ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਸ਼ਡਿਊਲ ਚ ਤਬਦੀਲੀ, ਜਾਣੋ ਕਿੰਨੇ ਸ਼ਰਧਾਲੂਆਂ ਨੂੰ ਮਿਲਿਆ ਵੀਜ਼ਾ ?

Vaisakhi 2026 : ਪਹਿਲਾਂ ਇਹ ਜਥਾ 12 ਅਪ੍ਰੈਲ ਨੂੰ ਰਵਾਨਾ ਹੋ ਕੇ 21 ਅਪ੍ਰੈਲ ਨੂੰ ਵਾਪਸ ਆਉਣਾ ਸੀ, ਪਰ ਹੁਣ ਨਵੇਂ ਸ਼ਡਿਊਲ ਅਨੁਸਾਰ ਸ਼ਰਧਾਲੂ 10 ਅਪ੍ਰੈਲ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ ਅਤੇ 19 ਅਪ੍ਰੈਲ ਨੂੰ ਵਤਨ ਵਾਪਸੀ ਕਰਨਗੇ।

By  KRISHAN KUMAR SHARMA April 5th 2026 10:30 AM -- Updated: April 5th 2026 10:34 AM

Vaisakhi 2026 : ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਮੌਕੇ ਪਾਕਿਸਤਾਨ (Pakistan Gurdwara) ਸਥਿਤ ਗੁਰਧਾਮਾਂ ਦੇ ਦਰਸ਼ਨ-ਦੀਦਾਰ ਕਰਨ ਲਈ ਜਾਣ ਵਾਲੇ ਜਥੇ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਵਿਸਾਖੀ ਜਥੇ ਦੇ ਸ਼ਡਿਊਲ ਵਿੱਚ ਕੁਝ ਬਦਲਾਅ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ, ਪਹਿਲਾਂ ਇਹ ਜਥਾ 12 ਅਪ੍ਰੈਲ ਨੂੰ ਰਵਾਨਾ ਹੋ ਕੇ 21 ਅਪ੍ਰੈਲ ਨੂੰ ਵਾਪਸ ਆਉਣਾ ਸੀ, ਪਰ ਹੁਣ ਨਵੇਂ ਸ਼ਡਿਊਲ ਅਨੁਸਾਰ ਸ਼ਰਧਾਲੂ 10 ਅਪ੍ਰੈਲ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ ਅਤੇ 19 ਅਪ੍ਰੈਲ ਨੂੰ ਵਤਨ ਵਾਪਸੀ ਕਰਨਗੇ। ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਯਾਤਰਾ ਲਈ 1860 ਪਾਸਪੋਰਟ ਭੇਜੇ ਗਏ ਹਨ ਅਤੇ ਉਮੀਦ ਹੈ ਕਿ ਲਗਭਗ 1800 ਸ਼ਰਧਾਲੂਆਂ ਨੂੰ ਵੀਜ਼ਾ ਮਿਲੇਗਾ।

ਬੀਬੀਆਂ ਦੇ ਜਾਣ 'ਤੇ ਨਹੀਂ ਲਗਾਈ ਗਈ ਕੋਈ ਪਾਬੰਦੀ

ਉਨ੍ਹਾਂ ਕਿਹਾ ਕਿ 1947 ਦੀ ਵੰਡ ਵੇਲੇ ਜਿਹੜੇ ਗੁਰੂ ਘਰ ਪਾਕਿਸਤਾਨ ਵਿੱਚ ਰਹਿ ਗਏ ਸਨ, ਉਨ੍ਹਾਂ ਦੇ ਦਰਸ਼ਨਾਂ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਯਾਤਰਾ ਦੌਰਾਨ ਇਕੱਲੀਆਂ ਬੀਬੀਆਂ ਦੇ ਜਾਣ 'ਤੇ ਲਗਾਈ ਗਈ ਕਥਿਤ ਪਾਬੰਦੀ ਬਾਰੇ ਫੈਲੀਆਂ ਅਫਵਾਹਾਂ ਨੂੰ ਨਕਾਰਦਿਆਂ ਮੁੱਖ ਸਕੱਤਰ ਨੇ ਸਥਿਤੀ ਸਪੱਸ਼ਟ ਕੀਤੀ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਵੱਲੋਂ ਅਜਿਹਾ ਕੋਈ ਮਤਾ ਪਾਸ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਅਧਿਕਾਰਤ ਪਾਬੰਦੀ ਲਗਾਈ ਗਈ ਹੈ। ਹਰ ਮਾਈ-ਭਾਈ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਸੁਤੰਤਰ ਹੈ। ਹਾਲਾਂਕਿ, ਉਨ੍ਹਾਂ ਨੇ ਭਾਈਚਾਰਕ ਸਾਂਝ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਸੁਝਾਅ ਦਿੱਤਾ ਕਿ ਜੇਕਰ ਬੀਬੀਆਂ ਆਪਣੇ ਨਾਲ ਕਿਸੇ ਪਰਿਵਾਰਕ ਮੈਂਬਰ (ਭਰਾ, ਪੁੱਤਰ ਜਾਂ ਕਿਸੇ ਹੋਰ ਮਹਿਲਾ ਸਾਥੀ) ਨੂੰ ਲੈ ਕੇ ਜਾਣ ਤਾਂ ਸਫ਼ਰ ਦੌਰਾਨ ਦੇਖਭਾਲ ਕਰਨੀ ਸੌਖੀ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਜਥੇ ਵਿੱਚ ਇਕੱਠੇ ਜਾਣ ਦਾ ਇੱਕ ਵੱਖਰਾ ਆਨੰਦ ਅਤੇ ਸਕੂਨ ਹੁੰਦਾ ਹੈ ਅਤੇ ਸਫ਼ਰ ਦੌਰਾਨ ਕਿਸੇ ਵੀ ਲੋੜ ਵੇਲੇ ਇੱਕ-ਦੂਜੇ ਦੀ ਮਦਦ ਕੀਤੀ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਦਾ ਮੁੱਖ ਕਰਤੱਵ ਸ਼ਰਧਾਲੂਆਂ ਦੀ ਸਹੂਲਤ ਅਤੇ ਉਨ੍ਹਾਂ ਦੀ ਸੁਚੱਜੀ ਦੇਖਭਾਲ ਕਰਨਾ ਹੈ।

Related Post