ਵਿਜੀਲੈਂਸ ਬਿਉਰੋ ਵੱਲੋਂ ਐਸਐਚਓ ਰਿਸ਼ਵਤਖੋਰੀ ਦੇ ਕੇਸ 'ਚ ਕਾਬੂ

By  Ravinder Singh November 14th 2022 06:40 PM -- Updated: November 14th 2022 06:43 PM

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਥਾਣਾ ਕੁਲਗੜ੍ਹੀ, ਜ਼ਿਲ੍ਹਾ ਫਿਰੋਜਪੁਰ ਵਿਖੇ ਤਾਇਨਾਤ ਐਸ.ਐਚ.ਓ ਰੁਪਿੰਦਰਪਾਲ ਸਿੰਘ ਨੂੰ ਰਿਸ਼ਵਤਖੋਰੀ ਦੇ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਗਗਨਦੀਪ ਸਿੰਘ ਵਾਸੀ ਪਿੰਡ ਕਾਸੂ ਬੇਗ, ਜ਼ਿਲਾ ਫਿਰੋਜਪੁਰ ਨੇ ਬਿਉਰੋ ਨੂੰ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉਤੇ ਉਕਤ ਥਾਣੇਦਾਰ ਰੁਪਿੰਦਰਪਾਲ ਸਿੰਘ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੀ ਪੜਤਾਲ ਦੇ ਆਧਾਰ ਉਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।


 ਉਨ੍ਹਾਂ ਨੇ ਦੱਸਿਆ ਕਿ ਇਸ ਸ਼ਿਕਾਇਤ ਤੇ ਸਬੂਤਾਂ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਉਕਤ ਪਿੰਡ ਦੇ ਵਾਸੀ ਮੇਜਰ ਸਿੰਘ ਅਤੇ ਉਸਦੇ ਬੇਟੇ ਖ਼ਿਲਾਫ਼ ਥਾਣਾ ਗੁਲਗੜ੍ਹੀ 'ਚ ਦਰਜ ਇਕ ਮੁਕੱਦਮੇ ਦੀ ਤਫਤੀਸ਼ ਉਕਤ ਮੁਲਜ਼ਮ ਐਸ.ਐਚ.ਓ ਵੱਲੋਂ ਕੀਤੀ ਜਾ ਰਹੀ ਸੀ ਤੇ ਉਸ ਨੇ ਇਸ ਮੁਕੱਦਮੇ ਵਿਚ ਉਨ੍ਹਾਂ ਦੀ ਮਦਦ ਕਰਨ ਉਤੇ ਪੁਲਿਸ ਕੇਸ ਨਾ ਦਰਜ ਕਰਨ ਬਦਲੇ 80,000 ਰੁਪਏ ਦੀ ਮੰਗ ਕੀਤੀ ਹੈ ਜਦਕਿ ਉਕਤ ਪੁਲਿਸ ਅਧਿਕਾਰੀ ਸ਼ਿਕਾਇਤਕਰਤਾ ਤੋਂ 70,000 ਰੁਪਏ ਰਿਸ਼ਵਤ ਵਜੋਂ ਪਹਿਲਾਂ ਹੀ ਲੈ ਚੁੱਕਾ ਹੈ।

ਇਹ ਵੀ ਪੜ੍ਹੋ : ਜਿਮ ਤੇ ਹੈਲਥ ਕਲੱਬਾਂ 'ਚ ਦਿੱਤੇ ਜਾਂਦੇ ਸਪਲੀਮੈਂਟਸ 'ਤੇ HC ਸਖ਼ਤ, ਪੰਜਾਬ ਸਰਕਾਰ ਤੋਂ ਜਾਂਚ ਰਿਪੋਰਟ ਤਲਬ

ਜਾਂਚ ਦੌਰਾਨ ਇਹ ਦੋਸ਼ ਸਹੀ ਪਾਏ ਜਾਣ ਉਤੇ ਉਕਤ ਪੁਲਿਸ ਮੁਲਾਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Related Post