Weather: ਕੜਾਕੇ ਦੀ ਠੰਢ ਨੇ ਠਾਰੇ ਲੋਕ, ਜਾਣੋ ਮੌਮਸ ਵਿਭਾਗ ਦੀ ਤਾਜ਼ਾ ਭਵਿੱਖਬਾਣੀ

By  Aarti January 15th 2024 09:03 AM

Punjab Weather Update: ਪੂਰਾ ਉੱਤਰ ਭਾਰਤ ਇਸ ਸਮੇਂ ਸੀਤ ਲਹਿਰ ਅਤੇ ਸੰਘਣੀ ਧੁੰਦ ਦੀ ਲਪੇਟ 'ਚ ਹੈ। ਮੌਸਮ ਵਿਭਾਗ ਨੇ ਹੁਣੇ ਹੀ ਸਖ਼ਤ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਪੰਜ ਦਿਨਾਂ ਤੱਕ ਮੌਸਮ ਠੰਢਾ ਰਹੇਗਾ। ਜਿਸ ਕਾਰਨ ਲੋਕਾਂ ਨੂੰ ਜਰੂਰੀ ਕੰਮ ਹੋਣ ’ਤੇ ਘਰੋਂ ਨਿਕਲਣ ਲਈ ਹਿਦਾਇਤ ਦਿੱਤੀ ਗਈ ਹੈ। 

ਸੰਘਣੀ ਧੁੰਦ ਕਾਰਨ ਰੇਲ ਅਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਧੁੰਦ ਕਾਰਨ ਦਿੱਲੀ ਆਉਣ ਵਾਲੀਆਂ ਜਾਂ ਦਿੱਲੀ ਤੋਂ ਉਡਾਣ ਭਰਨ ਵਾਲੀਆਂ ਇਕ ਦਰਜਨ ਫਲਾਈਟਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਘੱਟੋ-ਘੱਟ ਦੋ ਦਰਜਨ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

ਜੇਕਰ ਰਾਜਪੁਰਾ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਨਾਲੋਂ ਵੀ ਅੱਜ ਸੰਘਣੀ ਧੁੰਦ ਪੈ ਰਹੀ ਹੈ। ਕਾਰਾਂ ਬੱਸਾਂ ਦੀ ਸਪੀਟ ਘੱਟ ਗਈ ਹੈ ਅਤੇ ਲਾਈਟਾਂ ਜਗਾ ਕੇ ਚੱਲ ਰਹੇ ਹਨ ਅਤੇ ਦੂਜੇ ਪਾਸੇ ਰੋਜਾਨਾ ਦੁੱਧ ਦਾ ਕਾਰੋਬਾਰ ਕਰਨ ਵਾਲੇ ਦੋਧੀ ਸੰਘਣੀ ਧੁੰਦ ਵਿੱਚ ਕਈ ਕਿਲੋਮੀਟਰ ਦੁੱਧ ਲੈ ਕੇ ਸ਼ਹਿਰ ਵਿਚ ਆਉਂਦੇ ਹਨ। ਸੰਘਣੀ ਧੁੰਦ ਕਾਰਨ ਉਨ੍ਹਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ 16 ਜਨਵਰੀ ਤੋਂ ਪਹਾੜੀ ਇਲਾਕਿਆਂ 'ਚ ਦਸਤਕ ਦੇਵੇਗੀ। ਹਿਮਾਚਲ, ਉੱਤਰਾਖੰਡ 'ਚ 17 ਜਨਵਰੀ ਤੋਂ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ, ਸਿੱਕਮ ਵਿੱਚ 16 ਤੋਂ 18 ਜਨਵਰੀ ਤੱਕ ਹਲਕੀ ਬਾਰਿਸ਼ ਹੋ ਸਕਦੀ ਹੈ। ਜਦੋਂ ਕਿ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਹਿਮਾਚਲ, ਉਤਰਾਖੰਡ, ਰਾਜਸਥਾਨ ਅਤੇ ਹੋਰ ਕਈ ਰਾਜਾਂ ਵਿੱਚ 16 ਜਨਵਰੀ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਸੋਮਵਾਰ ਨੂੰ ਵੀ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ। ਸੀਤ ਲਹਿਰ ਦੋਹਰਾ ਹਮਲਾ ਕਰ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਚਾਰ-ਪੰਜ ਦਿਨਾਂ ਤੱਕ ਧੁੰਦ ਅਤੇ ਠੰਢ ਤੋਂ ਕੋਈ ਰਾਹਤ ਨਹੀਂ ਮਿਲੇਗੀ। ਹਾਲਾਂਕਿ, ਕੁਝ ਥਾਵਾਂ 'ਤੇ ਵਿਚਕਾਰ ਧੁੱਪ ਦੇਖੀ ਜਾ ਸਕਦੀ ਹੈ। ਉੱਤਰੀ-ਪੱਛਮੀ ਭਾਰਤ ਵਿੱਚ ਅਗਲੇ ਤਿੰਨ ਦਿਨਾਂ ਤੱਕ ਤੇਜ਼ ਸੀਤ ਲਹਿਰ ਦੀ ਚੇਤਾਵਨੀ ਦਿੱਤੀ ਗਈ ਹੈ। ਅਗਲੇ ਹਫਤੇ ਹੀ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਨਹੀਂ ਰਹੇ ਮਸ਼ਹੂਰ ਸ਼ਾਇਰ ਮੁਨੱਵਰ ਰਾਣਾ, ਵਿਵਾਦਾਂ ਨਾਲ ਰਹੀ ਮੁਨੱਵਰ ਦੀ ਪੁਰਾਣੀ ਸਾਂਝ

Related Post