Amritsar : ਰਾਜਾਸਾਂਸੀ 'ਚ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕਾਇਤ ਕਰਨਾ ਦੋ ਪਰਿਵਾਰਾਂ ਨੂੰ ਪਿਆ ਭਾਰੀ ! ਦਬੰਗਾਂ ਨੇ ਘਰਾਂ ਨੂੰ ਲਾਈ ਅੱਗ
Amritsar News : ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕੜਿਆਲ ਵਿੱਚ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਕਰਨਾ ਦੋ ਪਰਿਵਾਰਾਂ ਨੂੰ ਉਸ ਸਮੇਂ ਭਾਰੀ ਪੈ ਗਿਆ, ਜਦੋਂ ਪਿੰਡ ਦੇ ਕੁਝ ਦਬੰਗ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਦੋਵਾਂ ਭਰਾਵਾਂ ਦੇ ਘਰਾਂ ’ਤੇ ਹਮਲਾ ਕਰਕੇ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਕੇ ਵੱਡੇ ਪੱਧਰ ’ਤੇ ਸਾੜਫੂਕ ਕੀਤੀ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਘਰਾਂ ’ਤੇ ਦੋ ਵਾਰ ਹਮਲੇ ਕੀਤੇ ਜਾ ਚੁੱਕੇ ਹਨ। ਪਰਿਵਾਰ ਦਾ ਦੋਸ਼ ਹੈ ਕਿ ਇਸ ਵਾਰ ਐੱਸਐੱਸਪੀ ਨੂੰ ਦਿੱਤੀ ਗਈ ਦਰਖ਼ਾਸਤ ਤੋਂ ਬਾਅਦ ਕੁਝ ਦਬੰਗ ਵਿਅਕਤੀਆਂ ਦਾ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਨੇ ਦੋਵਾਂ ਭਰਾਵਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ।
ਹਮਲੇ ਸਮੇਂ ਘਰ 'ਚ ਰੋਟੀ ਬਣਾ ਰਹੀਆਂ ਸਨ ਔਰਤਾਂ
ਪੀੜਤ ਪਰਿਵਾਰ ਦੀਆਂ ਮਹਿਲਾਵਾਂ ਨੇ ਦੱਸਿਆ ਕਿ ਘਟਨਾ ਸਮੇਂ ਉਹ ਘਰ ਵਿੱਚ ਸ਼ਾਮ ਦੀ ਰੋਟੀ ਬਣਾ ਰਹੀਆਂ ਸਨ। ਇਸੇ ਦੌਰਾਨ ਹਮਲਾਵਰਾਂ ਨੇ ਕਥਿਤ ਤੌਰ ’ਤੇ ਘਰ ਵਿੱਚ ਦਾਖ਼ਲ ਹੋ ਕੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਸਾੜ-ਫੂਕ ਕੀਤੀ। ਮਹਿਲਾਵਾਂ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਘਰ ਵਿੱਚ ਪਿਆ ਸਾਮਾਨ ਤਬਾਹ ਕਰ ਦਿੱਤਾ ਅਤੇ ਕਾਫ਼ੀ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਅਜੇ ਕੁਝ ਸਮਾਨ ਘਰੋਂ ਚੋਰੀ ਕਰਕੇ ਵੀ ਲੈ ਗਏ ।
ਇਹ ਵੀ ਪੜ੍ਹੋ...Heart Attack : ਪੰਜਾਬ ਦੇ ਇਸ ਪਿੰਡ 'ਚ ਇੱਕੋ ਦਿਨ 4 ਵਿਅਕਤੀਆਂ ਨੂੰ ਪਿਆ ਦਿਲ ਦਾ ਦੌਰਾ, ਪਿੰਡ 'ਚ ਸੋਗ ਦਾ ਮਾਹੌਲ ਛਾਇਆ
ਪੀੜਤ ਪਰਿਵਾਰ ਨੇ ਪੁਲਿਸ ਤੋਂ ਮੰਗਿਆ ਇਨਸਾਫ਼
ਘਟਨਾ ਤੋਂ ਬਾਅਦ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਨਾਲ ਲਗਾਤਾਰ ਧੱਕਾ ਹੋ ਰਿਹਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਮਾਲੀ ਮਦਦ ਦੇਣ ਦੀ ਵੀ ਮੰਗ ਕੀਤੀ ਹੈ।
ਪੁਲਿਸ ਨੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਭਰਾਵਾਂ ਦੇ ਘਰਾਂ ਨੂੰ ਅੱਗ ਲਗਾਉਣ ਸਬੰਧੀ ਸ਼ਿਕਾਇਤ ਉਨ੍ਹਾਂ ਕੋਲ ਪ੍ਰਾਪਤ ਹੋਈ ਸੀ। ਇਸ ਤੋਂ ਬਾਅਦ ਪੁਲਿਸ ਨੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਧਿਕਾਰੀ ਅਨੁਸਾਰ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਦਰਖ਼ਾਸਤਾਂ ਦਿੱਤੀਆਂ ਗਈਆਂ ਸਨ ਅਤੇ ਕਿਸੇ ਮਾਮੂਲੀ ਵਿਵਾਦ ਤੋਂ ਬਾਅਦ ਇਹ ਹਿੰਸਾ ਭੜਕ ਗਈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ..FBI ਨੇ ਭਾਰਤੀ ਮੂਲ ਦੇ ਮਨਜੀਤ ਬੇਦੀ ਨੂੰ Most Wanted ਸੂਚੀ 'ਚ ਕੀਤਾ ਸ਼ਾਮਲ, $150,000 ਲੱਖ ਡਾਲਰ ਦਾ ਰੱਖਿਆ ਇਨਾਮ
- PTC NEWS