਹਨ ਅਤੇ ਉਹਨਾਂ ਮੰਗ ਕੀਤੀ ਕਿ ਸੂਬਾ ਚੋਣ ਕਮਿਸ਼ਨ ਦੇ ਕੰਮਕਾਜ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ।

ਅਕਾਲੀ ਦਲ ਇਸ ਮਾਮਲੇ ਵਿਚ ਸੂਬੇ ਦੇ ਰਾਜਪਾਲ ਕੋਲ ਪਹੁੰਚ ਕਰੇਗਾ ਅਤੇ ਅਪੀਲ ਕਰੇਗਾ ਕਿ ਮਾਮਲੇ ਵਿਚ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਕਾਨੂੰਨੀ ਰਾਹ ਅਖ਼ਤਿਆਰ ਕਰੇਗਾ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਪਾਰਟੀ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਸੱਤਾਧਾਰੀ ਪਾਰਟੀ ਨੇ ਹਥਿਆਰਾਂ ਦੀ ਵਰਤੋਂ ਨਾਲ ਪੋਲਿੰਗ ਬੂਥਾਂ ’ਤੇ ਕਬਜ਼ਾ ਕੀਤਾ ਹੈ ਤੇ ਵਿਰੋਧੀ ਧਿਰ ਦੇ ਵਰਕਰਾਂ ’ਤੇ ਹਮਲਾ ਕੀਤਾ ਹੈ ਅਤੇ ਵਿਆਪਕ ਚੋਣ ਧਾਂਦਲੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਤਰਨ ਤਾਰਨ ਦੇ ਕਾਜ਼ੀਕੋਟ, ਮਜੀਠਾ ਦੇ ਤਲਵੰਡੀ ਦਸੋਂਧਾ ਸਿੰਘ, ਬਟਾਲਾ ਦੇ ਨੌਸ਼ਹਿਰਾ ਮੱਝਾ ਸਿੰਘ, ਮਲੋਟ ਦੇ ਕਿੰਗਰਾ, ਮਜੀਠਾ ਦੇ ਮਧੀਰ ਅਤੇ ਬਵਾਨੀਆ ਅਤੇ ਧਰਮਕੋਟ ਵਿਖੇ ਇਹ ਸਭ ਕੁਝ ਕੀਤਾ ਗਿਆ ਹੈ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪ ਦੇ ਗੁੰਡਿਆਂ ਨੇ ਅਨੇਕਾਂ ਥਾਵਾਂ ’ਤੇ ਤਾਲਮੇਲ ਬਣਾ ਕੇ ਹਮਲੇ ਕੀਤੇ ਅਤੇ ਤਲਵੰਡੀ ਦਸੌਂਧਾ ਸਿੰਘ ਵਿਖੇ ਪੋਲਿੰਗ ਸਟਾਫ ’ਤੇ ਹਮਲੇ ਵਾਸਤੇ ਪੀ ਓ ਕਰਾਰ ਦਿੱਤੇ ਅਪਰਾਧੀਆਂ ਦੀ ਵੀ ਵਰਤੋਂ ਕੀਤੀ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਲੋਕਤੰਤਰ ਦਾ ਕਤਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸੂਬਾ ਚੋਣ ਕਮਿਸ਼ਨ ਨਾ ਸਿਰਫ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਵਿਚ ਫੇਲ੍ਹ ਸਾਬਤ ਹੋਇਆ ਹੈ ਬਲਕਿ ਇਹ ਆਮ ਆਦਮੀ ਪਾਰਟੀ ਦਾ ਹੱਥਠੋਕਾ ਵੀ ਸਾਬਤ ਹੋਇਆ ਹੈ। ਇਸ ਨਾਲ ਪੰਜਾਬੀਆਂ ਦੇ ਜ਼ਮੀਨੀ ਪੱਧਰ ’ਤੇ ਲੋਕਤੰਤਰ ਵਿਚ ਵਿਸ਼ਵਾਸ ਨੂੰ ਖੋਰ੍ਹਾ ਲੱਗਾ ਹੈ ਅਤੇ ਹਾਲਾਤ ਦਰੁੱਸਤ ਕਰਨ ਵਾਸਤੇ ਫੌਰੀ ’ਤੇ ਦਰੁੱਸਤੀ ਵਾਲੇ ਕਦਮ ਚੁੱਕਣੇ ਪੈਣਗੇ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਕ ਗਿਣੀ ਮਿਥੀ ਯੋਜਨਾ ਤਹਿਤ ਸਾਰੀ ਚੋਣ ਪ੍ਰਕਿਰਿਆ ਹੀ ਖਰਾਬ ਹੋ ਗਈ ਹੈ। ਉਹਨਾਂ ਕਿਹਾ ਕਿ ਆਪ ਉਮੀਦਵਾਰਾਂ ਨੂੰ ਬੈਲਟ ਪੇਪਰ ਪਹਿਲਾਂ ਹੀ ਦੇ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਭਾਵੇਂ ਅਸੀਂ ਫਤਿਹਗੜ੍ਹ ਸਾਹਿਬ ਵਿਚ 10 ਘੰਟੇ ਪਹਿਲਾਂ ਆਪ ਉਮੀਦਵਾਰ ਅਮਰਿੰਦਰ ਸਿੰਘ ਮੰਡੋਫਲ ਨੂੰ ਬੈਲਟ ਪੇਪਰ ਅਗਾਊਂ ਦੇਣ ਦਾ ਮਾਮਲਾ ਸੂਬਾ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਦੇ ਧਿਆਨ ਵਿਚ ਲਿਆਂਦਾ ਪਰ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ।

ਡਾ. ਚੀਮਾ ਅਤੇ ਐਡਵੋਕੇਟ ਕਲੇਰ ਨੇ ਕਿਹਾ ਕਿ ਆਪ ਸਰਕਾਰ ਨੇ ਸਰਕਾਰੀ ਅਧਿਕਾਰੀਆਂ ਨੂੰ ਇਸ ਗੱਲ ਰਾਜ਼ੀ ਕੀਤਾ ਕਿ ਉਹ ਚੋਣਾਂ ਵਿਚ ਵੋਟਾਂ ਡਲੀਟ ਕਰ ਦੇਣ। ਉਹਨਾਂ ਕਿਹਾ ਕਿ ਲੁਧਿਆਣਾ ਅਤੇ ਰਾਜਪੁਰਾ ਵਿਚ ਵਿਆਪਕ ਪੱਧਰ ’ਤੇ ਵੋਟਾਂ ਖ਼ਤਮ ਯਾਨੀ ਡਲੀਟ ਕਰਨ ਦੇ ਮਾਮਲੇ ਸਾਹਮਣੇ ਆਏ ਜਿਸਦਾ ਮਕਸਦ ਆਪ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣਾ ਸੀ।

ਉਹਨਾਂ ਨੇ ਇਹ ਵੀ ਦੱਸਿਆ ਕਿ ਮਜੀਠਾ ਵਿਚ ਬੈਲਟ ਬਕਸੇ ਸਹੀ ਢੰਗ ਨਾਲ ਸੀਲਬੱਧ ਨਹੀਂ ਕੀਤੇ ਗਏ ਤੇ  ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਖੁਦ ਲੰਬੀ ਵਿਚ ਦਿਓਖੇੜਾ ਵਿਖੇ ਵੋਟਿੰਗ ਕੇਂਦਰ ਦੇ ਦਰਵਾਜ਼ੇ ਖੁੱਲ੍ਹਾਏ ਜੋ ਕਿ ਆਪ ਦੇ ਗੁੰਡਿਆਂ ਨੇ ਬੰਦ ਕੀਤੇ ਹੋਏ ਸਨ।

Related Post