Sarabjit Kaur : ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣੀ ਭਾਰਤੀ ਸਿੱਖ ਮਹਿਲਾ ! ਪਾਕਿਸਤਾਨ ਗੁਰਧਾਮਾਂ ਲਈ ਗਏ ਸਿੱਖ ਜਥੇ ਚੋਂ ਫ਼ਰਾਰ ਮਹਿਲਾ ਬਾਰੇ ਵੱਡਾ ਦਾਅਵਾ

Sikh Woman Sarabjit Kaur Became Noor Hussain : ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨ ਵਿੱਚ ਧਰਮ ਤਬਦੀਲ ਕਰਕੇ ਨਿਕਾਹ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਸਬੰਧੀ ਮਸਜਿਦ ਤੋਂ ਸਰਟੀਫਿਕੇਟ ਦੀ ਕਥਿਤ ਕਾਪੀ ਵੀ ਸਾਹਮਣੇ ਆਈ ਹੈ।

By  KRISHAN KUMAR SHARMA November 14th 2025 09:30 PM -- Updated: November 14th 2025 09:48 PM

Sikh Woman Sarabjit Kaur Became Noor Hussain : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਪੰਜਾਬ ਤੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ 'ਚੋਂ ਫ਼ਰਾਰ ਮਹਿਲਾ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨ ਵਿੱਚ ਧਰਮ ਤਬਦੀਲ ਕਰਕੇ ਨਿਕਾਹ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਸਬੰਧੀ ਮਸਜਿਦ ਤੋਂ ਸਰਟੀਫਿਕੇਟ ਦੀ ਕਥਿਤ ਕਾਪੀ ਵੀ ਸਾਹਮਣੇ ਆਈ ਹੈ।

ਪਾਕਿਸਤਾਨ ਤੋਂ ਪਰਤੇ ਜਥੇ 'ਚੋਂ ਹੋ ਗਾਇਬ ਹੋ ਗਈ ਸੀ ਸਰਬਜੀਤ ਕੌਰ

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਇਕ ਔਰਤ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ ਫਰਾਰ ਹੋ ਗਈ ਸੀ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਔਰਤ ਦਾ ਨਾਂਅ ਸਰਬਜੀਤ ਕੌਰ ਵਾਸੀ ਪਿੰਡ ਅਮੈਨੀਪੁਰ, ਡਾਕਖ਼ਾਨਾ ਟਿੱਬਾ, ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ। ਭਾਰਤੀ ਇਮੀਗ੍ਰੇਸ਼ਨ ਦੇ ਰਿਕਾਰਡ ਅਨੁਸਾਰ 1932 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਗਈ ਸੀ, ਪਰ ਸ਼ੁੱਕਰਵਾਰ ਨੂੰ 10 ਦਿਨਾਂ ਬਾਅਦ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾਂ ਦੀ ਯਾਤਰਾ ਅਤੇ ਦਰਸ਼ਨ ਦੀਦਾਰੇ ਕਰਕੇ, ਜਦੋਂ ਜਥਾ ਭਾਰਤ ਪਹੁੰਚਿਆ ਤਾਂ ਸਰਬਜੀਤ ਕੌਰ, ਨਹੀਂ ਪਹੁੰਚੀ ਸੀ ਤੇ ਇਸ ਜਥੇ ਵਿਚੋਂ ਫ਼ਰਾਰ ਸੀ।

ਮਸਜਿਦ ਤੋਂ ਪ੍ਰਾਪਤ ਹੋਇਆ ਕਥਿਤ ਵਿਆਹ ਸਰਟੀਫਿਕੇਟ

ਜਾਣਕਾਰੀ ਸਾਹਮਣੇ ਆਈ ਹੈ ਕਿ ਸਰਬਜੀਤ ਕੌਰ, ਪਾਕਿਸਤਾਨ ਵਿੱਚ ਧਰਮ ਤਬਦੀਲ ਕਰਕੇ 'ਨੂਰ ਹੁਸੈਨ' ਬਣ ਗਈ ਹੈ ਅਤੇ ਕਿਸੇ ਵਿਅਕਤੀ ਨਾਲ ਨਿਕਾਹ ਕਰ ਲਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਉਕਤ ਮਹਿਲਾ ਨੇ ਆਪਣੀ ਸਹਿਮਤੀ ਦੇ ਕੇ ਮੌਲਵੀ ਕੋਲੋਂ ਨਿਕਾਹ ਪੜ੍ਹਾਇਆ, ਜੋ ਕਿ ਇਹ ਸਰਟੀਫਿਕੇਟ ਪਾਕਿਸਤਾਨ ਦੇ ਸ਼ੇਖੂਪੁਰਾ ਦੀ ਇੱਕ ਮਸਜਿਦ ਤੋਂ ਪ੍ਰਾਪਤ ਹੋਇਆ ਹੈ।


ਭਾਰਤ-ਪਾਕਿ ਏਜੰਸੀਆਂ ਕਰ ਰਹੀਆਂ ਸਨ ਮਹਿਲਾ ਦੀ ਭਾਲ

ਦੋਵੇਂ ਭਾਰਤ-ਪਾਕਿਸਤਾਨ ਦੇਸ਼ ਦੀਆਂ ਖੁਫ਼ੀਆ ਏਜੰਸੀਆਂ ਫਰਾਰ ਹੋਈ ਔਰਤ ਦੇ ਪੁਰਾਣੇ ਲਿੰਕ ਲੱਭਣ ਦੀ ਕੋਸ਼ਿਸ਼ ਵਿੱਚ ਜੁਟ ਗਈਆਂ ਸਨ, ਤਾਂ ਜੋ ਪਤਾ ਲੱਗ ਸਕੇ ਕਿ ਫਰਾਰ ਹੋਈ ਔਰਤ ਕਿਸ ਤਰ੍ਹਾਂ ਅਤੇ ਕਿਸ ਜਰੀਏ ਪਾਕਿਸਤਾਨ ਅੰਦਰ ਜਾ ਕੇ ਗਾਇਬ ਹੋਈ ਹੈ। ਦੱਸ ਦਈਏ ਕਿ ਔਰਤ ਵੱਲੋਂ ਜਥੇ ਵਿਚ ਸ਼ਾਮਿਲ ਹੋ ਕੇ ਪਾਕਿਸਤਾਨ ਜਾਣ ਸਮੇਂ ਵੀ ਪਾਕਿਸਤਾਨੀ ਇਮੀਗ੍ਰੇਸ਼ਨ ਵਿਖੇ ਜੋ ਫਾਰਮ ਭਰਿਆ ਗਿਆ ਸੀ, ਉਸ ਵਿਚ ਉਸਨੇ ਆਪਣੀ ਮੁੱਢਲੀ ਜਾਣਕਾਰੀ ਅਧੂਰੀ ਛੱਡਦਿਆਂ ਨਾਂ ਤਾਂ ਆਪਣੀ ਰਾਸ਼ਟਰੀਅਤਾ ਦਾ ਹਵਾਲਾ ਦਿੱਤਾ ਸੀ ਤੇ ਨਾ ਹੀ ਪਾਸਪੋਰਟ ਨੰਬਰ ਦਿੱਤਾ ਸੀ।

Related Post