ਗੁਰੂ ਘਰ 'ਤੇ ਹਥਿਆਰਬੰਦ ਹਮਲੇ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਕਰਨਗੇ ਰੋਸ ਪ੍ਰਦਰਸ਼ਨ

By  Jasmeet Singh December 1st 2023 06:12 PM

ਅੰਮ੍ਰਿਤਸਰ: ਬੀਤੇ ਦਿਨੀਂ ਸੁਲਤਾਨਪੁਰ ਲੋਧੀ ਵਿਖੇ ਪੁੁਲਿਸ ਵੱਲੋਂ ਸਿੱਖ ਮਰਯਾਦਾ ਨੂੰ ਅੱਖੋਂ ਪਰੋਖੇ ਕਰਕੇ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬਾਨ ਅੰਦਰ ਦਾਖ਼ਲ ਹੋਣ ਅਤੇ ਗੋਲੀ ਚਲਾਉਣ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਂਝੇ ਤੌਰ ’ਤੇ 3 ਦਸੰਬਰ 2023 ਤੋਂ ਧਰਨਾ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। 

ਕੀਤੇ ਜਾਣ ਵਾਲੇ ਇਸ ਪ੍ਰਦਰਸ਼ਨ ਵਿਚ ਰੋਜ਼ਾਨਾ ਸ਼੍ਰੋਮਣੀ ਕਮੇਟੀ ਦੇ ਇਕ ਹਲਕੇ ਤੋਂ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਇਕੱਠੇ ਅਗਵਾਈ ਕਰਨਗੇ। 

ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਛਾਉਣੀ ਨਿਹੰਗ ਸਿੰਘਾਂ ਦੇ ਮਾਮਲੇ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਸੀ, ਪਰੰਤੂ ਸਰਕਾਰ ਇਸ ਵਿਚ ਨਾਕਾਮਯਾਬ ਰਹੀ। 

ਉਨ੍ਹਾਂ ਕਿਹਾ ਕਿ ਇਸ ਦੇ ਉਲਟ ਸਰਕਾਰ ਨੇ ਗੁਰੂ ਘਰ ਅੰਦਰ ਮਰਯਾਦਾ ਦੀ ਉਲੰਘਣਾ ਕਰਦਿਆਂ ਗੋਲੀ ਚਲਾਉਣ ਦੇ ਆਦੇਸ਼ ਦਿੱਤੇ, ਜਿਸ ਦੇ ਜੁੰਮੇਵਾਰ ਸਿੱਧੇ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਹਨ ਕਿਉਂਕਿ ਗ੍ਰਹਿ ਵਿਭਾਗ ਉਨ੍ਹਾਂ ਪਾਸ ਹੈ। 

ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਕਾਰਵਾਈ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ। ਕਾਫੀ ਸਮਾਂ ਬੀਤ ਜਾਣ ਮਗਰੋਂ ਵੀ ਇਸ ਮਾਮਲੇ ਨੂੰ ਲੈ ਕੇ ਸਰਕਾਰ ਦੀ ਚੁੱਪੀ ਕਈ ਸਵਾਲ ਪੈਦਾ ਕਰਦੀ ਹੈ। ਦੋਸ਼ੀ ਅਧਿਕਾਰੀਆਂ ’ਤੇ ਸਰਕਾਰ ਵੱਲੋਂ ਕਿਸੇ ਕਿਸਮ ਦੀ ਕਾਰਵਾਈ ਨਾ ਕਰਨਾ ਸੰਗਤਾਂ ਅੰਦਰ ਰੋਸ ਅਤੇ ਰੋਹ ਪੈਦਾ ਕਰ ਰਿਹਾ ਹੈ। 

ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ 3 ਦਸੰਬਰ 2023 ਨੂੰ ਧਰਨਾ ਪ੍ਰਦਰਸ਼ਨ ਆਰੰਭਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਰੋਜ਼ਾਨਾ ਇਕ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਸੰਗਤ ਦੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਵਿਖੇ ਧਰਨਾ ਲਗਾਏਗਾ।

ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਗੁ. ਅਕਾਲ ਬੁੰਗਾ ਸਾਹਿਬ ਤੇ ਹਥਿਆਰਬੰਦ ਹਮਲੇ ਦੀ CBI ਜਾਂਚ ਦੀ ਮੰਗ

Related Post