ਸ਼੍ਰੋਮਣੀ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਦੇ ਅਹੁਦੇ ਤੋਂ ਕੀਤਾ ਗਿਆ ਰਿਟਾਇਰ

Giani Raghbir Singh Retire : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸ਼੍ਰੋਮਣੀ ਕਮੇਟੀ ਦੀ ਵੀਰਵਾਰ ਹੋਈ ਅੰਤਰਿਮ ਕਮੇਟੀ ਦੀ ਮੀਟਿੰਗ ਉਪਰੰਤ ਗਿਆਨੀ ਰਘਬੀਰ ਸਿੰਘ ਨੂੰ ਹੈਡ ਗ੍ਰੰਥੀ ਦੇ ਅਹੁਦੇ ਤੋਂ ਰਿਟਾਇਰ ਕਰ ਦਿੱਤਾ ਗਿਆ ਹੈ।

By  KRISHAN KUMAR SHARMA February 26th 2026 04:12 PM -- Updated: February 26th 2026 04:38 PM

Giani Raghbir Singh Retire : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ (Sri Harimandir Sahib Head Granthi) ਰਘਬੀਰ ਸਿੰਘ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸ਼੍ਰੋਮਣੀ ਕਮੇਟੀ ਦੀ ਵੀਰਵਾਰ ਹੋਈ ਅੰਤਰਿਮ ਕਮੇਟੀ ਦੀ ਮੀਟਿੰਗ ਉਪਰੰਤ ਗਿਆਨੀ ਰਘਬੀਰ ਸਿੰਘ ਨੂੰ ਹੈਡ ਗ੍ਰੰਥੀ ਦੇ ਅਹੁਦੇ ਤੋਂ ਰਿਟਾਇਰ ਕਰ ਦਿੱਤਾ ਗਿਆ ਹੈ।

ਐਡਵੋਕੇਟ ਧਾਮੀ ਨੇ ਦੱਸਿਆ ਕਿਉਂ ਕੀਤਾ ਗਿਆ ਸੇਵਾਮੁਕਤ ?

ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Adv Harjinder Singh Dhami) ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅਹੁਦੇ ਤੋਂ ਰਿਟਾਇਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗਿਆਨੀ ਰਘਬੀਰ ਸਿੰਘ ਨੇ ਪਿਛਲੇ ਦਿਨਾਂ ਦੌਰਾਨ ਸ਼੍ਰੋਮਣੀ ਕਮੇਟੀ 'ਤੇ ਕਈ ਇਲਜ਼ਾਮ ਲਾਉਂਦਿਆਂ ਅਤੇ ਬਿਆਨਬਾਜ਼ੀ ਕਰਦਿਆਂ ਅਕਸ ਨੂੰ ਢਾਹ ਲਾਉਣ ਦੀ ਕਾਰਵਾਈ ਕੀਤੀ ਸੀ, ਜੋ ਕਿ ਬਿਲਕੁਲ ਨਿਰਾਧਾਰ ਸਨ। ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੂੰ ਉਨ੍ਹਾਂ ਦੇ ਇਲਜ਼ਾਮਾਂ ਲਈ ਸਬੂਤ ਪੇਸ਼ ਕਰਨ ਲਈ ਵੀ 72 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ, ਪਰ ਉਨ੍ਹਾਂ ਵੱਲੋਂ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਐਸਜੀਪੀਸੀ ਦੀ ਇੱਕ ਨੁਕਾਤੀ ਏਜੰਡੇ ਤਹਿਤ ਹੋਈ ਮੀਟਿੰਗ ਵਿੱਚ ਮਾਮਲੇ 'ਤੇ ਸਾਰੇ ਪੱਖ ਵਿਚਾਰੇ ਗਏ।

ਉਪਰੰਤ, ਸਰਵਸੰਮਤੀ ਨਾਲ ਮਤਾ ਪਾਸ ਹੋਇਆ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਢਾਹ ਲਾਈ ਗਈ ਅਤੇ 72 ਘੰਟੇ ਦੇ ਨੋਟਿਸ ਦੀ ਵੀ ਅਣਦੇਖੀ ਗਈ ਹੈ, ਜਿਸ 'ਤੇ ਅੰਤਰਿਮ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਗਿਆਨੀ ਰਘਬੀਰ ਸਿੰਘ ਨੇ ਸੰਸਥਾ ਦੇ ਅਕਸ ਨੂੰ ਢਾਹ ਲਗਾਈ ਹੈ ਅਤੇ ਆਪਣੀ ਡਿਊਟੀ ਵੀ ਨਹੀਂ ਨਿਭਾਈ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਅੱਜ ਤੋਂ ਰਿਟਾਇਰ ਕੀਤਾ ਜਾਂਦਾ ਹੈ।

ਭਵਿੱਖ 'ਚ 2 ਮੈਂਬਰੀ ਕਰੇਗੀ ਐਸਜੀਪੀਸੀ ਦੀਆਂ ਜ਼ਮੀਨਾਂ ਦੀ ਖਰੀਦ-ਵੇਚ

ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਈ ਭ੍ਰਿਸ਼ਟਾਚਾਰ ਦਾ ਅੱਡਾ ਨਹੀਂ ਹੈ ਅਤੇ ਮੈਂ ਕਦੇ ਵੀ ਕਿਸੇ ਗਲਤ ਮੁਲਾਜਮ ਦੀ ਮਦਦ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਗੁਰੂਦੁਆਰਾ ਭੱਠਾ ਸਾਹਿਬ , ਗੁਰੂਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ, ਟਾਹਲਿਆਣਾ ਸਾਹਿਬ ਆਦਿ ਗੁਰੂਦੁਆਰਾ ਸਾਹਿਬਾਨ ਲਈ ਜ਼ਮੀਨ ਖਰੀਦੀ ਗਈ ਹੈ ਅਤੇ ਭਵਿੱਖ ਭਵਿੱਖ 'ਚ ਜ਼ਮੀਨਾਂ ਖਰੀਦਣ-ਵੇਚਣ ਦਾ ਕੰਮ 2 ਮੈਂਬਰੀ ਕਮੇਟੀ ਵੇਖੇਗੀ, ਜਿਸ ਦਾ ਗਠਨ ਕੀਤਾ ਗਿਆ ਹੈ।

ਗਿਆਨੀ ਰਘਬੀਰ ਸਿੰਘ ਨੇ ਕੀ ਇਲਜ਼ਾਮ ਲਾਏ ਸਨ ? 

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਕਾਰਵਾਈ ਪਿੱਛੇ ਦੋ ਗੰਭੀਰ ਮੁੱਦਿਆਂ ਨੂੰ ਦੱਸਿਆ, ਜਿਨ੍ਹਾਂ ਵਿੱਚ ਭੱਠਾ ਸਾਹਿਬ ਅਤੇ ਗੁਰੂਦੁਆਰਾ ਅੰਬ ਸਾਹਿਬ ਦੇ ਮਾਮਲੇ ਹਨ। ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਜੋ ਵੀ ਇਸ ਸਬੰਧੀ ਲਗਾਏ ਗਏ ਦੋਸ਼ ਨਿਰਾਧਾਰ ਹਨ। ਉਨ੍ਹਾਂ ਕਿਹਾ ਕਿ ਭੱਠਾ ਸਾਹਿਬ ਦਾ ਸਾਰਾ ਰਿਕਾਰਡ ਦਰੁਸਤ ਹੈ। ਦੱਸ ਦਈਏ ਕਿ ਇਨ੍ਹਾਂ ਦੋਵਾਂ ਮਾਮਲਿਆਂ 'ਚ ਉਨ੍ਹਾਂ ਨੇ ਪਿਛਲੀ ਮੀਟਿੰਗ ਦੌਰਾਨ ਗਿਆਨੀ ਰਘਬੀਰ ਸਿੰਘ ਨੂੰ ਤਾਕੀਦ ਕੀਤੀ ਸੀ ਕਿ ਉਹ ਜਾਂ ਤਾਂ ਇਲਜ਼ਾਮਾਂ 'ਤੇ ਮੁਆਫੀ ਮੰਗਣ ਨਹੀਂ ਤਾਂ ਮੈਨੇਜਰ ਅੰਬ ਸਾਹਿਬ ਨੂੰ ਅਧਿਕਾਰ ਦਿੱਤੇ ਗਏ ਸਨ ਕਿ ਸੰਗਤ ਨੂੰ ਗੁਮਰਾਹ ਕਰਨ ਲਈ ਉਨ੍ਹਾਂ ਖਿਲਾਫ਼ ਮਾਣਹਾਨੀ ਦਾ ਦਾਅਵਾ ਕਰਨ।

Related Post