ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਕੇ ਪਾਕਿਸਤਾਨ ਤੋਂ ਪਰਤਿਆ ਸਿੱਖ ਸ਼ਰਧਾਲੂਆਂ ਦਾ ਜਥਾ, SGPC ਨੇ ਕੀਤੇ ਵਿਸ਼ੇਸ਼ ਪ੍ਰਬੰਧ

Sri Guru Arjan Dev JI : ਜੱਥੇ ਦੀ ਵਾਪਸੀ ਮੌਕੇ ਅਟਾਰੀ ਸਰਹੱਦ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸ਼ਰਧਾਲੂਆਂ ਲਈ ਲੰਗਰ-ਪਾਣੀ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਅੰਮ੍ਰਿਤਸਰ ਤੱਕ ਲਿਆਉਣ ਲਈ ਵਿਸ਼ੇਸ਼ ਬੱਸਾਂ ਵੀ ਮੁਹੱਈਆ ਕਰਵਾਈਆਂ ਗਈਆਂ।

By  KRISHAN KUMAR SHARMA June 19th 2026 02:51 PM -- Updated: June 19th 2026 03:20 PM

Sri Guru Arjan Dev JI : ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਅਤੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ 10 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਰਵਾਨਾ ਕੀਤਾ ਗਿਆ ਸ਼ਰਧਾਲੂਆਂ ਦਾ ਜਥਾ ਸ਼ੁੱਕਰਵਾਰ ਨੂੰ ਅਟਾਰੀ-ਵਾਘਾ ਸਰਹੱਦ ਰਾਹੀਂ ਭਾਰਤ ਵਾਪਸ ਪਰਤ ਆਇਆ।  518 ਸ਼ਰਧਾਲੂਆਂ ਦੇ ਇਸ ਜਥੇ ਨੇ ਪਾਕਿਸਤਾਨ ਵਿੱਚ ਸਥਿਤ ਵੱਖ-ਵੱਖ ਗੁਰਧਾਮਾਂ ਵਿੱਚ ਮੱਥਾ ਟੇਕਿਆ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ।

ਭਾਰਤ ਵਾਪਸ ਪਰਤਣ ਤੋਂ ਬਾਅਦ ਸ਼ਰਧਾਲੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਕਿਸਤਾਨ ਸਰਕਾਰ ਅਤੇ ਉੱਥੋਂ ਦੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਲਈ ਬਹੁਤ ਵਧੀਆ ਅਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਗੁਰਧਾਮਾਂ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਅਪਾਰ ਸ਼ਾਂਤੀ ਅਤੇ ਖੁਸ਼ੀ ਦੀ ਪ੍ਰਾਪਤੀ ਹੋਈ। ਕਈ ਸ਼ਰਧਾਲੂ ਅਜਿਹੇ ਵੀ ਸਨ ਜੋ ਪਹਿਲੀ ਵਾਰ ਪਾਕਿਸਤਾਨ ਸਥਿਤ ਆਪਣੇ ਗੁਰੂਆਂ ਦੀ ਪਾਵਨ ਧਰਤੀ ’ਤੇ ਪਹੁੰਚੇ ਸਨ।

ਜੰਡਿਆਲਾ ਗੁਰੂ ਦੀ ਵਸਨੀਕ ਸ਼ਰਧਾਲੂ ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਡੇਰਾ ਸਾਹਿਬ ਸਮੇਤ ਕਈ ਪਵਿੱਤਰ ਅਸਥਾਨਾਂ ਦੇ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਉੱਥੋਂ ਦੇ ਲੋਕਾਂ ਨੇ ਬਹੁਤ ਸਤਿਕਾਰ ਅਤੇ ਪਿਆਰ ਦਿੱਤਾ। ਉਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕ ਪਿਆਰ ਅਤੇ ਭਾਈਚਾਰੇ ਨਾਲ ਰਹਿਣ।

ਤਰਨ ਤਾਰਨ ਤੋਂ ਗਏ ਸ਼ਰਧਾਲੂਆਂ ਨੇ ਦੱਸਿਆ ਕਿ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਆਤਮਿਕ ਅਨੰਦ ਦੀ ਅਨੁਭੂਤੀ ਹੋਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਹਰ ਥਾਂ ਸਤਿਕਾਰ ਦਿੱਤਾ ਗਿਆ।

ਸ਼ਰਧਾਲੂ ਗੁਰਮੁਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਰੋੜੀ ਸਾਹਿਬ, ਸੱਚਾ ਸੌਦਾ ਅਤੇ ਕਰਤਾਰਪੁਰ ਸਾਹਿਬ ਸਮੇਤ ਕਈ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਰਹਿਣ, ਖਾਣ-ਪੀਣ, ਪਾਣੀ ਅਤੇ ਸੁਰੱਖਿਆ ਸਮੇਤ ਸਾਰੀਆਂ ਸਹੂਲਤਾਂ ਤਸੱਲੀਬਖ਼ਸ਼ ਸਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭਵਿੱਖ ਵਿੱਚ ਸ਼ਰਧਾਲੂਆਂ ਲਈ ਧਾਰਮਿਕ ਯਾਤਰਾਵਾਂ ਨੂੰ ਹੋਰ ਆਸਾਨ ਬਣਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੇ ਗੁਰੂਆਂ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰ ਸਕਣ।

ਬਟਾਲਾ ਦੇ ਵਸਨੀਕ ਸ਼ਰਧਾਲੂ ਭੂਪਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿੱਚ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਵਪਾਰ ਅਤੇ ਆਪਸੀ ਸਬੰਧ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੇ ਦੋਵੇਂ ਹਿੱਸਿਆਂ ਦੀ ਖੁਸ਼ਹਾਲੀ ਵਿੱਚ ਵਾਧਾ ਹੋਵੇਗਾ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਕੁਝ ਥਾਵਾਂ ’ਤੇ ਬਾਜ਼ਾਰਾਂ ਵਿੱਚ ਘੁੰਮਣ ਦੀ ਇਜਾਜ਼ਤ ਮਿਲਣ ਵਿੱਚ ਦੇਰੀ ਹੋਈ, ਪਰ ਕੁੱਲ ਮਿਲਾ ਕੇ ਇਹ ਯਾਤਰਾ ਬਹੁਤ ਸੁਖਦ ਅਤੇ ਯਾਦਗਾਰ ਰਹੀ।

ਸ਼ਰਧਾਲੂਆਂ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਾਕਿਸਤਾਨ ਵਿੱਚ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਅਤੇ ਗੁਰਧਾਮਾਂ ਦੇ ਦਰਸ਼ਨ ਕਰਕੇ ਉਨ੍ਹਾਂ ਦੀ ਸਾਲਾਂ ਪੁਰਾਣੀ ਅਰਦਾਸ ਪੂਰੀ ਹੋਈ ਹੈ। ਭਾਰਤ ਵਾਪਸੀ ਸਮੇਂ ਅਟਾਰੀ ਸਰਹੱਦ ’ਤੇ “ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਜੈਕਾਰਿਆਂ ਨਾਲ ਸਾਰਾ ਮਾਹੌਲ ਗੂੰਜ ਉੱਠਿਆ।

Related Post