Ludhiana News : ਰੇਕੀ ਸੈਂਟਰ ਚ ਸ਼ਰਧਾਲੂ ਦੀ ਸ਼ੱਕੀ ਹਾਲਾਤਾਂ ਚ ਮੌਤ, ਮ੍ਰਿਤਕ ਦੇ ਪਰਿਵਾਰ ਨੇ ਸੈਂਟਰ ਪ੍ਰਬੰਧਕਾਂ ਤੇ ਲਾਏ ਇਲਜ਼ਾਮ
Ludhiana News : ਜੀ.ਟੀ. ਰੋਡ ਬੁੱਲ੍ਹੇਪੁਰ ਨੇੜੇ ਸਥਿਤ ਰੇਕੀ ਸੈਂਟਰ ਵਿਖੇ ਇੱਕ ਸ਼ਰਧਾਲੂ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਕਾਰਨ ਹੰਗਾਮਾ ਖੜ੍ਹਾ ਹੋ ਗਿਆ। ਮ੍ਰਿਤਕ ਦੀ ਪਛਾਣ ਜਤਿੰਦਰ ਤਿਵਾੜੀ (54) ਵਾਸੀ ਸਮਰਾਲਾ ਵਜੋਂ ਹੋਈ ਹੈ, ਜੋ ਇੱਕ ਅਖਬਾਰ ਏਜੰਸੀ ਚਲਾਉਂਦੇ ਸਨ।
Ludhiana News : ਜੀ.ਟੀ. ਰੋਡ ਬੁੱਲ੍ਹੇਪੁਰ ਨੇੜੇ ਸਥਿਤ ਰੇਕੀ ਸੈਂਟਰ ਵਿਖੇ ਇੱਕ ਸ਼ਰਧਾਲੂ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਕਾਰਨ ਹੰਗਾਮਾ ਖੜ੍ਹਾ ਹੋ ਗਿਆ। ਮ੍ਰਿਤਕ ਦੀ ਪਛਾਣ ਜਤਿੰਦਰ ਤਿਵਾੜੀ (54) ਵਾਸੀ ਸਮਰਾਲਾ ਵਜੋਂ ਹੋਈ ਹੈ, ਜੋ ਇੱਕ ਅਖਬਾਰ ਏਜੰਸੀ ਚਲਾਉਂਦੇ ਸਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੌਤ ਨੂੰ ਲੈ ਕੇ ਰੇਕੀ ਸੈਂਟਰ (Raiki Center) ਪ੍ਰਬੰਧਕਾਂ 'ਤੇ ਇਲਾਜ ਵਿੱਚ ਦੇਰੀ ਅਤੇ ਸਬੂਤ ਛੁਪਾਉਣ ਦੇ ਦੋਸ਼ ਲਗਾਏ ਹਨ।
ਜਤਿੰਦਰ ਦੇ ਪੁੱਤਰ ਪੰਕਜ ਤਿਵਾੜੀ ਨੇ ਕਿਹਾ ਕਿ ਉਸਦੇ ਪਿਤਾ ਐਤਵਾਰ ਸਵੇਰੇ 9 ਵਜੇ ਸਕੂਟਰੀ ਖੁਦ ਚਲਾ ਕੇ ਰੇਕੀ ਸੈਂਟਰ ਕਲਾਸ ਲਗਾਉਣ ਗਏ ਸਨ। ਦੁਪਹਿਰ 1 ਵਜੇ ਦੇ ਕਰੀਬ ਉਹਨਾਂ ਨੂੰ ਫ਼ੋਨ ਆਇਆ ਕਿ ਉਸਦੇ ਪਿਤਾ ਦੀ ਤਬੀਅਤ ਵਿਗੜ ਗਈ ਹੈ। ਜਦੋਂ ਉਹ ਆਪਣੇ ਚਾਚਾ ਨੂੰ ਨਾਲ ਲੈ ਕੇ ਕਰੀਬ ਪੌਣੇ 2 ਵਜੇ ਰੇਕੀ ਸੈਂਟਰ ਪਹੁੰਚੇ ਤਾਂ ਉਦੋਂ ਤੱਕ ਉਸਦੇ ਪਿਤਾ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ ਸੀ। ਉਹ ਖੁਦ ਆਪਣੇ ਪਿਤਾ ਨੂੰ ਲੈ ਕੇ ਲਿਵਾਸਾ ਹਸਪਤਾਲ ਗਿਆ, ਜਿਥੇ ਡਾਕਟਰਾਂ ਨੇ ਉਸਦੇ ਪਿਤਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਨਾਲ ਹੀ ਕਿਹਾ ਕਿ ਮੌਤ ਕਰੀਬ ਅੱਧਾ ਘੰਟਾ ਪਹਿਲਾਂ ਦੀ ਹੋਈ ਹੈ।
ਪੰਕਜ ਦਾ ਦੋਸ਼ ਹੈ ਕਿ ਮੌਤ ਦੇ ਸਮੇਂ ਰੇਕੀ ਸੈਂਟਰ ਵਿੱਚ ਲਗਭਗ 10 ਹਜ਼ਾਰ ਸ਼ਰਧਾਲੂ ਸਨ। ਫਿਰ ਵੀ ਕਿਸੇ ਨੇ ਉਨ੍ਹਾਂ ਦੇ ਪਿਤਾ ਨੂੰ ਹਸਪਤਾਲ ਨਹੀਂ ਲਿਜਾਇਆ। ਉਨ੍ਹਾਂ ਕਿਹਾ ਕਿ ਰੇਕੀ ਸੈਂਟਰ ਵਿੱਚ 300 ਤੋਂ ਵੱਧ ਸੀਸੀਟੀਵੀ ਕੈਮਰੇ ਹਨ, ਪਰ ਜਦੋਂ ਫੁਟੇਜ ਮੰਗੀ ਤਾਂ ਕਿਹਾ ਗਿਆ ਕਿ ਕੈਮਰੇ ਖਰਾਬ ਹਨ। ਸਿਰਫ਼ ਡਰੋਨ ਦੀ ਇੱਕ ਵੀਡੀਓ ਦਿੱਤੀ ਗਈ, ਜਿਸ ਵਿੱਚ ਉਸਦੇ ਪਿਤਾ ਕਲਾਸ ਵਿੱਚ ਬੈਠੇ ਦਿਖ ਰਹੇ ਸਨ। ਇਸ ਵੀਡਿਓ 'ਚ ਉਸਦੇ ਪਿਤਾ ਸਹੀ ਸਲਾਮਤ ਦਿਖਾਈ ਦੇ ਰਹੇ ਹਨ ਤੇ ਕਲਾਸ ਲਗਾ ਰਹੇ ਹਨ। ਫਿਰ ਅਚਾਨਕ ਤਬੀਅਤ ਕਿਵੇਂ ਬਿਗੜ ਗਈ। ਇਹ ਵੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਉਸਦੇ ਪਿਤਾ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਇਸ ਮਾਮਲੇ ਵਿੱਚ ਪਰਿਵਾਰ ਨੇ ਐਸਐਸਪੀ ਨੂੰ ਸ਼ਿਕਾਇਤ ਵੀ ਦਿੱਤੀ ਹੈ।
ਪੁਲਿਸ ਦਾ ਕੀ ਹੈ ਕਹਿਣਾ ?
ਦੂਜੇ ਪਾਸੇ ਥਾਣਾ ਸਿਟੀ-2 ਦੇ ਐਸਐਚਓ ਤਰਵਿੰਦਰ ਬੇਦੀ ਨੇ ਕਿਹਾ ਕਿ ਬਿਆਨ ਦਰਜ ਕਰਨ ਤੋਂ ਬਾਅਦ ਬੀਐਨਐਸਐਸ ਦੀ ਧਾਰਾ 194 (ਪਹਿਲਾਂ ਸੀਆਰਪੀਸੀ 174) ਅਧੀਨ ਕਾਰਵਾਈ ਕੀਤੀ ਗਈ ਹੈ। ਤਿੰਨ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ ਹੈ। ਪੋਸਟਮਾਰਟਮ ਰਿਪੋਰਟ ਦੇ ਨਤੀਜਿਆਂ ਦੇ ਅਧਾਰ 'ਤੇ ਅੱਗੇ ਦੀ ਕਾਰਵਾਈ ਹੋਵੇਗੀ ਅਤੇ ਕੈਮਰੇ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾਵੇਗੀ।