ਸਫਾਈ ਸੇਵਕਾਂ ਦਾ ਵੱਡਾ ਐਲਾਨ, 6 ਮਈ ਤੋਂ ਪੰਜਾਬ ਭਰ ਚ ਕੰਮ ਛੱਡੋ ਹੜਤਾਲ ਤੇ ਲਾਉਣਗੇ ਪੱਕੇ ਮੋਰਚੇ

Safai Sewak Union Punjab : ਜ਼ਿਲ੍ਹਾ ਪ੍ਰਧਾਨ ਸਫਾਈ ਸੇਵਕ (ਸੰਗਰੂਰ) ਭਾਰਤ ਵੇਦੀ ਨੇ ਕਿਹਾ, “ਅਸੀਂ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਾਂ, ਪਰ ਸਰਕਾਰ ਸਿਰਫ ਲਾਰੇ ਲਗਾ ਰਹੀ ਹੈ। ਹੁਣ 6 ਮਈ ਨੂੰ ਸੰਗਰੂਰ ਸਮੇਤ ਪੂਰੇ ਪੰਜਾਬ ਵਿੱਚ ਸਫਾਈ ਦਾ ਕੰਮ ਮੁਕੰਮਲ ਬੰਦ ਰਹੇਗਾ।”

By  KRISHAN KUMAR SHARMA April 23rd 2026 02:13 PM -- Updated: April 23rd 2026 02:14 PM

Safai Sewak Union Punjab : ਪੰਜਾਬ ਸਰਕਾਰ ਦੀਆਂ ਕਥਿਤ ਮਾਰੂ ਨੀਤੀਆਂ ਅਤੇ ਮੰਗਾਂ ਨੂੰ ਅਣਗੌਲਿਆ ਕਰਨ ਦੇ ਰੋਸ ਵਜੋਂ ਸਫਾਈ ਸੇਵਕ ਯੂਨੀਅਨ ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਆਉਂਦੀ 6 ਮਈ ਨੂੰ ਪੂਰੇ ਪੰਜਾਬ ਵਿੱਚ ਸਫਾਈ ਸੇਵਕ 'ਕੰਮ ਛੋੜੋ ਹੜਤਾਲ' ਕਰਨਗੇ, ਜਿਸ ਨਾਲ ਸੂਬੇ ਭਰ ਦੀ ਸਫਾਈ ਵਿਵਸਥਾ ਠੱਪ ਹੋਣ ਦਾ ਖਦਸ਼ਾ ਹੈ।

ਯੂਨੀਅਨਾਂ ਨੇ ਐਲਾਨ ਕੀਤਾ ਹੈ ਕਿ 6 ਮਈ ਤੋਂ ਸੂਬੇ ਦੀਆਂ ਸਮੂਹ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਦਫਤਰਾਂ ਬਾਹਰ ਪੱਕੇ ਧਰਨੇ ਲਗਾਏ ਜਾਣਗੇ ਅਤੇ ਸਫਾਈ ਦਾ ਕੰਮ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ।

ਇਸ ਸੰਬੰਧੀ ਅੱਜ ਲਹਿਰਾਗਾਗਾ ਵਿਖੇ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਸਫਾਈ ਸੇਵਕਾਂ ਦੀ ਇੱਕ ਅਹਿਮ ਸਾਂਝੀ ਮੀਟਿੰਗ ਹੋਈ। ਮੀਟਿੰਗ ਦੌਰਾਨ ਹੜਤਾਲ ਦੀ ਰਣਨੀਤੀ ਤਿਆਰ ਕੀਤੀ ਗਈ ਅਤੇ ਆਗਾਮੀ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਗਈ।

ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਜੇਕਰ ਜਲਦ ਹੀ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਪ੍ਰਚੰਡ ਕੀਤਾ ਜਾਵੇਗਾ।

ਜ਼ਿਲ੍ਹਾ ਪ੍ਰਧਾਨ ਸਫਾਈ ਸੇਵਕ (ਸੰਗਰੂਰ) ਭਾਰਤ ਵੇਦੀ ਨੇ ਕਿਹਾ, “ਅਸੀਂ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਾਂ, ਪਰ ਸਰਕਾਰ ਸਿਰਫ ਲਾਰੇ ਲਗਾ ਰਹੀ ਹੈ। ਹੁਣ 6 ਮਈ ਨੂੰ ਸੰਗਰੂਰ ਸਮੇਤ ਪੂਰੇ ਪੰਜਾਬ ਵਿੱਚ ਸਫਾਈ ਦਾ ਕੰਮ ਮੁਕੰਮਲ ਬੰਦ ਰਹੇਗਾ।”

ਸਫਾਈ ਯੂਨੀਅਨ ਪੰਜਾਬ ਦੇ ਆਗੂ ਹੰਸ ਰਾਜ ਨੇ ਵੀ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਹੜਤਾਲ ਅਣਮਿੱਥੇ ਸਮੇਂ ਲਈ ਵਧ ਸਕਦੀ ਹੈ। ਉਨ੍ਹਾਂ ਕਿਹਾ, “ਸਰਕਾਰ ਸਾਡੇ ਸਬਰ ਦਾ ਇਮਤਿਹਾਨ ਨਾ ਲਵੇ। ਜੇਕਰ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਨੇ ਸਾਡੀਆਂ ਸ਼ਰਤਾਂ ਵੱਲ ਧਿਆਨ ਨਾ ਦਿੱਤਾ ਤਾਂ ਇਹ ਹੜਤਾਲ ਲੰਬੀ ਚੱਲ ਸਕਦੀ ਹੈ।”

ਜਨਰਲ ਸਕੱਤਰ ਰਮੇਸ਼ ਗੇਚੰਡ ਨੇ ਕਿਹਾ ਕਿ ਨਗਰ ਕੌਂਸਲਾਂ ਅਤੇ ਪੰਚਾਇਤਾਂ ਦੇ ਬਾਹਰ ਪੱਕੇ ਮੋਰਚੇ ਲਗਾ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। “ਇਹ ਲੜਾਈ ਸਾਡੇ ਹੱਕਾਂ ਦੀ ਹੈ ਅਤੇ ਅਸੀਂ ਪਿੱਛੇ ਨਹੀਂ ਹਟਾਂਗੇ।”

ਸਫਾਈ ਸੇਵਕਾਂ ਦੇ ਇਸ ਐਲਾਨ ਤੋਂ ਬਾਅਦ ਪ੍ਰਸ਼ਾਸਨ ਵਿੱਚ ਚਿੰਤਾ ਵਧ ਗਈ ਹੈ। ਹੁਣ ਦੇਖਣਾ ਇਹ ਹੈ ਕਿ 6 ਮਈ ਤੋਂ ਪਹਿਲਾਂ ਸਰਕਾਰ ਯੂਨੀਅਨਾਂ ਨਾਲ ਗੱਲਬਾਤ ਕਰਕੇ ਕੋਈ ਹੱਲ ਕੱਢਦੀ ਹੈ ਜਾਂ ਫਿਰ ਸੂਬੇ ਦੇ ਸ਼ਹਿਰਾਂ ਵਿੱਚ ਸਫਾਈ ਪ੍ਰਣਾਲੀ ਠੱਪ ਹੋਣ ਕਾਰਨ ਗੰਭੀਰ ਸਥਿਤੀ ਪੈਦਾ ਹੁੰਦੀ ਹੈ।

Related Post